ਕੇਂਦਰੀ ਜਾਂਚ ਏਜੰਸੀ ਐੱਨ. ਆਈ. ਏ. (NIA) ਵਲੋਂ ਸਿੱਧੂ ਮੂਸੇ ਵਾਲਾ ਕਤਲ ਕਾਂਡ ‘ਚ ਪੁੱਛਗਿੱਛ ਕੀਤੇ ਜਾਣ ਮਗਰੋਂ ਗਾਇਕਾ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ। ਇਸ ਤੋਂ ਬਾਅਦ ਅਫਸਾਨਾ ਖ਼ਾਨ ਨੇ ਮਰਹੂਮ ਗਾਇਕ ਤੇ ਮੂੰਹ ਬੋਲੇ ਭਰਾ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੀਆਂ ਕਈ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਫਸਾਨਾ ਖ਼ਾਨ ਨੇ ਲਿਖਿਆ ਹੈ, ”ਨਾ ਅਸੀਂ ਮੰਗਦੇ ਧੁੱਪ ਵੇ ਰੱਬਾ, ਨਾ ਹੀ ਮੰਗਦੇ ਛਾਵਾਂ ਨੂੰ, ਇੱਕ ਬਾਪੂ ਨੂੰ ਕੁਝ ਨਾ ਹੋਵੇ ਦੂਜਾ ਸੁੱਖੀ ਰੱਖੀ ਮਾਵਾਂ ਨੂੰ। ਇੱਕ ਚੰਗੀ ਮਾਂ ਹਰ ਪੁੱਤ ਕੋਲ ਹੁੰਦੀ ਹੈ ਪਰ ਇੱਕ ਚੰਗਾ ਪੁੱਤ ਕਿਸੇ-ਕਿਸੇ ਮਾਂ ਕੋਲ ਹੁੰਦਾ ਹੈ। ਮਿਸ ਯੂ ਸਿੱਧੂ ਮੂਸੇਵਾਲਾ ਵੱਡੇ ਬਾਈ ਸੱਚੀਂ ਦਿਲ ਬਹੁਤ ਉਦਾਸ ਹੋ ਜਾਂਦਾ ਜਦੋਂ ਸਾਨੂੰ ਤੁਸੀਂ ਨਹੀਂ ਦਿਸਦੇ ਪਿੰਡ।” ਇਸ ਦੇ ਨਾਲ ਹੀ ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਵੀ ਟੈਗ ਕੀਤਾ ਹੈ।
View this post on Instagram
ਦੱਸ ਦਈਏ ਬੀਤੇ ਦਿਨੀਂ ਐੱਨਆਈਏ ਵੱਲੋਂ ਹੋਈ ਪੁੱਛਗਿੱਛ ਤੋਂ ਬਾਅਦ ਇੰਸਟਾਗ੍ਰਾਮ ਉੱਤੇ ਲਾਈਵ ਹੋ ਕੇ ਸਾਰੀ ਪੁੱਛ ਪੜਤਾਲ ਬਾਰੇ ਜਾਣਕਾਰੀ ਦਿੱਤੀ ਸੀ। ਅਫਸਾਨਾ ਖਾਨ ਨੇ ਦੱਸਿਆ ਸੀ ਕਿ ਉਸ ਤੋਂ ਗੈਂਗਸਟਰਾਂ ਨਾਲ ਸਬੰਧ ਨੂੰ ਲੈ ਕੇ ਕੋਈ ਸਵਾਲ ਨਹੀਂ ਪੁੱਛਿਆ ਗਿਆ ਸੀ। ਉਸ ਕੋਲੋਂ ਸਿਰਫ਼ ਮੂਸੇਵਾਲਾ ਦੇ ਨਾਲ ਕਦੋਂ ਤੋਂ ਸੰਪਰਕ ਸੀ, ਉਸ ਨਾਲ ਕਿੰਨੇ ਗਾਣੇ ਕੀਤੇ ਹਨ, ਵਗੈਰਾ ਪੁੱਛਿਆ ਗਿਆ ਸੀ। ਮੂਸੇਵਾਲਾ ਨਾਲ ਉਸਦਾ ਪਿਆਰ ਕਿਹੋ ਜਿਹਾ ਸੀ, ਬਾਰੇ ਪੁੱਛਿਆ ਗਿਆ। ਅਫਸਾਨਾ ਖ਼ਾਨ ਵੱਲੋਂ ਵਾਰ ਵਾਰ NIA ਦੀ ਤਾਰੀਫ਼ ਕੀਤੀ ਗਈ। ਉਸਨੇ ਦੱਸਿਆ ਕਿ NIA ਨੇ ਉਸਨੂੰ ਲੰਚ ਕਰਾਇਆ, ਜਿੰਨੀ ਵੀ ਪੁੱਛਗਿੱਛ ਹੋਈ, ਮੈਂ ਸਾਰੇ ਸਬੂਤ ਦਿੱਤੇ। NIA ਇੱਕ ਸੱਚੀ ਏਜੰਸੀ ਹੈ, ਸਾਨੂੰ ਸਾਰਿਆਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਮੂਸੇਵਾਲਾ ਦਾ ਕੇਸ ਸਹੀ ਹੱਥਾਂ ਵਿੱਚ ਚਲਾ ਗਿਆ। ਉਸਨੇ ਕਿਹਾ ਕਿ NIA ਨੇ ਮੈਨੂੰ ਬਹੁਤ ਸਤਿਕਾਰ ਦਿੱਤਾ, ਕੋਈ ਡਾਂਟਿਆ ਨਹੀਂ, ਕੁੱਟਿਆ ਨਹੀਂ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਪੂਰੇ ਹੋਣ ਵਾਲੇ ਹਨ ਪਰ ਅਜੇ ਤੱਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਹੈ। ਇਸ ਕਰਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਆਪਣੇ ਮਰਹੂਮ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਸੋਸ਼ਲ ਮੀਡੀਆ ‘ਤੇ ਵੀ ਮੁਹਿੰਮ ਛੇੜੀ ਹੋਈ ਹੈ।