‘ਦ ਖ਼ਾਲਸ ਬਿਊਰੋ- ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਅਮਰੀਕਾ-ਭਾਰਤ ਵਪਾਰ ਪ੍ਰੀਸ਼ਦ ਦੇ ਸਾਲਾਨਾ ਭਾਰਤ-ਸੰਮੇਲਨ ਦੌਰਾਨ ਕਿਹਾ ਕਿ ਬਦਲ ਰਹੇ ਵਿਸ਼ਵ ਮਾਹੌਲ ਵਿੱਚ ਅਮਰੀਕਾ ਨੂੰ ਗੱਠਜੋੜ ਤੋਂ ਪਹਿਲਾਂ ਸੋਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਹੁਣ ਉਨ੍ਹਾਂ ਗੱਠਜੋੜਾਂ ਤੋਂ ਅੱਗੇ ਵਧਣਾ ਹੋਵੇਗਾ ਜਿਸ ਨਾਲ ਉਹ ਪਿਛਲੀਆਂ ਦੋ ਪੀੜ੍ਹੀਆਂ ਨਾਲ ਰਿਹਾ ਹੈ। ਉਸ ਨੂੰ ਅਜਿਹੀ ਦੁਨੀਆ ਵਿੱਚ ਕੰਮ ਕਰਨਾ ਸਿੱਖਣ ਦੀ ਜ਼ਰੂਰਤ ਹੈ ਜੋ ਬਹੁਪੱਖੀ ਹੋਵੇ।
ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਨੂੰ ਵਪਾਰਕ ਮੁੱਦਿਆਂ ਦੇ ਹੱਲ ਲਈ ‘ਵਿਆਪਕ ਦ੍ਰਿਸ਼ਟੀਕੋਣ’ ਤੋਂ ਸੋਚਣ ਦੀ ਲੋੜ ਹੈ। ਉਸਨੇ ਕਿਹਾ ਕਿ ਇਹ ਦੋਵਾਂ ਦੇਸ਼ਾਂ ਦੇ ਹਿੱਤ ਵਿੱਚ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਬਕਾਇਆ ਮਸਲਿਆਂ ਨੂੰ ਹੱਲ ਕਰਨਾ ਹੈ ਅਤੇ ਵੱਡੇ ਟੀਚਿਆਂ ‘ਤੇ ਕੰਮ ਕਰਨਾ ਹੈ। ਮੈਂ ਆਰਥਿਕ ਸੰਬੰਧਾਂ ਦੀ ਮਹੱਤਤਾ ਨੂੰ ਸਮਝਦਾ ਹਾਂ,ਇਹ ਸਾਡੀ ਰੋਜ਼ੀ-ਰੋਟੀ ਦੇ ਮੁੱਦੇ ਹਨ ਅਤੇ ਦੇਸ਼ਾਂ ਦੇ ਆਪਸੀ ਸੰਬੰਧਾਂ ਦੀ ਜੜ੍ਹ ਹਨ।
ਵਿਦੇਸ਼ ਮੰਤਰੀ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਸੰਬੰਧਾਂ ਦਾ ਜ਼ੋਰਦਾਰ ਜ਼ਿਕਰ ਕਰਦਿਆਂ ਕਿਹਾ ਕਿ ਜੇ ਦੋਵੇਂ ਦੇਸ਼ ਮਿਲ ਕੇ ਕੰਮ ਕਰਨ ਤਾਂ ਉਹ ਦੁਨੀਆ ਨੂੰ ਇੱਕ ਨਵਾਂ ਪਹਿਲੂ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਮੁੰਦਰੀ ਸੁਰੱਖਿਆ, ਅੱਤਵਾਦ ਵਿਰੋਧੀ ਰਣਨੀਤੀ, ਕੋਰੋਨਾ ਵਾਇਰਸ ਮਹਾਂਮਾਰੀ, ਆਰਥਿਕਤਾ ਅਤੇ ਇੱਥੋਂ ਤੱਕ ਕਿ ਮੌਸਮ ਵਿੱਚ ਤਬਦੀਲੀ ਵਰਗੇ ਮੁੱਦਿਆਂ ‘ਤੇ ਮਿਲ ਕੇ ਕੰਮ ਕਰ ਰਹੇ ਹਾਂ। ” ਐੱਸ ਜੈਸ਼ੰਕਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਭਾਰਤ ਕਦੇ ਵੀ ਕਿਸੇ ਧੜੇ ਦਾ ਹਿੱਸਾ ਨਹੀਂ ਬਣੇਗਾ।
ਇਸ ਦੇ ਨਾਲ ਹੀ ਅਮਰੀਕਾ ਵੀ ਕੋਵਿਡ -19 ਤੋਂ ਬੁਰੀ ਤਰ੍ਹਾਂ ਨਾਲ ਪ੍ਰੇਸ਼ਾਨ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਦੋਸ਼ ਲਗਾ ਰਹੇ ਹਨ ਕਿ ਚੀਨ ਉਨ੍ਹਾਂ ਨੂੰ ਮਹਾਂਮਾਰੀ ਨਾਲ ਜੁੜੀ ਜਾਣਕਾਰੀ ਮੁਹੱਈਆ ਨਹੀਂ ਕਰਵਾ ਰਿਹਾ ਹੈ।