Punjab

ਕਿਸਾਨ ਲੀਡਰ ਨੇ ਦੇ ਦਿੱਤੀ ਸਰਕਾਰ ਨੂੰ ਚਿਤਾਵਨੀ,ਕਿਹਾ ਹੁਣ ਨਹੀਂ ਚਲਣਾ ਕਿਸਾਨਾਂ ਨਾਲ ਧੱਕਾ

ਅੰਮ੍ਰਿਤਸਰ : ਭਾਰਤ ਮਾਲਾ ਰੋਡ ਪ੍ਰੋਜੈਕਟਾਂ ਲਈ ਐਕੁਆਇਰ ਕੀਤੀ ਜਾ ਰਹੀ ਜਮੀਨ ਤਹਿਤ ਅੰਮ੍ਰਿਤਸਰ-ਊਨਾ ਹਾਈਵੇ ਪ੍ਰੋਜੈਕਟ ਲਈ ਅੰਮ੍ਰਿਤਸਰ ਤੋਂ 10-12 ਕਿਲੋਮੀਟਰ ਦੂਰੀ ‘ਤੇ ਪੈਂਦੇ ਨਵਾਂ ਪਿੰਡ ਵਿਖੇ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ । ਪਿੰਡ ਦੇ ਕਿਸਾਨਾਂ ਦੀ ਜਮੀਨ ਬਿਨ੍ਹਾਂ ਪੈਸਿਆਂ ਦੀ ਅਦਾਇਗੀ ਕੀਤੇ ਉਸ ਤੇ ਧੱਕੇ ਨਾਲ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦਾ ਆਮ ਲੋਕਾਂ ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਤਕੜਾ ਵਿਰੋਧ ਕੀਤਾ ਹੈ ।

ਇਹ ਜਾਣਕਾਰੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਿੱਤੀ ਹੈ। ਕਿਸਾਨ ਆਗੂ ਨੇ ਚਿਤਾਵਨੀ ਦਿੰਦੇ ਹੋਏ ਇਹ ਗੱਲ ਕਹੀ ਹੈ ਕਿ ਸਰਕਾਰ ਹੁਣ ਇਹ ਗੱਲ ਚੰਗੀ ਤਰਾਂ ਸਮਝ ਲਵੇ ਕਿ ਕਿਸੇ ਵੀ ਹਾਲਤ ਵਿਚ ਪੂਰੇ ਪ੍ਰੋਜੈਕਟ ਲਈ ਬਿਨਾਂ ਰਕਮ ਅਦਾਇਗੀ ਅਤੇ ਕਿਸਾਨ ਦੀ ਸਹਿਮਤੀ ਦੇ ਬਿਨਾਂ ਜਮੀਨ ਐਕੁਆਇਰ ਨਹੀਂ ਕਰਨ ਦਿਤੀ ਜਾਵੇਗੀ |ਉਹਨਾਂ ਕਿਹਾ ਕਿ ਅਸੀਂ ਸੜਕ ਨਿਰਮਾਣ ਦੇ ਖਿਲਾਫ ਨਹੀਂ ਪਰ ਕਿਸਾਨਾਂ ਨੂੰ ਜਮੀਨਾਂ ਦਾ ਵਾਜਿਬ ਤੇ ਇਕਸਾਰ ਮੁੱਲ ਮਿਲਣਾ ਚਾਹੀਦਾ ਹੈ ਅਤੇ ਸੜਕਾਂ ਨਾਲ ਸੰਬੰਧਤ ਹੋਰ ਮੁਸ਼ਕਿਲਾਂ ਦਾ ਹੱਲ ਵੀ ਕੀਤਾ ਜਾਣਾ ਚਾਹੀਦਾ ਹੈ |

ਇਸ ਤੋਂ ਇਲਾਵਾ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣ ਰਹੀਆਂ ਸਕੜਾਂ ਲਈ ਐਕੁਆਇਰ ਕੀਤੀਆਂ ਜਾ ਰਹੀਆਂ ਜਮੀਨਾਂ ਦੇ ਵਾਜ਼ਿਬ ਤੇ ਇੱਕਸਾਰ ਮੁੱਲ ਲੈਣ, ਨਸ਼ਾ ਮਾਫੀਆ, ਬੇਰੁਜ਼ਗਾਰੀ, ਕੇਂਦਰ ਅਤੇ ਪੰਜਾਬ ਸਰਕਾਰ ਸਬੰਧਤ ਮੰਗਾਂ ਨੂੰ ਲੈ ਕੇ 26 ਅਤੇ 29 ਜਨਵਰੀ ਨੂੰ ਭਾਰੀ ਇਕੱਠ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਮੀਟਿੰਗਾਂ ਜਾਰੀ ਹਨ ਤੇ ਜ਼ੋਨ ਪੱਧਰੀ ਮੀਟਿੰਗਾਂ ਦਾ ਦੌਰ ਚਲਾ ਕੇ ਇਲਾਕੇ ਦੇ ਲੋਕਾਂ ਨੂੰ ਸੰਘਰਸ਼ ਪ੍ਰਤੀ ਜਾਗਰੂਕ ਕੀਤੇ ਜਾਣ ਦੇ ਪ੍ਰੋਗਰਾਮ ਚਲਾ ਕੇ ਵੱਡੀਆਂ ਲਾਮਬੰਦੀਆਂ ਕੀਤੀਆਂ ਜਾ ਰਹੀਆਂ ਹਨ ਅਤੇ 26 ਜਨਵਰੀ ਨੂੰ ਕਿਸਾਨਾਂ ਮਜਦੂਰਾਂ ਅਤੇ ਬੀਬੀਆਂ ਦੇ ਵੱਡੇ ਇੱਕਠ ਕਰਕੇ ਸਰਕਾਰ ਦੀਆ ਲੋਕ ਅਤੇ ਕੁਦਰਤ ਵਿਰੋਧੀ ਨੀਤੀਆਂ ਨੂੰ ਵੰਗਾਰਿਆ ਜਾਵੇਗਾ | ਉਹਨਾਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਆਪਣੇ ਵਾਅਦਿਆਂ ਤੋਂ ਮੁਕਰ ਚੁੱਕੀਆਂ ਹਨ ਪਰ ਜਨਤਾ ਸੰਘਰਸ਼ਾਂ ਦੀ ਅਹਿਮੀਅਤ ਨੂੰ ਸਮਝ ਚੁਕੀ ਹੈ |