ਚੰਡੀਗੜ੍ਹ : ਪੰਜਾਬ ਦੀ ਆਪ ਸਰਕਾਰ ਨੇ ਕੇਂਦਰ ਸਰਕਾਰ ‘ਤੇ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਨ ਵਿੱਚ ਅੜਚਣਾਂ ਪਾਉਣ ਦਾ ਇਲਜ਼ਾਮ ਲਗਾਇਆ ਹੈ । ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਤੱਥ ਸਾਰਿਆਂ ਨਾਲ ਸਾਂਝੇ ਕੀਤੇ ਹਨ।
ਉਹਨਾਂ ਕਿਹਾ ਹੈ ਕਿ ਆਪ ਸਰਕਾਰ ਨੇ ਸਰਕਾਰੀ ਖਦਾਨ ਚਾਲੂ ਕਰਵਾ ਕੇ ਪੰਜਾਬ ਦੇ ਲਈ ਕੋਲਾ ਮੰਗਵਾਉਣ ਦਾ ਇੰਤਜ਼ਾਮ ਕੀਤਾ ਸੀ ਤੇ ਇਸ ਲਈ ਰੇਲ ਰਾਹੀਂ ਸਿਰਫ 2000 ਕਿਲੋਮੀਟਰ ਦਾ ਰਸਤਾ ਤੈਅ ਕਰ ਕੇ ਪੰਜਾਬ ਕੋਲਾ ਪਹੁੰਚਾਉਣ ਲਈ ਪ੍ਰਬੰਧ ਸੀ ਪਰ ਹੁਣ ਕੇਂਦਰ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਹਨ ਕਿ ਕੋਲਾ ਹੁਣ ਸਮੁੰਦਰੀ ਰਸਤੇ ਰਾਹੀਂ ਮੰਗਵਾਉਣਾ ਪਵੇਗਾ।ਜਿਸ ਕਾਰਨ ਪੰਜਾਬ ਨੂੰ ਵਿੱਤੀ ਤੌਰ ‘ਤੇ ਬਹੁਤ ਘਾਟਾ ਪਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੰਗ ਨੇ ਕਿਹਾ ਹੈ ਪਹਿਲਾਂ ਖਦਾਨ ਤੋਂ ਕੋਲਾ ਰੇਲ ਰਾਹੀਂ ਸ਼੍ਰੀਲੰਕਾ ਪਹੁੰਚਾਇਆ ਜਾਵੇਗਾ ਤੇ ਉਸ ਤੋਂ ਬਾਅਦ ਸਮੁੰਦਰੀ ਜਹਾਜ ਰਾਹੀਂ ਇਸ ਨੂੰ ਮੁਦਰਾ ਪੋਰਟ ਰਾਹੀਂ ਗੁਜਰਾਤ ਉਤਾਰਿਆ ਜਾਵੇਗਾ ਤੇ ਇੱਕ ਵਾਰ ਫਿਰ ਤੋਂ ਰੇਲ ਰਾਹੀਂ ਪੰਜਾਬ ਲਿਜਾਇਆ ਜਾਵੇਗਾ।
ਕੰਗ ਨੇ ਕੇਂਦਰ ਸਰਕਾਰ ‘ਤੇ ਸਿੱਧਾ ਇਲਜ਼ਾਮ ਲਗਾਇਆ ਹੈ ਕਿ ਸਰਕਾਰ ਇਹ ਫੈਸਲਾ ਸਿਰਫ ਅਡਾਨੀ ਨੂੰ ਫਾਇਦਾ ਪਹੁੰਚਾਉਣ ਲਈ ਕਰ ਰਹੀ ਹੈ। ਕੇਂਦਰ ਸਰਕਾਰ ਪੰਜਾਬ ਦੀ ਮਾਨ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਨੂੰ ਅਸਫਲ ਬਣਾਉਣਾ ਚਾਹੁੰਦੀ ਹੈ,ਇਸ ਲਈ ਇਸ ਤਰਾਂ ਦੀਆਂ ਚਾਲਾਂ ਖੇਡ ਰਹੀ ਹੈ । ਕੇਂਦਰ ਵਿੱਚ ਜਦੋਂ ਤੋਂ ਭਾਜਪਾ ਸੱਤਾ ਵਿੱਚ ਆਈ ਹੈ,ਕੇਂਦਰ ਨੇ ਸੂਬਾ ਸਰਕਾਰਾਂ ਦੇ ਹੱਕਾਂ ‘ਤੇ ਹਮੇਸ਼ਾ ਹਮਲੇ ਕੀਤੇ ਹਨ।
ਸਰਕਾਰੀ ਦਫਤਰਾਂ ਵਿੱਚ ਪ੍ਰੀਪੇਡ ਮੀਟਰ ਲਗਾਏ ਜਾਣ ਦੇ ਸੰਬੰਧ ਵਿੱਚ ਕੰਗ ਨੇ ਕਿਹਾ ਹੈ ਕਿ ਇਹ ਕੇਂਦਰ ਸਰਕਾਰ ਦੇ ਹੁਕਮਾਂ ‘ਤੇ ਲਾਏ ਜਾ ਰਹੇ ਹਨ ।ਕਿਉਂਕਿ ਕੇਂਦਰ ਨੇ ਇਹ ਸ਼ਰਤ ਰੱਖੀ ਹੈ ਕਿ ਗ੍ਰਾਂਟਾਂ ਵੀ ਉਹਨਾਂ ਨੂੰ ਹੀ ਜਾਰੀ ਕੀਤੀਆਂ ਜਾਣਗੀਆਂ ,ਜਿਹਨਾਂ ਦਫਤਰਾਂ ਵਿੱਚ ਪ੍ਰੀਪੇਡ ਮੀਟਰ ਲਗਣਗੇ।