ਬਿਉਰੋ ਰਿਪੋਰਟ : ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਬੁੱਧਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਮੋਰਚੇ ਦੇ 7 ਆਗੂਆਂ ਖਿਲਾਫ਼ 17 ਵੱਖ-ਵੱਧ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ । ਇਸ ਵਿੱਚ IPC ਦੀ ਧਾਰਾ 307 ਸਭ ਤੋਂ ਗੰਭੀਰ ਹੈ । ਜਿੰਨਾਂ 7 ਲੋਕਾਂ ਖਿਲਾਫ਼ FIR ਦਰਜ ਕੀਤੀ ਗਈ ਹੈ ਉਸ ਵਿੱਚ ਜਗਤਾਰ ਸਿੰਘ ਹਵਾਲਾ ਦੇ ਧਰਮ ਪਿਤਾ ਗੁਰਚਰਨ ਸਿੰਘ,ਵਕੀਲ ਅਮਰ ਸਿੰਘ ਚਹਿਲ,ਬਲਵਿੰਦਰ ਸਿੰਘ,ਦਿਲਸ਼ੇਰ ਸਿੰਘ ਜੰਡਿਆਲ,ਜਸਵਿੰਦਰ ਸਿੰਘ ਰਾਜਪੁਰਾ,ਰੁਪਿੰਦਰਜੀਤ ਸਿੰਘ ਦਾ ਨਾਂ ਦਰਜ ਹੈ । ਪਰ ਹਵਾਰਾ ਦੇ ਪਿਤਾ ਗੁਰਚਰਨ ਸਿੰਘ ਨੇ ਚੰਡੀਗੜ੍ਹ ਪੁਲਿਸ ਦੀ FIR ਨੂੰ 5 ਸ਼ਬਦਾਂ ਵਿੱਚ ਬੇਨਕਾਬ ਕੀਤਾ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਜਿਹੜੇ 7 ਲੋਕਾਂ ਖਿਲਾਫ਼ FIR ਦਰਜ ਕੀਤੀ ਹੈ ਉਹ ਤਾਂ ‘ਮੌਕੇ ‘ਤੇ ਮੌਜੂਦ ਨਹੀਂ ਸਨ’ । 5 ਮੈਂਬਰ ਪੰਜਾਬ ਦੇ ਮੰਤਰੀ ਇੰਦਰਬੀਰ ਸਿੰਘ ਨਿੱਜਰ ਦੇ ਨਾਲ ਗੱਲਬਾਤ ਕਰਨ ਦੇ ਲਈ ਗਏ ਹੋਏ ਸਨ । ਉਨ੍ਹਾਂ ਕਿਹਾ ਇਸ ਤੋਂ ਚੰਡੀਗੜ੍ਹ ਪ੍ਰਸ਼ਾਸਨ ਦਾ ਝੂਠ ਫੜਿਆ ਜਾਂਦਾ ਹੈ । ਗੁਰਚਰਨ ਸਿੰਘ ਨੇ ਕਿਹਾ ਇਸ ਤੋਂ ਸਾਫ਼ ਹੈ ਕਿ ਸਰਕਾਰ ਅੰਦੋਲਨ ਨੂੰ ਦਬਾਉਣਾ ਚਾਉਂਦੀ ਹੈ ਪਰ ਉਹ ਪਿੱਛੇ ਨਹੀਂ ਹਟਣਗੇ ਅਤੇ ਸ਼ਾਤਮਈ ਪ੍ਰਦਰਸ਼ਨ ਜਾਰੀ ਰੱਖਣਗੇ । ਨ੍ਹਾਂ ਨੇ ਕਿਹਾ ਪੰਜਾਬ ਸਰਕਾਰ ਵੀ ਇਸ ਸਾਜਿਸ਼ ਵਿੱਚ ਸ਼ਾਮਲ ਸੀ ਇਸੇ ਲਈ ਸਾਨੂੰ ਧੋਖੇ ਨਾਲ ਬੁਲਾਕੇ ਪਿੱਛੋ ਮਾਹੌਲ ਖਰਾਬ ਕੀਤਾ ਗਿਆ । ਉਧਰ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵੀ ਫੁਟੇਜ ਹੈ ਜਿਸ ਦੇ ਵਿੱਚ ਸਾਫ ਵਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਨਾਲ ਸ਼ਾਤਮਈ ਅੰਦੋਲਨ ਨੂੰ ਹਿੰਸਕ ਕੀਤਾ ਗਿਆ । ਉਧਰ ਬੁੱਧਵਾਰ ਦੀ ਹਿੰਸਾ ਤੋਂ ਬਾਅਦ ਮੋਹਾਲੀ ਪੁਲਿਸ ਨੇ ਵੀ ਮੋਰਚੇ ਦੇ ਖਿਲਾਫ਼ FIR ਦਰਜ ਕੀਤੀ ਹੈ। ਇਸ ਦੇ ਬਾਵਜੂਦ ਮੋਰਚੇ ਦਾ 31 ਮੈਂਬਰੀ ਜਥਾ ਮੁੜ ਤੋਂ ਰਵਾਨਾ ਹੋਇਆ ਇਸ ਦੇ ਲਈ ਮੋਰਚੇ ਵੱਲੋਂ ਖਾਸ ਨਿਯਮ ਨਿਰਧਾਰਤ ਕੀਤੇ ਗਏ ਸਨ ।
31 ਮੈਂਬਰੀ ਜਥੇ ਨੂੰ ਲੈਕੇ ਨਿਯਮ ਬਣਾਇਆ
ਬੁੱਧਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਕੌਮੀ ਇਨਸਾਫ ਮੋਰਚਾ ਵੀ ਅਲਰਟ ਹੋ ਗਿਆ ਹੈ । ਬੀਤੇ ਦਿਨ ਵਾਂਗ ਬਾਹਰੋ ਕੋਈ ਸ਼ਾਂਤਮਈ ਅੰਦੋਲਨ ਨੂੰ ਹਿੰਸਕ ਨਾ ਕਰੇ ਇਸ ਦੇ ਲਈ ਮੀਡੀਆ ਦੇ ਸਾਹਮਣੇ 31 ਮੈਂਬਰਾਂ ਦੇ ਨਾਂ ਬੋਲੇ ਗਏ,ਉਨ੍ਹਾਂ ਨੂੰ ਮਨੁੱਖੀ ਚੇਨ ਬਣਾ ਕੇ ਚੰਡੀਗੜ੍ਹ ਦੀ ਹੱਦ ਤੱਕ ਲਿਜਾਇਆ ਗਿਆ। ਇਸ ਮੌਕੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ 31 ਮੈਂਬਰੀ ਜਥੇ ਦੇ ਨਾਲ ਸਨ। ਜਦੋਂ ਚੰਡੀਗੜ੍ਹ ਪੁਲਿਸ ਨੇ ਜਥੇ ਨੂੰ ਅੱਗੇ ਨਹੀਂ ਜਾਣ ਦਿੱਤਾ ਤਾਂ 31 ਮੈਂਬਰੀ ਜਥਾ ਉਸੇ ਥਾਂ ‘ਤੇ ਬੈਠ ਗਿਆ ਅਤੇ ਗੁਰਬਾਣੀ ਦਾ ਪਾਠ ਕਰਨ ਲੱਗ ਗਿਆ । ਉਧਰ ਚੰਡੀਗੜ੍ਹ ਦੇ ਡੀਜੀਪੀ ਦਾ ਬਿਆਨ ਵੀ ਸਾਹਮਣੇ ਆਇਆ ਹੈ ।
ਚੰਡੀਗੜ੍ਹ ਦੇ ਡੀਜੀਪੀ ਦਾ ਬਿਆਨ
ਚੰਡੀਗੜ੍ਹ ਦੇ ਡੀਜੀਪੀ ਪ੍ਰਵੀਨ ਰੰਜਨ ਨੇ ਮੰਨਿਆ ਕਿ ਬੀਤੇ ਦਿਨ ਪੰਜਾਬ ਪੁਲਿਸ ਦੇ ਨਾਲ ਕੁਝ ਤਾਲਮੇਲ ਵਿੱਚ ਕਮੀ ਆਈ ਸੀ ਪਰ ਹੁਣ ਉਹ ਪੂਰੀ ਤਰ੍ਹਾਂ ਨਾਲ ਤਾਲਮੇਲ ਕਰ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਹਿੰਸਕ ਵਾਰਦਾਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੋਰਚੇ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਿਚਾਲੇ ਕੁਝ ਸ਼ਰਾਰਤੀ ਅਸਰ ਆ ਗਏ ਸਨ ਜਿੰਨਾਂ ਨੇ ਬੁੱਧਵਾਰ ਨੂੰ ਪੂਰਾ ਮਹੌਲ ਹਿੰਸਕ ਕਰ ਦਿੱਤਾ ਸੀ । ਡੀਜੀਪੀ ਨੇ ਕਿਹਾ ਕਿ ਸਾਡੇ ਪੁਲਿਸ ਮੁਲਾਜ਼ਮਾਂ ਵੱਲੋਂ ਕੋਈ ਵੀ ਹਿੰਸਕ ਕਾਰਵਾਈ ਨਹੀਂ ਕੀਤੀ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਦੰਗਾ ਕਰਨ,ਹਥਿਆਰ ਸਮੇਤ ਦੰਗਾ ਕਰਨ,ਗੈਰ ਕਾਨੂੰਨੀ ਤੌਰ ‘ਤੇ ਇਕੱਠਾ ਹੋਣ,ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਰੋਕਣ,ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ,ਸਰਕਾਰੀ ਮੁਲਾਜ਼ਮਾਂ ਨੂੰ ਜ਼ਖਮੀ ਕਰਨ,ਕਤਲ ਦੀ ਕੋਸ਼ਿਸ਼ ਕਰਨ,ਡਕੈਤੀ,ਚੋਰੀ,ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਅਪਰਾਧ ਦੀ ਸਾਜਿਸ਼ ਰਚਨ ਅਤੇ ਆਰਮਸ ਐਕਸਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ ।
FIR ਦੇ ਮੁਤਾਬਿਕ ਹਮਲਾ ਕਰਨ ਵਾਲਿਆਂ ਨੇ 20 ਬੈਰੀਕੇਡਸ ਲੁੱਟੇ ਇਸ ਤੋਂ ਇਲਾਵਾ ਟੀਅਰ ਗੈੱਸ ਗੰਨ ਅਤੇ ਹਥਿਆਰ ਲੁੱਟੇ,ਰੈਪਿਡ ਐਕਸ਼ਨ ਫੋਰਸ ਦੀਆਂ ਗੱਡੀਆਂ ਲੁਟਿਆਂ ।ਪੁਲਿਸ ਦਾ ਕਹਿਣਾ ਹੈ ਕਿ ਇਹ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤਾ ਗਿਆ ਹੈ ।
ਮੋਹਾਲੀ ਪੁਲਿਸ ਨੇ ਵੀ ਕੇਸ ਦਰਜ ਕੀਤਾ ਹੈ
ਜਾਣਕਾਰੀ ਦੇ ਮੁਤਾਬਿਕ ਮੋਹਾਲੀ ਦੇ ਮਟੌਰ ਥਾਣੇ ਵਿੱਚ ਹਿੰਸਕ ਵਾਰਦਾਤ ਨੂੰ ਲੈਕੇ ਅਣਪਛਾਤੇ ਹਮਲਾਵਰਾਂ ਦੇ ਖਿਲਾਫ਼ ਕਤਲ ਦੀ ਕੋਸ਼ਿਸ਼,ਪੁਲਿਸ ਮੁਲਾਜ਼ਮਾਂ ਨੂੰ ਡਿਉਟੀ ਕਰਨ ਤੋਂ ਰੋਕਣ ਅਤੇ ਹਮਲਾ ਕਰਨ,ਹਥਿਆਰ ਸਮੇਤ ਦੰਗਾ ਕਰਨ,ਗੈਰ ਕਾਨੂੰਨੀ ਰੂਪ ਵਿੱਚ ਜੁਟਣ ਅਤੇ ਅਪਰਾਧਿਕ ਸਾਜਿਸ਼ ਰਚਣ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ ।