ਅਨਾਜ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘਪਲੇ(Grain market transportation tender scam) ‘ਚ ਪਟਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ(Former Cabinet Minister Bharat Bhushan Ashu) ਦੀਆਂ ਮੁਸ਼ਕਲਾਂ ਘਟਣ ਦੀ ਥਾਂ ਵਧ ਰਹੀਆਂ ਹਨ। ਵਿਜੀਲੈਂਸ ਬਿਊਰੋ(Vigilance Bureau) ਨੇ 2000 ਕਰੋੜ ਦੇ ਅਨਾਜ ਢੋਆ ਢੋਆਈ ਘੋਟਾਲੇ ਦੇ ਮਾਮਲੇ ਵਿੱਚ ਇੱਕ ਕਮਿਸ਼ਨ ਏਜੰਟ (ਆੜ੍ਹਤੀਆ) ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਕ੍ਰਿਸ਼ਨ ਲਾਲ ਉਰਫ਼ ਧੋਤੀ ਵਾਲਾ ਵਜੋਂ ਹੋਈ ਹੈ, ਜਿਸ ਦੇ ਕਬਜ਼ੇ ਵਿੱਚੋਂ ਕੁੱਲ 12 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਠੇਕੇਦਾਰ ਤੇਲੂ ਰਾਮ ਅਤੇ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕੀਤਾ ਸੀ।
ਵਿਜੀਲੈਂਸ ਦੀ ਟੀਮ ਨੇ ਅੱਜ ਮੁੱਲਾਂਪੁਰ ਦੇ ਧੋਤੀ ਵਾਲਾ ਆੜ੍ਹਤੀਏ ਦੇ ਨਾਮ ਤੋਂ ਮਸ਼ਹੂਰ ਵਿਅਕਤੀ ਤੋਂ ਜਿੱਥੇ ਟੈਂਡਰ ਘੁਟਾਲੇ ’ਚ ਪੁੱਛ-ਪੜਤਾਲ ਕੀਤੀ। ਉੱਥੇ ਹੀ ਜਾਅਲੀ ਬਿਲਿੰਗ ਬਾਰੇ ਪੁੱਛਿਆ। ਦੱਸਿਆ ਜਾ ਰਿਹਾ ਹੈ ਕਿ ਇਸ ਆੜ੍ਹਤੀ ਦੇ ਸ਼ੈਲਰ ਤੋਂ ਸਾਰਾ ਬੋਗਸ ਬਿਲਿੰਗ ਦਾ ਕਾਰੋਬਾਰ ਚੱਲਦਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਹਾਲੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਕੁਝ ਵੀ ਕਹਿਣ ਤੋਂ ਪਾਸਾ ਵੱਟਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਵੇਂ ਜਿਵੇਂ ਜਾਂਚ ਅੱਗੇ ਵੱਧ ਰਹੀ ਹੈ ਕੰਮ ਕੀਤਾ ਜਾ ਰਿਹਾ ਹੈ।
ਵਿਜੀਲੈਂਸ ਦੀ ਟੀਮ ਵੀਰਵਾਰ ਨੂੰ ਮੁੱਲਾਂਪੁਰ ਪੁੱਜੀ। ਇੱਥੇ ਟੀਮ ਨੇ ਧੋਤੀ ਵਾਲਾ ਆੜ੍ਹਤੀ ਦੇ ਨਾਮ ਹੇਠ ਕੰਮ ਕਰਨ ਵਾਲੇ ਸ਼ੈਲਰ ਮਾਲਕ ਨੂੰ ਕਾਬੂ ਕੀਤਾ। ਇੱਥੋਂ ਟੀਮ ਨੂੰ ਲੈਪਟਾਪ ਤੇ ਲੱਖਾਂ ਰੁਪਏ ਦੀ ਨਕਦੀ ਵੀ ਮਿਲੀ। ਦੱਸਿਆ ਜਾ ਰਿਹਾ ਹੈ ਕਿ ਇਸ ਲੈਪਟਾਪ ਰਾਹੀਂ ਪੁਲੀਸ ਕਈ ਰਾਜ਼ ਖੋਲ੍ਹ ਸਕਦੀ ਹੈ। ਲੈਪਟਾਪ ਵਿੱਚ ਕਈ ਅਜਿਹੇ ਰਾਜ਼ ਹਨ, ਜੋ ਕਾਂਗਰਸ ਦੇ ਵੱਡੇ ਨੇਤਾਵਾਂ ਦੇ ਭੇਦ ਖੋਲ੍ਹ ਸਕਦੇ ਹਨ। ਇਹ ਆੜ੍ਹਤੀਆ ਜਿੱਥੇ ਸਾਬਕਾ ਮੰਤਰੀ ਦਾ ਖਾਸ ਹੈ, ਉੱਥੇ ਕਾਂਗਰਸ ਦੇ ਵੱਡੇ ਆਗੂ ਕੈਪਟਨ ਸੰਦੀਪ ਸੰਧੂ ਦਾ ਵੀ ਖਾਸਮ ਖਾਸ ਦੱਸਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਪੁੱਛਗਿਛ ਲਈ ਹਿਰਾਸਤ ਵਿੱਚ ਲਏ ਗਏ ਮਨਪ੍ਰੀਤ ਈਸੇਵਾਲ ਨਾਲ ਵੀ ਇਸ ਦਾ ਸਬੰਧ ਹੈ।
ਸੀਨੀਅਰ ਕਪਤਾਨ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਕ੍ਰਿਸ਼ਨ ਲਾਲ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਸਸਤੇ ਭਾਅ ਤੇ ਅਨਾਜ ਲਿਆ ਕੇ ਪੰਜਾਬ ਵਿੱਚ ਵੱਧ ਭਾਅ ਤੇ ਵੇਚਦਾ ਸੀ। ਉਹ ਕਥਿਤ ਤੌਰ ਤੇ ਟੈਂਡਰਾਂ ਵਿੱਚ ਬੇਨਿਯਮੀਆਂ ਨਾਲ ਸਬੰਧਤ ਜਾਅਲੀ ਬਿਲਿੰਗ ਵਿੱਚ ਵੀ ਸ਼ਾਮਲ ਸੀ। ਕ੍ਰਿਸ਼ਨ ਲਾਲ ਧੋਤੀ ਵਾਲਾ ਮਸ਼ਹੂਰ ਅਤੇ ਵੱਡਾ ਆੜਤੀਆਂ ਹੈ। ਸੀਜ਼ਨ ਦੌਰਾਨ ਖ਼ਰੀਦ ਏਜੰਸੀਆਂ ਇਸ ਵੱਡੇ ਆੜਤੀਏ ਤੋਂ ਖ਼ਰੀਦ ਸ਼ੁਰੂ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਕ੍ਰਿਸ਼ਨ ਲਾਲ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਰਾਕੇਸ਼ ਕੁਮਾਰ ਸਿੰਗਲਾ ਸਾਬਕਾ ਡਿਪਟੀ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਦਾ ਜਾਣਕਾਰ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੂਜੇ ਸੂਬਿਆਂ ਤੋਂ ਮੰਗਵਾਏ ਗਏ ਘਟੀਆ ਕੁਆਲਿਟੀ ਦੇ ਅਨਾਜ ਨੂੰ ਪੰਜਾਬ ਵਿੱਚ ਉੱਚ ਗੁਣਵੱਤਾ ਵਾਲੇ ਅਨਾਜ ਵਿੱਚ ਮਿਲਾਇਆ ਜਾ ਰਿਹਾ ਸੀ।