Punjab

“ਐਸਵਾਈਐਲ ਤੋਂ ਲੈ ਕੇ ਬੀਬੀਐਮ ਤੱਕ,ਪੰਜਾਬ ਦੇ ਪਾਣੀਆਂ ਨਾਲ ਜੁੜਿਆ ਹਰ ਮੁੱਦਾ ਕਾਂਗਰਸ ਦੀ ਦੇਣ ਹੈ।” ਮਾਲਵਿੰਦਰ ਸਿੰਘ ਕੰਗ

ਚੰਡੀਗੜ੍ਹ : “ਗੱਲ-ਗੱਲ ‘ਤੇ ਬਿਆਨ ਦੇਣ ਵਾਲੇ ਤੇ ਟਵੀਟ ਕਰਨ ਵਾਲੇ ਪੰਜਾਬ ਦੇ ਵਿਰੋਧੀ ਦੱਲ ਦੇ ਨੇਤਾ ਹੁਣ ਹਿਮਾਚਲ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਲਏ ਗਏ ਫੈਸਲਿਆਂ ‘ਤੇ ਚੁੱਪ ਕਿਉਂ ਹਨ ?”  ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਤੇ ਨੀਲ ਗਰਗ ਨੇ ਇਹ ਮਾਮਲਾ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਉਠਾਇਆ ਹੈ। ਖਾਸ ਤੌਰ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਕਾਸ਼ ਸਿੰਘ ਬਾਜਵਾ ‘ਤੇ ਵਰਦਿਆਂ ਆਪ ਨੇਤਾ ਨੀਲ ਗਰਗ ਨੇ ਕਿਹਾ ਹੈ ਕਿ ਹਿਮਾਚਲ ਦੇ ਮੁੱਖ ਮੰਤਰੀ ਨਾਲ ਇਹਨਾਂ ਦੇ ਚੰਗੇ ਮਿਤਰਤਾ ਵਾਲੇ ਸੰਬੰਧ ਹਨ। ਇਸ ਲਈ ਇਹਨਾਂ ਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ।

ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਪਾਣੀਆਂ ਦਾ ਮਾਮਲਾ ਇਕ ਸੰਵੇਦਨਸ਼ੀਲ ਮਾਮਲਾ ਹੈ ਤੇ ਆਜ਼ਾਦੀ ਤੋਂ ਬਾਅਦ ਕੇਂਦਰ ਵਾਲੀ ਕਾਂਗਰਸ ਸਰਕਾਰ ਨੇ ਹਮੇਸ਼ਾ ਪੰਜਾਬੀਆਂ ਤੇ ਕਿਸਾਨਾਂ ਨੂੰ ਨੀਚਾ ਦਿਖਾਉਣ ਤੇ ਪੰਜਾਬ ਦੇ ਹੱਕ ‘ਤੇ ਡਾਕਾ ਮਾਰਨ ਦੀ ਗੱਲ ਕੀਤੀ ਹੈ।ਸੰਨ 1966 ਵਿੱਚ ਪੁਨਰਗਠਨ ਵੇਲੇ,ਚੰਡੀਗੜ੍ਹ  ਤੇ ਹੋਰ ਵੀ ਕਈ ਮਾਮਲਿਆਂ ਵਿੱਚ ਪੰਜਾਬ ਨਾਲ ਹਮੇਸ਼ਾ ਧੱਕਾ ਕੀਤਾ ਜਾਂਦਾ ਰਿਹਾ ਹੈ। ਹੁਣ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣੀ ਹੈ ਤੇ ਇਹਨਾਂ ਨੇ ਪੰਜਾਬ ਦੇ ਹਾਈਡ੍ਰੋਪਾਵਰ ਪ੍ਰੌਜੈਕਟਾਂ ‘ਤੇ ਵਾਟਰ ਸੈਸ ਲਗਾ ਕੇ ਆਪਣੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।

ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਨੂੰ ਭਾਜਪਾਈ ਦੱਸਦਿਆਂ ਕੰਗ ਨੇ ਕਿਹਾ ਹੈ ਕਿ ਗੱਲ-ਗੱਲ ‘ਤੇ ਟਵੀਟ ਕਰ ਕੇ ਰੌਲਾ ਪਾਉਣ ਵਾਲਾ ਵਿਰੋਧੀ ਦਲ ਹੁਣ ਚੁੱਪ ਕਿਉਂ ਹੈ ? ਕੀ ਇਹਨਾਂ ਨੂੰ ਨਹੀਂ ਚਾਹੀਦਾ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਲਈ ਕਾਂਗਰਸ ਨਾਲ ਗੱਲ ਕਰਨ ਤੇ ਉਹਨਾਂ ਕੋਲ ਜਾ ਕੇ ਇਹ ਮੁੱਦਾ ਰੱਖਣ।

ਇੱਕ ਸਵਾਲ ਦੇ ਜਵਾਬ ਵਿੱਚ ਕੰਗ ਨੇ ਕਿਹਾ ਹੈ ਕਿ ਐਸਵਾਈਐਲ ਤੋਂ ਲੈ ਕੇ ਬੀਬੀਐਮ ਤੱਕ,ਪੰਜਾਬ ਦੇ ਪਾਣੀਆਂ ਨਾਲ ਜੁੜਿਆ ਹਰ ਮੁੱਦਾ ਕਾਂਗਰਸ ਦੀ ਦੇਣ ਹੈ ਤੇ ਇਸ ਪਾਰਟੀ ਨੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਹੁਣ ਹਿਮਾਚਲ ਵਿੱਚ ਕਾਂਗਰਸ ਦੀ ਸਰਕਾਰ ਆਉਂਦੇ ਹੀ ਇਹਨਾਂ ਨੇ ਆਪਣਾ ਪੰਜਾਬ ਵਿਰੋਧੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।ਵਿਰੋਧੀ ਧਿਰ ‘ਤੇ ਵਰਦਿਆਂ ਕੰਗ ਨੇ ਕਿਹਾ ਹੈ ਕਿ ਕੱਲ ਦੀ ਇਹ ਖ਼ਬਰ ਆਈ ਹੈ ਪਰ ਵਿਰੋਧੀ ਧਿਰ ‘ਚੋਂ ਕੋਈ ਬੋਲਿਆ ਤੱਕ ਨਹੀਂ ਹੈ। ਖਾਸ ਤੌਰ ‘ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਜ਼ਿਕਰ ਕਰਦੇ ਹੋਏ ਕੰਗ ਨੇ ਉਹਨਾਂ ‘ਤੇ ਤੱਥਾਂ ਤੋਂ ਪਰੇ ਹੋ ਕੇ ਟਵੀਟ ਕਰਨ ਦਾ ਇਲਜ਼ਾਮ ਵੀ ਲਗਾ ਦਿੱਤਾ।

ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੀ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਕਿਸੇ ਵੀ ਨਵੇਂ ਸੂਬੇ ਦਾ ਨਿਰਮਾਣ ਹੋਣ ‘ਤੇ ਰਾਜਧਾਨੀ ਮੂਲ ਰਾਜ ਕੋਲ ਹੀ ਰਹਿੰਦੀ ਹੈ ਪਰ ਪੰਜਾਬ ਕੋਲੋਂ ਇਹ ਹੱਕ ਖੋਹ ਕੇ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ। ਪਿਛਲੇ 70-75 ਸਾਲ ਵਿੱਚ ਪੰਜਾਬ ਨਾਲ ਹਰ ਸਮੇਂ ਧੱਕਾ ਕੀਤਾ ਗਿਆ ਹੈ । ਪੰਜਾਬ ਦੇ ਪੁਨਰਗਠਨ ਵੇਲੇ 1966 ਵਿੱਚ ਹਰਿਆਣਾ ਨੂੰ 10 ਕਰੋੜ ਦੀ ਅਦਾਇਗੀ ਕੀਤੀ ਗਈ ਸੀ ਤੇ ਚੰਡੀਗੜ੍ਹ ਨੂੰ ਆਰਜ਼ੀ ਤੌਰ ‘ਤੇ ਹਰਿਆਣੇ ਦੀ ਰਾਜਧਾਨੀ ਬਣਾਇਆ ਗਿਆ ਸੀ ਪਰ ਸੂਬਾ ਸਰਕਾਰਾਂ ਨੇ ਇਹ ਆਵਾਜ਼ ਹੀ ਨਹੀਂ ਚੁੱਕੀ ਕਦੇ ਵੀ ਤੇ ਨਾ ਹੀ ਇਸ ਵਿਸ਼ੇ ਤੇ ਪੰਜਾਬ ਦਾ ਪੱਖ ਸਹੀ ਤਰਾਂ ਰੱਖਿਆ ਹੈ।ਇਸ ਲਈ ਇਹ ਮੁੱਦਾ ਇੰਨਾ ਉਲਝ ਗਿਆ ਹੈ।

ਆਪ ਵਲੋਂ ਕੀਤੇ ਜਾਣ ਵਾਲੇ ਫੈਸਲਿਆਂ ਬਾਰੇ ਕੀਤੇ ਸਵਾਲ ਦੀ ਜਾਣਕਾਰੀ ਦਿੰਦੇ ਹੋਏ ਕੰਗ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਪੰਜਾਬ ਦੇ ਮੁੱਦੇ ਕੇਂਦਰ ਕੋਲ ਚੁੱਕੇ ਹਨ ।

ਇਸ ਤੋਂ ਇਲਾਵਾ ਲਾਰੈਂਸ ਬਿਸ਼ਨੋਈ ਵੱਲੋਂ ਕੀਤੇ ਗਏ ਲਾਈਵ ਇੰਟਰਵਿਊ ਬਾਰੇ ਵੀ ਕੰਗ ਨੇ ਕਿਹਾ ਹੈ ਕਿ ਇਹ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਨਹੀਂ ਕੀਤਾ ਗਿਆ ਹੈ। ਫਿਰ  ਵੀ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ ਕਿਉਂਕਿ ਉਸ ਨੇ ਪੰਜਾਬ ਦੇ ਇੱਕ ਵੱਡੇ ਗਾਇਕ ਦੀ ਹੱਤਿਆ ਕਰਵਾਈ ਹੈ।ਇਹ ਸਾਰੀਆਂ ਗੱਲਾਂ ਸਾਹਮਣੇ ਆਉਣੀਆਂ ਚਾਹੀਦੀਆਂ ਹਨ। ਬਾਕੀ ਇਹ ਮਾਮਲਾ ਜਾਂਚ ਦਾ ਵਿਸ਼ਾ ਹੈ।