India

ਡੇਰਾ ਮੁਖੀ ਮੁੜ ਪਹੁੰਚਿਆ ਰੋਹਤਕ ਦੀ ਸੁਨਾਰਿਆ ਜੇਲ੍ਹ,ਖ਼ਤਮ ਹੋਈ 40 ਦਿਨ ਦੀ ਪੈਰੋਲ

 ਰੋਹਤਕ : ਡੇਰਾ ਮੁਖੀ ਰਾਮ ਰਹੀਮ ਮੁੜ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਪਹੁੰਚ ਗਿਆ ਹੈ । ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਤੋਂ ਰਾਮ ਰਹੀਮ ਦੀ ਜੇਲ੍ਹ ਵਾਪਸੀ ਹੋ ਚੁੱਕੀ ਹੈ ਤੇ ਉਸ ਦੀ ਪੈਰੋਲ ਵੀ ਖ਼ਤਮ ਹੋ ਗਈ ਹੈ। ਰਾਮ ਰਹੀਮ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਇਆ ਸੀ।

ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ 15 ਅਕਤੂਬਰ ਨੂੰ ਪੈਰੋਲ ਮਿਲੀ ਸੀ ਤੇ ਉਸ ਨੂੰ ਭਾਰੀ ਸੁਰੱਖਿਆ ਹੇਠ ਉੱਤਰ ਪ੍ਰਦੇਸ਼ ਵਿਚ ਬਾਗਪਤ ਆਸ਼ਰਮ ਲਿਜਾਇਆ ਗਿਆ ਸੀ। ਇਸ ਦੌਰਾਨ ਉਸ ਨੇ ਇਥੇ ਰਹਿ ਕੇ ਕਈ ਆਮਲਾਈਲ ਸਤਸੰਗ ਵੀ ਕੀਤੇ ਤੇ ਗਾਣੇ ਵੀ ਰਿਲੀਜ਼ ਕੀਤੇ। ਇਸ ਤੋਂ ਇਲਾਵਾ ਸਕੂਲੀ ਬੱਚਿਆਂ ਦੇ ਉਸ ਸਤਸੰਗ ਵਿੱਚ ਆਉਣ ‘ਤੇ ਵੀ ਵਿਵਾਦ ਉਠਿਆ।

ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਫਰਵਰੀ 2022 ਅਤੇ ਜੂਨ 2022 ਵਿੱਚ ਪੈਰੋਲ ਮਿਲੀ ਸੀ। ਹੁਣ ਤੱਕ ਰਾਮ ਰਹੀਮ ਨੂੰ 51 ਦਿਨਾਂ ਦੀ ਪੈਰੋਲ ਮਿਲ ਚੁੱਕੀ ਹੈ। ਪਹਿਲਾਂ ਉਹ ਗੁਰੂਗ੍ਰਾਮ ਦੇ ਡੇਰੇ ਵਿੱਚ ਰਿਹਾ ਸੀ। ਇਸ ਤੋਂ ਬਾਅਦ ਯੂਪੀ ਦੇ ਬਾਗਪਤ ਵਿੱਚ ਵੀ 30 ਦਿਨ ਰਿਹਾ । ਇਸ ਦੌਰਾਨ ਵੀ ਉਸ ਨੇ ਆਪਣੇ ਸਤਸੰਗਿ ਦੇ ਵੀਡੀਓ ਜਾਰੀ ਕੀਤੇ ਸੀ।

ਡੇਰਾ ਮੁਖੀ ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਜੇਲ੍ਹ ਤੋਂ ਬਾਹਰ ਆਇਆ ਸੀ। ਉਸ ਸਮੇਂ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਰਾਮ ਰਹੀਮ ਨੂੰ 25 ਅਗਸਤ 2017 ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਸੀ। ਪੰਚਕੂਲਾ ‘ਚ ਹਿੰਸਾ ਤੋਂ ਬਾਅਦ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਵੀ ਸਜ਼ਾ ਸੁਣਾਈ ਗਈ ਸੀ।