Punjab

ਧੁੰਦ ਨੇ ਉਤਾਰੀ ਆਮ ਲੋਕਾਂ ਦੀ ਜਿੰਦਗੀ ਪਟੜੀ ਤੋਂ,ਕਿਸਾਨ ਹੋਏ ਖੁਸ਼

ਚੰਡੀਗੜ੍ਹ :  ਹਰਿਆਣਾ ਅਤੇ ਪੰਜਾਬ ਸਣੇ ਪੂਰਾ ਉਤਰੀ ਭਾਰਤ ਇਸ ਵੇਲੇ ਠੰਡ ਦੀ ਲਪੇਟ ਵਿੱਚ ਆਇਆ ਹੋਇਆ ਹੈ। ਸਵੇਰੇ-ਸਵੇਰੇ ਪੈ ਰਹੀ ਧੁੰਦ ਕਾਰਨ ਕਈ ਥਾਵਾਂ ’ਤੇ ਜਨ-ਜੀਵਨ ਪ੍ਰਭਾਵਿਤ ਹੋਇਆ। ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਚਲਾ ਗਿਆ। ਧੁੰਦ ਕਾਰਨ ਵਿਜ਼ੀਬਿਲੀਟੀ ਘੱਟ ਰਹੀ ਤੇ ਹਾਦਸਿਆਂ ਦਾ ਖ਼ਤਰਾ ਬਣ ਰਿਹਾ ਹੈ।

ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਆਦਮਪੁਰ, ਹਲਵਾਰਾ, ਬਠਿੰਡਾ ਅਤੇ ਫਰੀਦਕੋਟ ਵਿੱਚ ਵੀ ਇਹੋ ਸਥਿਤੀ ਬਣੀ ਹੋਈ ਹੈ। ਬੀਤੇ ਦਿਨੀਂ ਪੰਜਾਬ ਦਾ ਗੁਰਦਾਸਪੁਰ ਘੱਟੋ-ਘੱਟ ਪੰਜ ਡਿਗਰੀ ਸੈਲਸੀਅਸ ਤਾਪਮਾਨ ਨਾਲ ਸੂਬੇ ਦਾ ਸਭ ਤੋਂ ਠੰਢਾ ਸਥਾਨ ਰਿਹਾ। ਵਿਭਾਗ ਮੁਤਾਬਕ ਅੰਮ੍ਰਿਤਸਰ ‘ਚ ਘੱਟੋ-ਘੱਟ ਤਾਪਮਾਨ 8.4 ਡਿਗਰੀ, ਲੁਧਿਆਣਾ ‘ਚ 8 ਡਿਗਰੀ, ਪਟਿਆਲਾ ‘ਚ 8.2 ਡਿਗਰੀ, ਬਠਿੰਡਾ ‘ਚ 5.8 ਡਿਗਰੀ ਅਤੇ ਮੁਹਾਲੀ ‘ਚ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਹਰਿਆਣਾ ਵਿੱਚ ਮਹਿੰਦਰਗੜ੍ਹ 4.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਠੰਢਾ ਰਿਹਾ, ਜਦੋਂ ਕਿ ਹਿਸਾਰ ਦਾ ਘੱਟੋ ਘੱਟ ਤਾਪਤਾਨ 6.7 ਡਿਗਰੀ ਸੈਲਸੀਅਸ, ਕਰਨਾਲ 8.2, ਅੰਬਾਲਾ 8.4, ਭਿਵਾਨੀ 6.2, ਸਿਰਸਾ 9.2 ਅਤੇ ਰੋਹਤਕ ਵਿੱਚ ਘੱਟੋ ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ ਰਿਹਾ।

ਇੱਕ ਪਾਸੇ ਪੈ ਰਹੀ ਠੰਡ ਨੇ ਜਿਥੇ ਆਮ ਲੋਕਾਂ ਨੂੰ ਸੁੰਨ ਕੀਤਾ ਹੋਇਆ ਹੈ ,ਉਥੇ ਹਾੜੀ ਦੀਆਂ ਫਸਲਾਂ ਲਈ ਪੈ ਰਹੀ ਧੁੰਦ ਵਰਦਾਨ ਮੰਨੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਜਿਹਾ ਮੌਸਮ ਕਣਕ ਤੇ ਹੋਰ ਫਸਲਾਂ ਲਈ ਦੇਸੀ ਘਿਉ ਦਾ ਕੰਮ ਕਰਦਾ ਹੈ। ਜਿਸ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਹਨ । ਇਸ ਵਾਰ ਠੰਡ ਭਾਵੇਂ ਦੇਰ ਨਾਲ ਪਈ ਹੈ ਪਰ ਮੌਸਮ ਦਾ ਅਜਿਹਾ ਮਿਜਾਜ਼ ਕਿਸਾਨਾਂ ਨੂੰ ਬਹੁਤ ਰਾਸ ਆ ਰਿਹਾ ਹੈ।