Punjab Religion

SGPC ਦਾ ਫਿਲਮਾਂ ਨੂੰ ਲੈ ਕੇ ਇੱਕ ਹੋਰ ਅਹਿਮ ਫੈਸਲਾ , ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀਆਂ ਫਿਲਮਾਂ ‘ਤੇ ਜਥੇਬੰਦੀਆਂ ਦੀ ਅਹਿਮ ਪਹਿਲ

Another important decision of the Shiromani Committee regarding films,

ਸ਼੍ਰੀ ਫਤਿਹਗੜ੍ਹ ਸਾਹਿਬ : ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੇ ਅੱਜ ਆਖਰੀ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਹ ਨਗਰ ਕੀਰਤਨ ਗੁਰਦੁਆਰਾ ਜੋਤੀ ਸਰੂਪ ਵਿਖੇ ਜਾ ਕੇ ਸਮਾਪਤ ਹੋਏਗਾ। ਸ਼ਹੀਦੀ ਸਭਾ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ ਹਨ।

ਇਸੇ ਦੌਰਾਨ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਦੀ ਯਾਦ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਜੁੜੀ ਸ਼ਹੀਦੀ ਸਭਾ ‘ਚ ਕਈ ਜੱਥਿਆਂ ਵੱਲੋਂ ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬਾਨ ਦਾ ਸਵਾਂਗ ਰਚਦੀਆਂ ਫਿਲਮਾਂ ਵਿਖਾਉਣੀਆਂ ਬੰਦ ਕਰਕੇ ਸਿੱਖ ਰਵਾਇਤ ਵੱਲ ਪਰਤਣ ਦਾ ਉਪਰਾਲਾ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਕਈ ਜਥਿਆਂ ਵੱਲੋਂ ਸ਼ਹੀਦੀ ਸਭਾ ਮੌਕੇ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਕਾਰਟੂਨ ਫਿਲਮ “ਚਾਰ ਸਾਹਿਬਜ਼ਾਦੇ” ਵਖਾਈ ਜਾਂਦੀ ਸੀ।

ਹਾਲ ਵਿਚ ਹੀ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਫਿਲਮ “ਦਾਸਤਾਨ-ਏ-ਸਰਹੰਦ” ਬੰਦ ਕਰਵਾਉਣ ਲਈ ਪੇਸ਼ਕਦਮੀ ਕਰਨ ਵਾਲੇ ਸਿੱਖ ਜਥਾ ਮਾਲਵਾ ਅਤੇ ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੱਤੀ ਹੈ ਕਿ ਫਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਦੌਰਾਨ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਬਹੁਤ ਘੱਟ ਪੜਾਵਾਂ ਉਪਰ ਹੀ ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬ ਦਾ ਸਵਾਂਗ ਰਚਦੀਆਂ ਇਹ ਫਿਲਮਾਂ ਵਿਖਾਈਆਂ ਜਾ ਰਹੀਆਂ ਸਨ।

ਗੋਸਟਿ ਸਭਾ ਦੇ ਨੁਮਾਇੰਦਿਆਂ ਸ. ਰਣਜੀਤ ਸਿੰਘ ਅਤੇ ਰਵਿੰਦਰ ਪਾਲ ਸਿੰਘ ਨੇ ਕਿਹਾ ਕਿ: “ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਕੁਝ ਪੜਾਵਾਂ ਉਪਰ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀਆਂ ਫਿਲਮਾਂ ਵਿਖਾਈਆਂ ਜਾ ਰਹੀਆਂ ਹਨ ਤਾਂ ਅਸੀਂ ਉਹਨਾਂ ਪੜਾਵਾਂ ਦੇ ਪ੍ਰਬੰਧਕਾਂ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਸਬੰਧੀ ਇੱਕ ਲਿਖਤੀ ਪਰਚਾ ਦਿੱਤਾ ਜਿਸ ਵਿਚ ਇਹ ਜਾਣਕਾਰੀ ਸੀ ਕਿ ਇਹ ਫਿਲਮਾਂ ਕਿੰਝ ਗੁਰਮਤਿ ਆਸ਼ੇ ਅਤੇ ਸਿੱਖ ਪਰੰਪਰਾ ਦੀ ਉਲੰਘਣਾ ਕਰਦੀਆਂ ਹਨ”।

ਉਨ੍ਹਾਂ ਨੇ ਦੱਸਿਆ ਕਿ “ਕੁੱਝ ਸਮਾਂ ਵਿਚਾਰ ਵਟਾਂਦਰੇ ਤੋਂ ਬਾਅਦ ਇਨ੍ਹਾਂ ਪੜਾਵਾਂ ਦੇ ਪ੍ਰਬੰਧਕਾਂ ਵੱਲੋਂ ਫਿਲਮਾਂ ਵਿਖਾਉਣੀਆਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਫਿਲਮਾਂ ਦੀ ਥਾਂ ਉੱਤੇ ਗੁਰਬਾਣੀ ਜਾਪ ਅਤੇ ਕਥਾ ਵਿਚਾਰ ਦਾ ਉਪਰਾਲਾ ਸ਼ੁਰੂ ਕਰ ਦਿੱਤਾ ਗਿਆ ਹੈ”।

ਰਣਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਕਾਰਸੇਵਾ ਖੋਸਾ ਕੋਟਲਾ ਸੰਪਰਦਾ ਦੇ ਪੜਾਅ ਉਪਰ ਪਹਿਲਾਂ ਚਾਰ ਸਾਹਿਬਜ਼ਾਦੇ ਫਿਲਮ ਵਿਖਾਈ ਜਾ ਰਹੀ ਸੀ ਪਰ ਜਦੋਂ ਉਨ੍ਹਾਂ ਵੱਲੋਂ ਪੜਾਅ ਦੇ ਪ੍ਰਬੰਧਕ ਭਾਈ ਜੈਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਹ ਫਿਲਮ ਦਿਖਾਉਣੀ ਬੰਦ ਕਰ ਦਿੱਤੀ ਅਤੇ ਪੜਾਅ ਦੇ ਮੰਚ ਤੋਂ ਮੂਲ ਮੰਤਰ ਸਾਹਿਬ ਦੇ ਜਾਪ ਆਰੰਭ ਕਰਵਾ ਦਿੱਤੇ।

ਭਾਈ ਜੈਵਿੰਦਰ ਸਿੰਘ ਨੇ ਕਿਹਾ ਕਿ ਸੰਗਤ ਦੇ ਹੁਕਮ ਨੂੰ ਮੰਨਦਿਆਂ ਪੰਥਕ ਪਰੰਪਰਾ ਦੀ ਉਲੰਘਣਾ ਕਰਦੀਆਂ ਫਿਲਮਾਂ ਵਿਖਾਉਣੀਆਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਮੰਚ ਤੋਂ ਮੂਲ ਮੰਤਰ ਸਾਹਿਬ ਦੇ ਜਾਪ ਕੀਤੇ ਜਾ ਰਹੇ ਹਨ ਅਤੇ ਅਗਲੇ ਵਰ੍ਹੇ ਤੋਂ ਉਹਨਾਂ ਦੇ ਪੜਾਅ ਵਿਖੇ ਜਪਜੀ ਸਾਹਿਬ ਦੇ ਜਾਪ ਅਤੇ ਜਪੁਜੀ ਸਾਹਿਬ ਦੀ ਸੰਥਿਆ ਦਾ ਉਪਰਾਲਾ ਸ਼ੁਰੂ ਕੀਤਾ ਜਾਵੇਗਾ।

ਸਿੱਖ ਜਥਾ ਮਾਲਕਾਂ ਵੱਲੋਂ ਭਾਈ ਗੁਰਜੀਤ ਸਿੰਘ ਨੇ ਕਿਹਾ ਕਿ ਹੈ ਕਿ ਸਾਨੂੰ ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬਾਨ ਦਾ ਸਵਾਂਗ ਰਚਦੀਆਂ ਫਿਲਮਾਂ ਬਣਾਉਣ ਅਤੇ ਦੇਖਣ ਦਾ ਸਿਲਸਿਲਾ ਬੰਦ ਕਰਨਾ ਚਾਹੀਦਾ ਹੈ ਅਤੇ ਆਪਣੀ ਪਰੰਪਰਾ ਅਨੁਸਾਰ ਗੁਰਬਾਣੀ ਅਤੇ ਇਤਿਹਾਸ ਦੇ ਪ੍ਰਚਾਰ ਹਿਤ ਉਪਰਾਲੇ ਕਰਨੇ ਚਾਹੀਦੇ ਹਨ। ਉਹਨਾਂ ਇਸ ਗੱਲ ਉੱਪਰ ਤਸੱਲੀ ਜ਼ਾਹਰ ਕੀਤੀ ਹੈ ਕਿ ਸ਼ਹੀਦੀ ਸਭਾ ਦੌਰਾਨ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀਆਂ ਫਿਲਮਾਂ ਬੰਦ ਕਰਕੇ ਜਥੇ ਆਪਣੀ ਪਰੰਪਰਾ ਵੱਲ ਪਰਤ ਰਹੇ ਹਨ।

ਦੂਜੇ ਪਾਸੇ ਪੰਥ ਦੇ ਨਾਲ ਸਬੰਧਿਤ ਫਿਲਮਾਂ ‘ਤੇ ਐਸਜੀਪੀਸੀ ਨੇ ਇੱਕ ਅਹਿਮ ਫੈਸਲਾ ਕੀਤਾ ਹੈ। SGPC ਨੇ ਵਿਦਿਆਕ ਅਦਾਰਿਆਂ ਸ਼ਖਤੀ ਦਿਖਾਉਂਦਿਆਂ ਕਿਹਾ ਕਿ ਹੁਣ ਸਕੂਲਾਂ , ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਗੁਰੂਆਂ ਨਾਲ ਸਬੰਧਿਤ ਫਿਲਮਾਂ ਨਾ ਦਿਖਾਈਆਂ ਜਾਣ। ਐਸਜੀਪੀਸੀ ਨੇ ਸਕੂਲਾਂ , ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਗੁਰੂਆਂ ਨਾਲ ਸਬੰਧਿਤ ਫਿਲਮਾਂ ਦਿਖਾਉਣ ‘ਤੇ ਬੈਨ ਲਗਾ ਦਿੱਤਾ ਹੈ।