ਬਿਊਰੋ ਰਿਪੋਰਟ : ਅੰਮ੍ਰਿਤਸਰ ਵਿੱਚ ਇੱਕ ਕੁੜੀ ਵੱਲੋਂ ਇੱਕ ਤੋਂ ਬਾਅਦ ਇੱਕ 7 ਗੋਲੀਆਂ ਚਲਾਉਣ ਦਾ ਵੀਡੀਓ ਸਾਹਮਣੇ ਆਇਆ ਹੈ । ਇਹ ਕੁੜੀ ਆਪਣੀ ਘਰ ਦੀ ਛੱਤ ‘ਤੇ ਰਾਤ ਵੇਲੇ ਫਾਇਰਿੰਗ ਕਰ ਰਹੀ ਹੈ। ਵਾਇਰਲ ਵੀਡੀਓ ਅੰਮ੍ਰਿਤਸਰ ਦੇ ਚਾਂਸ ਅਵੈਨਿਊ ਦਾ ਦੱਸਿਆ ਜਾ ਰਿਹਾ ਹੈ। ਸਰਕਾਰ ਵੱਲੋਂ ਗੰਨ ਕਲਚਰ ‘ਤੇ ਸਖਤੀ ਦੇ ਬਾਵਜੂਦ ਕੁੜੀ ਵੱਲੋਂ ਫਾਇਰਿੰਗ ਦਾ ਇਹ ਵੀਡੀਓ ਵੱਡੇ ਸਵਾਲ ਖੜੇ ਕਰ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੁਣ ਕੁੜੀ ਖਿਲਾਫ ਪੁਲਿਸ ਕਰੜੀ ਕਾਰਵਾਈ ਕਰ ਸਕਦੀ ਹੈ । ਸਭ ਤੋਂ ਪਹਿਲਾਂ ਦਾ ਵੱਡਾ ਸਵਾਲ ਇਹ ਹੈ ਕਿ ਕੁੜੀ ਜਿਸ ਬੰਦੂਕ ਨਾਲ ਫਾਇਰ ਕਰ ਰਹੀ ਹੈ ਕਿ ਇਹ ਉਸ ਦੀ ਲਾਈਸੈਂਸੀ ਪਸਤੌਲ ਹੈ ? ਜੇਕਰ ਹਾਂ ਤਾਂ ਵੀ ਉਹ ਸ਼ਰੇਆਮ ਕਿਵੇਂ ਹਵਾ ਵਿੱਚ ਫਾਇਰ ਕਰ ਸਕਦੀ ਹੈ ?ਜੇਕਰ ਪਰਿਵਾਰ ਦੇ ਕਿਸੇ ਹੋਰ ਸ਼ਖ਼ਸ ਦੀ ਲਾਈਸੈਂਸੀ ਪਸਤੌਲ ਨਾਲ ਕੁੜੀ ਫਾਈਰਿੰਗ ਕਰ ਰਹੀ ਸੀ ਤਾਂ ਇਹ ਹੋਰ ਵੱਡਾ ਜੁਰਮ ਹੈ । ਕੁੜੀ ‘ਤੇ ਕਾਰਵਾਈ ਤਾਂ ਹੋਵੇਗੀ ਨਾਲ ਹੀ ਉਸ ਸ਼ਖ਼ਸ ਖਿਲਾਫ ਵੀ ਪੁਲਿਸ ਐਕਸ਼ਨ ਲਵੇਗੀ ਜਿਸ ਦੇ ਨਾਂ ਦੇ ਹਥਿਆਰ ਦਾ ਲਾਈਸੈਂਸ ਹੈ । ਫਿਲਹਾਲ ਇਹ ਸਾਫ ਨਹੀਂ ਹੈ ਕਿ ਵੀਡੀਓ ਨਵਾਂ ਹੈ ਜਾਂ ਪੁਰਾਣਾ ਹੈ ਪਰ ਝੂਠੀ ਸ਼ਾਨ ਦੇ ਚੱਕਰ ਵਿੱਚ ਬਣਾਇਆ ਗਿਆ ਇਹ ਵੀਡੀਓ ਮਾਨ ਸਰਕਾਰ ਦੇ ਉਸ ਸਖਤ ਦਿਸ਼ਾ-ਨਿਰਦੇਸ਼ ਦੀ ਵੀ ਉਲੰਘਣਾ ਹੈ ਜੋ ਗੰਨ ਕਲਚਰ ਨੂੰ ਪ੍ਰਮੋਟ ਕਰਦਾ ਹੈ । ਇਸ ਤੋਂ ਪਹਿਲਾਂ ਹੀ ਇੱਕ ਕੁੜੀ ਦਾ ਖੇਤ ਵਿੱਚ ਫਾਇਰਿੰਗ ਦਾ ਵੀਡੀਓ ਸਾਹਮਣੇ ਆਇਆ ਸੀ ।
ਭਗਵੰਤ ਮਾਨ ਸਰਕਾਰ ਵੱਲੋਂ ਗੰਨ ਕਲਚਰ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਜਿੰਨਾਂ ਨੇ ਵੀ ਆਪਣੇ ਵੀਡੀਓ ਜਾਂ ਫੋਟੋਆਂ ਹਥਿਆਰਾਂ ਦੇ ਨਾਲ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਾਆਂ ਹਨ ਉਹ ਉਸ ਨੂੰ ਡਿਲੀਟ ਕਰ ਦੇਣ। ਜਿਸ ਤੋਂ ਬਾਅਦ ਅਜਿਹੀਆਂ ਕਈ ਫੋਟੋਆਂ ਅਤੇ ਵੀਡੀਓ ਸਾਹਮਣੇ ਆਏ ਸਨ ਜਿੰਨਾਂ ਵਿੱਚ ਸ਼ਰੇਆਮ ਗੋਲੀਆਂ ਚਲਾਈਆਂ ਜਾ ਰਹੀਆਂ ਸਨ। ਇੱਕ ਕੁੜੀ ਦਾ ਵੀਡੀਓ ਵੀ ਕਾਫੀ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਖੇਤਾਂ ਵਿੱਚ ਖੜੇ ਹੋਕੇ ਫਾਇਰਿੰਗ ਕਰ ਰਹੀ ਸੀ । ਹਾਲਾਂਕਿ ਇਹ ਪੁਰਾਣਾ ਵੀਡੀਓ ਸੀ ਬਾਅਦ ਵਿੱਚੋਂ ਇਸ ਨੂੰ ਹਟਾ ਲਿਆ ਗਿਆ ਸੀ ।
ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਸੋਸ਼ਲ ਮੀਡੀਆ ‘ਤੇ ਗੰਨ ਕਲਚਰ ਵਾਲੀਆਂ ਫੋਟੋਆਂ ਹਟਾਉਣ ਦੀ ਡੈਡ ਲਾਈਨ ਦਿੱਤੀ ਸੀ। ਪਰ ਇਸ ਦੇ ਖਤਮ ਹੋਣ ਤੋਂ ਬਾਅਦ ਵੀ ਮਾਨ ਕੈਬਨਿਟ ਦੀ ਮੰਤਰੀ ਅਨਮੋਲ ਗਗਨ ਮਾਨ ਦੀ ਇੱਕ ਤਸਵੀਰ ਇੰਸਟਰਾਗਰਾਮ ‘ਤੇ ਕਾਫੀ ਚਰਚਾ ਵਿੱਚ ਰਹੀ। ਜਿਸ ਵਿੱਚ ਮੰਤਰੀ ਨੇ ਹੱਥ ਵਿੱਚ ਬੰਦੂਕ ਫੜੀ ਸੀ। ਇਹ ਤਸਵੀਰ ਕਾਫੀ ਪੁਰਾਣੀ ਸੀ ਪਰ ਹਦਾਇਤਾਂ ਦੇ ਬਾਵਜੂਦ ਸੋਸ਼ਲ ਮੀਡੀਆ ਤੋਂ ਨਾ ਹਟਾਉਣ ਦੀ ਵਜ੍ਹਾ ਕਰਕੇ ਲੋਕਾਂ ਨੇ ਅਨਮੋਲ ਗਗਨ ਮਾਨ ਦੀ ਫੋਟੋ ਪਾਕੇ ਸਰਕਾਰ ਤੋਂ ਮੰਤਰੀ ਖਿਲਾਫ਼ ਕਾਰਵਾਈ ਨੂੰ ਲੈਕੇ ਸਵਾਲ ਪੁੱਛੇ ਸਨ। ਹਾਲਾਂਕਿ ਬਾਅਦ ਵਿੱਚੋਂ ਮੰਤਰੀ ਅਨਮੋਲ ਗਗਨ ਮਾਨ ਨੇ ਫੋਟੋ ਡਿਲੀਟ ਕਰ ਦਿੱਤੀ ਸੀ ।
ਕੁੱਲ ਮਿਲਾਕੇ ਸ਼ਰੇਆਮ ਫਾਇਰਿੰਗ ਕਰਕੇ ਉਸ ਨੂੰ ਪ੍ਰਮੋਟ ਕਰਨਾ ਚੰਗੇ ਸਮਾਜ ਲਈ ਵੀ ਠੀਕ ਨਹੀਂ ਹੈ ਇਸ ਦਾ ਕਿਧਰੇ ਨਾ ਕਿਧਰੇ ਬੁਰਾ ਅਸਰ ਸਮਾਜ ‘ਤੇ ਪੈਂਦਾ ਹੈ। ਪੰਜਾਬ ਵਰਗੇ ਸੂਬੇ ਜਿੱਥੇ ਗੰਨ ਕਲਚਰ ਇੰਨਾਂ ਜ਼ਿਆਦਾ ਹਾਵੀ ਹੋ ਚੁੱਕਾ ਹੈ ਗੈਂਗਵਾਰ ਆਮ ਹੋ ਗਈ ਹੈ । ਸਿਰਫ ਇਨ੍ਹਾਂ ਹੀ ਨਹੀਂ ਹਰ ਗਲੀ ਮੁਹੱਲੇ ਵਿੱਚ ਲੁਟੇਰੇ ਬੰਦੂਕਾਂ ਵਿਖਾ ਕੇ ਲੁੱਟ ਦੀ ਵਰਦਾਤਾਂ ਨੂੰ ਸ਼ਰੇਆਮ ਅੰਜਾਮ ਦੇ ਰਹੇ ਹਨ।