ਦਿੱਲੀ : ਕਿਸਾਨ ਅੰਦੋਲਨ ਦੌਰਾਨ ਰਹਿੰਦੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਦੇ ਲਈ ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਦਾ ਰੁਖ ਕੀਤਾ ਹੈ। ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚੋਂ ਹਜ਼ਾਰਾਂ ਕਿਸਾਨਾਂ ਨੇ ਅੱਜ ਇੱਥੇ ਰਾਮਲੀਲਾ ਮੈਦਾਨ ਵਿੱਖੇ ‘ਕਿਸਾਨ ਮਹਾਪੰਚਾਇਤ’ ਵਿਚ ਸ਼ਿਰਕਤ ਕੀਤੀ ਹੈ ਤਾਂ ਜੋ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਨੂੰਨੀ ਗਾਰੰਟੀ ਲਈ ਸਰਕਾਰ ‘ਤੇ ਦਬਾਅ ਪਾਇਆ ਜਾ ਸਕੇ।
ਕਿਸਾਨਾਂ ਦੇ ਇਸ ਇਕੱਠ ਦੇ ਮੱਦੇਨਜ਼ਰ ਇੱਥੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਤੇ ਦਿੱਲੀ ਪੁਲੀਸ ਦੇ 2,000 ਤੋਂ ਵੱਧ ਸੁਰੱਖਿਆ ਕਰਮਚਾਰੀ ਰਾਮ ਲੀਲਾ ਮੈਦਾਨ ਵਿੱਚ ਤਾਇਨਾਤ ਕੀਤੇ ਗਏ।ਇਸ ਕਿਸਾਨ ਮਹਾਪੰਚਾਇਤ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ, ਸਮਾਜ ਸੇਵੀ ਮੇਧਾ ਪਾਟੇਕਾਰ ਤੇ ਯੂਪੀ ਤੇ ਦੱਖਣੀ ਰਾਜਾਂ ਤੋਂ ਕਿਸਾਨ ਨੇਤਾ ਤੇ ਚਿੰਤਕ ਇਥੇ ਪਹੁੰਚੇ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਜਾਰੀ ਬਿਆਨ ‘ਚ ਕਿਹਾ ਹੈ ਕਿ ਐੱਮਐੱਸਪੀ ’ਤੇ ਕਾਨੂੰਨੀ ਗਾਰੰਟੀ ਲਈ ਸਰਕਾਰ ‘ਤੇ ਦਬਾਅ ਪਾਉਣ ਦੇ ਉਦੇਸ਼ ਨਾਲ ਕਿਸਾਨ ਮਹਾਪੰਚਾਇਤ ਕੀਤੀ ਗਈ ਹੈ। ਜੇਕਰ ਸਰਕਾਰ ਨੇ ਐੱਮਐੱਸਪੀ, ਕਰਜ਼ਾ ਮੁਆਫ਼ੀ ਅਤੇ ਪੈਨਸ਼ਨ ਸਮੇਤ ਆਪਣੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਤਾਂ ਉਹ ਇੱਕ ਹੋਰ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।
ਕਿਸਾਨ ਆਗੂ ਦਰਸ਼ਨ ਪਾਲ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਐੱਸਕੇਐੱਮ ਦੇ 15 ਮੈਂਬਰੀ ਵਫ਼ਦ ਨੇ ਦੁਪਹਿਰ ਨੂੰ ਕ੍ਰਿਸ਼ੀ ਭਵਨ ਵਿਖੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ ਹੈ।
ਡਾ.ਦਰਸ਼ਨਪਾਲ ਨੇ ਕੁੱਝ ਮੁੱਦਿਆਂ ਅਤੇ ਹੋਰ ਕਈ ਅਧੂਰੀਆਂ ਮੰਗਾਂ ਲਈ ਇਕ ਹੋਰ ਅੰਦੋਲਨ ਦੀ ਲੋੜ ਦੱਸੀ ਹੈ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਦੀ 30 ਤਰੀਕ ਨੂੰ ਦਿੱਲੀ ਵਿੱਚ ਇੱਕ ਹੋਰ ਮੀਟਿੰਗ ਬੁਲਾਈ ਜਾਵੇਗੀ ਤਾਂ ਜੋ ਅਗਲੀ ਰਣਨੀਤੀ ਤੈਅ ਕੀਤੀ ਜਾ ਸਕੇ। ਇਸ ਤੋਂ ਇਲਾਵਾ ਸਾਰੀਆਂ ਕਿਸਾਨ ਯੂਨੀਅਨਾਂ ਨੂੰ ਆਪੋ-ਆਪਣੇ ਰਾਜਾਂ ਵਿੱਚ ਰੈਲੀਆਂ ਕਰਨ ਅਤੇ ਪੰਚਾਇਤਾਂ ਨੂੰ ਮੀਟਿੰਗ ਕਰਨ ਦਾ ਸੱਦਾ ਦਿੱਤਾ ਗਿਆ ਹੈ।