Punjab

ਇਨਸਾਫ਼ ਮੋਰਚੇ ‘ਤੇ ਲੱਗੇ ਸਵਾਲੀਆ ਨਿਸ਼ਾਨ,ਮ੍ਰਿਤਕ ਗੁਰਜੀਤ ਸਿੰਘ ਦੇ ਪਿਤਾ ਨੇ ਕੀਤੇ ਖੁਲਾਸੇ

ਬਹਿਬਲ ਕਲਾਂ : ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਵਿੱਚ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਗੁਰਜੀਤ ਸਿੰਘ ਦੇ ਪਰਿਵਾਰ ਨੇ ਖੁਦ ਨੂੰ ਮੋਰਚੇ ਤੋਂ ਵੱਖ ਕਰਨ ਦਾ ਐਲਾਨ ਕਰ ਦਿੱਤਾ ਹੈ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਨੇ ਇਨਸਾਫ਼ ਮੋਰਚੇ ਨੂੰ ਲੈ ਕੇ ਨਰਾਜ਼ਗੀ ਜਤਾਈ ਹੈ।

ਉਹਨਾਂ ਸੁਖਰਾਜ ਸਿੰਘ ‘ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਮੋਰਚੇ ਦੇ ਹਰ ਫੈਸਲੇ ਉਹ ਲੈ ਰਿਹਾ ਹੈ ਤੇ ਫੈਸਲੇ ਜਾਂ ਪ੍ਰੋਗਰਾਮਾਂ ਲਈ ਸਾਡੇ ਤੋਂ ਨਹੀਂ ਪੁੱਛਿਆ ਜਾਂਦਾ ਤੇ ਸਰਕਾਰ ਨੂੰ ਸਮਾਂ ਨਾ ਦੇ ਕੇ ਸਰਕਾਰ ਨਾਲ ਸੰਪਰਕ ਵੀ ਟੁੱਟ ਗਿਆ ਹੈ । ਇਸ ਤੋਂ ਇਲਾਵਾ ਉਹਨਾਂ ਇਹ ਵੀ ਐਲਾਨ ਕੀਤਾ ਹੈ ਕਿ 14 ਅਕਤੂਬਰ ਵਾਲੇ ਸਮਾਗਮ ‘ਚ ਵੀ ਨਹੀਂ ਹੋਣਗੇ ਸ਼ਾਮਲ।

ਇਸ ਮੋਰਚੇ ਦੇ ਬਾਰੇ ਉਹਨਾਂ ਕਿਹਾ ਕਿ ਨਾਂ ਤਾਂ ਮੋਰਚਾ ਸ਼ੁਰੂ ਹੋਣ ਬਾਰੇ ਉਹਨਾਂ ਨੂੰ ਕੋਈ ਪਤਾ ਸੀ ਤੇ ਨਾਂ ਹੀ ਮੋਰਚੇ ਦੇ ਦੌਰਾਨ ਇਥੇ ਆਉਂਦੇ ਸਰਕਾਰੀ ਬੰਦਿਆਂ ਤੇ ਵਕੀਲਾਂ ਨਾਲ ਗੱਲਬਾਤ ਕਰਨ ਵੇਲੇ ਉਹਨਾਂ ਨੂੰ ਪੁੱਛਿਆ ਗਿਆ ਸੀ। ਹੁਣ ਆਰੰਭ ਕਰਵਾਏ ਗਏ ਅਖੰਡ ਪਾਠਾਂ ਵੇਲੇ ਵੀ ਕਿਸੇ ਨੇ ਉਹਨਾਂ ਨੂੰ ਨਹੀਂ ਦੱਸਿਆ।

ਮ੍ਰਿਤਕ ਗੁਰਜੀਤ ਦੇ ਪਰਿਵਾਰ ਵੱਲੋਂ ਲਗਾਏ ਇਲਜ਼ਾਮਾਂ ਨੂੰ ਮੋਰਚੇ ਨੂੰ ਸ਼ੁਰੂ ਕਰਨ ਵਾਲੇ ਸੁਖਰਾਜ ਸਿੰਘ ਨੇ ਨਕਾਰ ਦਿੱਤਾ ਹੈ ਤੇ ਕਿਹਾ ਹੈ ਕਿ ਫੈਸਲਾ ਸੰਗਤ ਰੂਪ ਵਿੱਚ ਲਏ ਜਾਂਦੇ ਹਨ। ਗੁਰਜੀਤ ਦੇ ਪਿਤਾ ਜੀ ਮੇਰੇ ਲਈ ਵੀ ਸਤਿਕਾਰਤ ਹਨ ਤੇ ਇਹ ਪਰਿਵਾਰਕ ਗੱਲ ਹੈ ਅਸੀਂ ਬੈਠ ਕੇ ਗੱਲ ਕਰ ਲਵਾਂਗੇ। ਉਹਨਾਂ ਇਹ ਵੀ ਕਿਹਾ ਕਿ ਸਾਡੀ ਇਕ ਮੰਗ ਹੈ ਕਿ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ।

ਸਰਕਾਰ ਨਾਲ ਗੱਲ ਤਾਂ ਕੀਤੀ ਜਾਵੇਗੀ ਜੇਕਰ ਸਰਕਾਰ ਸਾਡੀ ਗੱਲ ਤੇ ਗੌਰ ਕਰਦੀ ਹੋਵੇ। ਹਾਲੇ ਤਾਂ ਇਨਸਾਫ਼ ਦੀ ਗੱਲ ਵੀ ਨਹੀਂ ਹੋਈ ਹੈ,ਫਿਰ ਇਹ ਮੋਰਚਾ ਵੀ ਸੰਗਤ ਦਾ ਮੋਰਚਾ ਹੈ,ਇਨਸਾਫ਼ ਸਾਰੀ ਸਿੱਖ ਕੌਮ ਨਾਲ ਹੋਣਾ ਹੈ,ਇਹ ਮੇਰੇ ਇੱਕਲੇ ਦਾ ਮੋਰਚਾ ਨਹੀਂ ਹੈ। ਜਿਥੋਂ ਤੱਕ ਅਖੰਡ ਪਾਠਾਂ ਦੀ ਲੜੀ ਦੀ ਗੱਲ ਹੈ ਤਾਂ ਉਹ ਸੰਗਤ ਨੇ ਸ਼ੁਰੂ ਕਰਵਾਏ ਹਨ,ਨਾ ਕਿ ਮੈਂ। ਬਾਕੀ ਜੇਕਰ ਗੁਰਜੀਤ ਦੇ ਪਿਤਾ ਜੀ ਦਾ ਕੋਈ ਗਿਲਾ ਸ਼ਿਕਵਾ ਹੈ ਤਾਂ ਉਹ ਅਸੀਂ ਬੈਠ ਕੇ ਨਬੇੜ ਲਵਾਂਗੇ।
ਬਹਿਬਲ ਕਲਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਹੋਏ ਸੀ ,ਜਿਸ ਦੌਰਾਨ ਪੁਲਿਸ ਵੱਲੋਂ ਚਲਾਈ ਗੋਲੀ ਦੇ ਕਾਰਨ ਦੋ ਵਿਅਕਤੀਆਂ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਹੋ ਗਈ ਸੀ।