‘ਦ ਖ਼ਾਲਸ ਬਿਊਰੋ : ਹਰਿਆਣਾ ਦੇ ਸੋਨੀਪਤ ਦੇ ਮਯੂਰ ਵਿਹਾਰ ਵਿੱਚ ਨੌਜਵਾਨ ਉੱਤੇ ਤੇਜ਼ਾਬ ਸੁੱਟਣ ਵਾਲੇ ਮਾਮਲੇ ਵਿੱਚ ਪੁਲਿਸ ਨੇ ਦੋਸ਼ੀ ਔਰਤ ਅੰਜਲੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਅੰਜਲੀ ਦਾ ਮੈਡੀਕਲ ਕਰਵਾਇਆ ਹੈ ਅਤੇ ਉਸਨੂੰ ਹੁਣ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਦੋਸ਼ੀ ਔਰਤ ਨੇ ਆਪਣਾ ਜੁਰਮ ਕਬੂਲ ਕਰਦਿਆਂ ਕਿਹਾ ਕਿ ਨੌਜਵਾਨ ਸ਼ਾਮ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰਨ ਉੱਤੇ ਹੀ ਉਸਨੇ ਸ਼ਾਮ ਉੱਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਸ਼ਾਮ ਦਾ ਫਿਲਹਾਲ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਅੰਜਲੀ ਨੇ 26 ਅਕਤੂਬਰ ਨੂੰ ਨੌਜਵਾਨ ਸ਼ਾਮ ਉੱਤੇ ਤੇਜ਼ਾਬ ਸੁੱਟਿਆ ਸੀ। ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਸੋਨੀਪਤ ਪੁਲਿਸ ਨੇ ਅੰਜਲੀ ਨੂੰ ਗ੍ਰਿਫਤਾਰ ਨਹੀਂ ਕੀਤਾ ਸੀ, ਜਿਸਨੂੰ ਲੈ ਕੇ ਸ਼ਾਮ ਦੇ ਪਰਿਵਾਰ ਨੇ ਸਮਾਜਿਕ ਜਥੇਬੰਦੀਆਂ ਦੇ ਨਾਲ ਮਿਲ ਕੇ ਮਿਨੀ ਸਕੱਤਰੇਤ ਮੂਹਰੇ ਸੋਨੀਪਤ ਪੁਲਿਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਤੋਂ ਬਾਅਦ ਸੋਨੀਪਤ ਪੁਲਿਸ ਦੀ ਨੀਂਦ ਖੁੱਲ੍ਹੀ ਅਤੇ ਪੁਲਿਸ ਨੇ ਸ਼ਾਮ ਉੱਤੇ ਤੇਜ਼ਾਬ ਸੁੱਟਣ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ। ਐੱਸਆਈ ਕਟਾਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਭੂਆ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਸੀ। ਅੰਜਲੀ ਨੂੰ ਉਸਦੇ ਪਿੰਡ ਵਿੱਚੋਂ ਗ੍ਰਿਫਤਾਰ ਕੀਤਾ ਹੈ।