ਚੰਡੀਗੜ੍ਹ : ਸ਼ਨਿੱਚਰਵਾਰ ਦੀ ਰਾਤ ਚੰਡੀਗੜ੍ਹ ਦੇ ਸੈਕਟਰ 27-28 ਦੀਆਂ ਲਾਇਟਾਂ ‘ਤੇ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਐਸਕਾਰਟ ਜਿਪਸੀ ਇੱਕ ਐਕਟਿਵਾ ਨਾਲ ਟੱਕਰਾ ਗਈ ਸੀ । ਇਸ ਦੁਰਘਟਨਾ ਵਿੱਚ ਇੱਕ ਮੁੰਡਾ ਅਤੇ ਕੁੜੀ ਜ਼ਖ਼ਮੀ ਹੋਏ ਸਨ ਜਿੰਨਾਂ ਨੂੰ ਸੈਕਟਰ 32 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਐਤਰਵਾਰ ਨੂੰ ਮੰਤਰੀ ਬਲਜੀਤ ਕੌਰ ਹਸਪਤਾਲ ਵਿੱਚ ਜ਼ਖਮੀ ਮੁੰਡੇ ਅਤੇ ਕੁੜੀ ਨੂੰ ਮਿਲਣ ਪਹੁੰਚੀ ਸੀ ਅਤੇ ਪੂਰੇ ਇਲਾਜ ਦਾ ਖਰਚਾ ਚੁੱਕਣ ਦਾ ਭਰੋਸਾ ਦਿੱਤਾ ਸੀ । ਪਰ ਹੁਣ ਪਰਿਵਾਰ ਨੇ ਮੰਤਰੀ ‘ਤੇ ਮੁਕਰਨ ਦਾ ਇਲਜ਼ਾਮ ਲਗਾਇਆ ਹੈ
ਪਰਿਵਾਰ ਦਾ ਇਲਜ਼ਾਮ
ਜ਼ਖ਼ਮੀ ਨੌਜਵਾਨ ਅਨਕੁਸ਼ ਦੇ ਮਾਪਿਆਂ ਦਾ ਇਲਜ਼ਾਮ ਹੈ ਕਿ ਮੰਤਰੀ ਦੇ ਲੋਕਾਂ ਨੇ ਸ਼ਰਤ ਰੱਖੀ ਕਿ ਜਦੋਂ ਤੱਕ ਉਹ ਰਾਜ਼ੀਨਾਮੇ ‘ਤੇ ਹਸਤਾਖ਼ਰ ਨਹੀਂ ਕਰਨਗੇ ਉੱਦੋਂ ਤੱਕ ਉਹ ਇਲਾਜ ਦਾ ਖ਼ਰਚਾ ਨਹੀਂ ਦੇਣਗੇ । ਪਰਿਵਾਰ ਨੇ ਕਿਹਾ ਕਿ ਜਦਕਿ ਮੰਤਰੀ ਸਾਹਿਬਾ ਨੇ ਪੂਰਾ ਖਰਚ ਚੁੱਕਣ ਦਾ ਵਾਅਦਾ ਕੀਤਾ ਸੀ। ਪਰਿਵਾਰ ਮੁਤਾਬਿਕ ਉਹ ਹਸਤਾਖ਼ਰ ਕਰਨ ਲਈ ਤਿਆਰ ਸਨ ਪਰ ਉਨ੍ਹਾਂ ਨੇ ਪਹਿਲਾਂ ਬੱਚੇ ਦੇ ਆਪਰੇਸ਼ਨ ਕਰਵਾਉਣ ਦੀ ਮੰਗ ਕੀਤੀ ਸੀ । ਪਰ ਮੰਤਰੀ ਬਲਜੀਤ ਕੌਰ ਦੇ ਲੋਕ ਵਾਰ-ਵਾਰ ਹਸਤਾਖ਼ਰ ਦਾ ਦਬਾਅ ਪਾਉਣ ਲੱਗੇ । ਅਨਕੁਸ਼ ਦੇ ਪਿਤਾ ਦਾ ਕਹਿਣਾ ਹੈ ਉਨ੍ਹਾਂ ਦੇ ਪੁੱਤਰ ਦੀ ਲੱਤ ਵਿੱਚ ਰਾਡ ਪਈ ਹੈ ਜਿਸ ਦਾ ਪੂਰਾ ਖਰਚਾ ਕੰਪਨੀ ਵੱਲੋਂ ਚੁੱਕਿਆ ਗਿਆ ਹੈ । ਪਰਿਵਾਰ ਨੇ ਅਨਕੁਸ਼ ਦੇ ਨਾਲ ਇੱਕ ਹੋਰ ਜਖ਼ਮੀ ਕੁੜੀ ਦੇ ਹਸਤਪਾਲ ਤੋਂ ਛੁੱਟੀ ਮਿਲਣ ਦੀ ਗੱਲ ਨੂੰ ਗੱਲਤ ਦੱਸਿਆ ਹੈ ।
ਅਨਕੁਸ਼ ਦੀ ਮਾਂ ਦਾ ਦਾਅਵਾ ਹੈ ਕਿ ਹਸਪਤਾਲ ਵਿੱਚ ਜ਼ਖਮੀ ਕੁੜੀ ਨੂੰ ਛੁੱਟੀ ਦੇ ਦਿੱਤੀ । ਪਰ ਉਸ ਦੇ ਪਰਿਵਾਰ ਨੇ ਉਸ ਦੀ ਹਾਲਤ ਨੂੰ ਵੇਖ ਦੇ ਹੋਏ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ । ਕੁੜੀ ਦੇ ਹੱਥ ਬੁਰੀ ਤਰ੍ਹਾਂ ਨਾਲ ਜਖ਼ਮੀ ਹੋਇਆ ਸੀ। ਹਾਲਾਂਕਿ ਜਦੋਂ ਮੰਤਰੀ ਬਲਜੀਤ ਕੌਰ ਪਰਿਵਾਰ ਨੂੰ ਮਿਲਣ ਪਹੁੰਚੀ ਸੀ ਤਾਂ ਉਨ੍ਹਾਂ ਨੇ ਦਾਅਵਾ ਕੀਤਾ ਸੀ ਕੁੜੀ ਠੀਕ ਹੋ ਗਈ ਸੀ ਅਤੇ ਹਸਪਤਾਲ ਵੱਲੋਂ ਉਸ ਨੂੰ ਛੁੱਟੀ ਦਿੱਤੀ ਗਈ ਹੈ । ਅਨਕੁਸ਼ ਦੇ ਪਰਿਵਾਰ ਨੇ ਮੰਗ ਕੀਤਾ ਹੈ ਕਿ ਦੁਰਘਟਨਾ ਦੀ ਵਜ੍ਹਾ ਕਰਕੇ ਉਨ੍ਹਾਂ ਦੇ ਪੁੱਤਰ ਨੂੰ 2 ਤੋਂ 3 ਮਹੀਨੇ ਘਰ ਅਰਾਮ ਕਰਨਾ ਪਏਗਾ ਅਜਿਹੇ ਵਿੱਚ ਸਰਕਾਰ ਉਨ੍ਹਾਂ ਦੀ ਮਦਦ ਕਰੇ। ਉਧਰ ਇਸ ਮਾਮਲੇ ‘ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ,ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਮੰਤਰੀ ਬਲਜੀਤ ਕੌਰ ਦੇ ਨਾਲ ਆਪ ਨੂੰ ਵੀ ਘੇਰਿਆ ਹੈ
ਪ੍ਰਤਾਪ ਸਿੰਘ ਬਾਜਵਾ ਦਾ ਇਲਜ਼ਾਮ
ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਮੰਤਰੀ ਬਲਜੀਤ ਕੌਰ ਵੱਲੋਂ ਪਹਿਲਾਂ ਇਲਾਜ ਦਾ ਪੂਰਾ ਖਰਚ ਦੇਣ ਦਾ ਵਾਅਦਾ ਕਰਕੇ ਮੁਕਰਨ ਨੂੰ ਅਣਮਨੁੱਖੀ ਵਤੀਰਾ ਕਰਾਰ ਦਿੱਤਾ ਹੈ। ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ਕਿਹਾ ਮੰਤਰੀ ਸਾਹਿਬਾ ਵੱਲੋਂ ਹਸਪਤਾਲ ਵਿੱਚ ਪੀੜਤਾਂ ਨੂੰ ਮਿਲਣਾ ਸਿਰਫ਼ ਇੱਕ ਡਰਾਮਾ ਸੀ । ਆਗੂ ਵਿਰੋਧੀ ਧਿਰ ਨੇ ਕਿਹਾ ਪਰਿਵਾਰ ‘ਤੇ ਸਮਝੌਤੇ ਦਾ ਦਬਾਅ ਪਾਇਆ ਜਾ ਰਿਹਾ ਹੈ । ਬਾਜਵਾ ਨੇ ਤੰਜ ਕੱਸ ਦੇ ਹੋਏ ਕਿਹਾ ਕਿ ਜੇਕਰ ਪਹਿਲਾਂ ਦੀ ਕਿਸੇ ਸਰਕਾਰ ਵਿੱਚ ਅਜਿਹਾ ਹੁੰਦਾ ਤਾਂ ਦਿੱਲੀ ਤੋਂ ਆਪ ਦੇ ਲੀਡਰਾਂ ਨੇ ਹਸਪਤਾਲ ਵਿੱਚ ਡੇਰੇ ਲਗਾ ਲੈਣੇ ਸਨ । ਅਤੇ ਦਾਅਵਾ ਕਰਨਾ ਸੀ ਕਿ ਉਨ੍ਹਾਂ ਦੀ ਸਰਕਾਰ ਵਿੱਚ ਅਜਿਹਾ ਕਿਸੇ ਨਾਲ ਨਹੀਂ ਹੋਵੇਗਾ । ਉਨ੍ਹਾਂ ਕਿਹਾ ਕਿ ਇਸੇ ਬਦਲਾਅ ਲਈ ਪੰਜਾਬੀਆਂ ਨੇ ਉਨ੍ਹਾਂ ਨੂੰ ਦਿਲ ਖੋਲ ਕੇ ਵੋਟਾਂ ਪਾਇਆ ਸਨ ? ਪ੍ਰਤਾਪ ਬਾਜਵਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਜ਼ਖ਼ਮੀਆਂ ਦਾ ਇਲਾਜ ਕਰਵਾਇਆ ਜਾਵੇ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।