‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) : ਮਹਾਰਾਣੀ ਐਲਿਜ਼ਾਬੈੱਥ ਦਾ ਹਾਲੇ ਸਿਵਾ ਠੰਡਾ (ਇੰਗਲੈਂਡ ਵਿੱਚ ਮ੍ਰਿਤਕ ਨੂੰ ਦਫਨਾਇਆ ਜਾਂਦਾ ਹੈ) ਵੀ ਨਹੀਂ ਹੋਇਆ ਕਿ ਇੱਕ ਵਾਰ ਮੁੜ ਕੋਹਿਨੂਰ ਹੀਰਾ ਭਾਰਤ ਨੂੰ ਵਾਪਸ ਕਰਨ ਦੀ ਮੰਗ ਉੱਠ ਖੜੀ ਹੈ। ਇਹ ਹੀਰਾ ਉਸ ਮੁਕਟ ਵਿੱਚ ਲੱਗਾ ਹੋਇਆ ਹੈ, ਜਿਸਨੂੰ ਮਹਾਰਾਣੀ ਪਹਿਨਦੀ ਸੀ। ਇਹ ਮੰਗ ਵੀ ਜ਼ੋਰ ਫੜਦੀ ਦਿਸ ਰਹੀ ਹੈ ਕਿ ਜਦੋਂ ਮਹਾਰਾਣੀ ਦਾ ਦਿਹਾਂਤ ਹੋ ਗਿਆ ਹੈ ਤਾਂ ਇਸ ਮੁਕਟ ਨੂੰ ਕੋਈ ਹੋਰ ਨਹੀਂ ਪਹਿਨ ਸਕਦਾ, ਸਗੋਂ ਇਹ ਭਾਰਤ ਨੂੰ ਵਾਪਸ ਕੀਤਾ ਜਾਣਾ ਬਣਦਾ ਹੈ। ਭਾਰਤ ਤੋਂ ਹੀਰਾ ਬ੍ਰਿਟੇਨ ਕਿਵੇਂ ਪਹੁੰਚਿਆ, ਨਾਲ ਵੀ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ। ਤਰਕ ਦਿੱਤਾ ਜਾ ਰਿਹਾ ਹੈ ਕਿ ਪ੍ਰਸਿੱਧ ਕੋਹਿਨੂਰ ਹੀਰਾ ਅੰਗਰੇਜ਼ਾਂ ਦੀ ਹਕੂਮਤ ਵੇਲੇ ਭਾਰਤ ਤੋਂ ਗੈਰ ਕਾਨੂੰਨੀ ਢੰਗ ਨਾਲ ਇੰਗਲੈਂਡ ਪਹੁੰਚਾਇਆ ਗਿਆ ਸੀ। ਉੱਥੇ ਮਹਾਰਾਣੀ ਨੇ ਇਸ ਹੀਰੇ ਨੂੰ ਆਪਣੇ ਮੁਕਟ ਵਿੱਚ ਜੜਾ ਲਿਆ। ਇਹ 105.6 ਕੈਰੇਟ ਦਾ ਹੀਰਾ ਦੱਸਿਆ ਜਾ ਰਿਹਾ ਹੈ। ਇਸ ਵਿੱਚ ਦੋ ਹਜ਼ਾਰ 867 ਦੇ ਕਰੀਬ ਨਗ ਲੱਗੇ ਹੋਏ ਹਨ। ਇਸੇ ਤਰ੍ਹਾਂ ਟੀਪੂ ਸੁਲਤਾਨ ਦੀ ਬੇਸ਼ਕੀਮਤੀ ਅੰਗੂਠੀ ਵੀ ਬ੍ਰਿਟੇਨ ਵਿੱਚ ਹੋਣ ਦੀ ਚਰਚਾ ਹੈ। ਇਹ ਅੰਗੂਠੀ 1799 ਨੂੰ ਟੀਪੂ ਸੁਲਤਾਨ ਦੀ ਲਾਸ਼ ਤੋਂ ਚੋਰੀ ਹੋ ਗਈ ਸੀ। ਬਾਅਦ ਵਿੱਚ ਇਸਦੀ ਨਿਲਾਮੀ ਇੰਗਲੈਂਡ ਵਿੱਚ ਹੀ ਹੋਈ। ਇੱਕ ਚਰਚਾ ਇਹ ਵੀ ਹੈ ਕਿ ਮਹਾਰਾਜਾ ਦਲੀਪ ਸਿੰਘ ਵੱਲੋਂ ਇਹ ਕੋਹਿਨੂਰ ਹੀਰਾ ਅੰਗਰੇਜ਼ਾਂ ਨੂੰ ਭੇਂਟ ਕੀਤਾ ਗਿਆ ਸੀ।
ਮਹਾਰਾਣੀ ਐਲਿਜ਼ਾਬੈੱਥ ਦੇ ਜਾਣ ਤੋਂ ਬਾਅਦ ਇੰਗਲੈਂਡ ਵਿੱਚ ਚੱਲ ਰਹੀ ਚਰਚਾ ਅਨੁਸਾਰ ਕੋਹਿਨੂਰ ਨਾਲ ਜੜੇ ਤਾਜ ਨੂੰ ਅਗਲੇ ਪ੍ਰਿੰਸ ਚਾਰਲਸ ਤਿੰਨ ਨੂੰ ਸੌਂਪਿਆ ਜਾਣਾ ਬਣਦਾ ਹੈ। ਹਾਲਾਂਕਿ, ਬ੍ਰਿਟਿਸ਼ ਸ਼ਾਹੀ ਪਰਿਵਾਰ ਅਤੇ ਕੋਹਿਨੂਰ ਦੇ ਇਤਿਹਾਸ ਦੇ ਅਨੁਸਾਰ ਹੀਰਾ ਕੈਮਿਲਾ ਦੇ ਪਹਿਨਣ ਦਾ ਹੱਕ ਬਣਦਾ ਹੈ। ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਪ੍ਰਿੰਸ ਚਾਰਲਸ ਰਾਜਾ ਬਣ ਗਿਆ ਹੈ ਅਤੇ ਨਿਯਮਾਂ ਅਨੁਸਾਰ 105 ਕੈਰੇਟ ਦਾ ਹੀਰਾ ਉਸਦੀ ਪਤਨਾ ਕੈਮਿਲਾ ਕੋਲ ਜਾਣਾ ਬਣਦਾ ਹੈ।
ਕੋਹਿਨੂਰ ਹੀਰੇ ਨੂੰ ਲੈ ਕੇ ਬ੍ਰਿਟੇਨ ਵਿੱਚ ਹੀ ਰੌਲਾ ਰੱਪਾ ਨਹੀਂ ਪਿਆ ਹੋਇਆ, ਭਾਰਤ ਵਿੱਚ ਵੀ ਖਪ ਖਾਨਾ ਛਿੜ ਪਿਆ ਹੈ। ਉੜੀਸਾ ਦੇ ਸਮਾਜਿਤ ਸੱਭਿਆਚਾਰਕ ਸੰਗਠਨ ਨੇ ਦਾਅਵਾ ਠੋਕ ਦਿੱਤਾ ਹੈ ਕਿ ਕੋਹਿਨੂਰ ਹੀਰਾ ਭਗਵਾਨ ਜਗਨਨਾਥ ਦਾ ਹੈ। ਸੰਗਠਨ ਨੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਨਿੱਜੀ ਦਖਲ ਦੇ ਕੇ ਇਸਨੂੰ ਬਰਤਾਨੀਆ ਤੋਂ ਵਾਪਸ ਲਿਆਉਣ ਦੀ ਮੰਗ ਰੱਖ ਦਿੱਤੀ ਹੈ। ਉੜੀਸਾ ਦੇ ਪੁਰੀ ਸਥਿਤ ਸੰਗਠਨ ਦੀ ਦਲੀਲ ਹੈ ਕਿ ਸ਼੍ਰੀ ਜਗਨਨਾਥ ਵਿਖੇ ਇਹ ਕੋਹਿਨੂਰ ਹੀਰਾ 20ਵੀਂ ਸਦੀ ਵਿੱਚ ਰੱਖਿਆ ਗਿਆ ਸੀ ਜਿਸਨੂੰ ਕਿ ਹੁਣ ਭਾਰਤ ਲਿਆਉਣਾ ਬਣਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਇੱਛਾ ਅਨੁਸਾਰ ਇਸਨੂੰ ਜਗਨਨਾਥ ਪੁਰੀ ਨੂੰ ਦਾਨ ਕੀਤਾ ਸੀ।
ਇਤਿਹਾਸਕਾਰ ਮੰਨਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 ਨੂੰ ਹੋਈ ਸੀ ਅਤੇ ਅੰਗਰੇਜ਼ਾਂ ਨੇ ਦਸ ਸਾਲ ਬਾਅਦ ਉਸਦੇ ਪੁੱਤਰ ਦਲੀਪ ਸਿੰਘ ਤੋਂ ਖੋਹ ਲਿਆ ਸੀ। ਕੋਹਿਨੂਰ ਹੀਰੇ ਦੇ ਨਾਲ ਇੱਕ ਮਿੱਥ ਵੀ ਜੁੜਿਆ ਹੋਇਆ ਹੈ ਕਿ ਮਹਿਲਾਵਾਂ ਲਈ ਇਹ ਖੁਸ਼ਕਿਸਮਤੀ ਲੈ ਕੇ ਆਉਂਦਾ ਹੈ ਜਦਕਿ ਪੁਰਸ਼ਾਂ ਲਈ ਦੁਰਭਾਗ ਅਤੇ ਮੌਤ ਦਾ ਸਬੱਬ ਬਣਦਾ ਹੈ।
ਸੱਚ ਕਹਿਣਾ ਹੋਵੇ ਤਾਂ ਇਹ ਕਿ ਕੋਹਿਨੂਰ ਹੀਰਾ ਇਸ ਵੇਲੇ ਮਹਾਰਾਣੀ ਐਲਿਜ਼ਾਬੈੱਥ ਦੇ ਪਰਿਵਾਰ ਦੇ ਹੱਥ ਵਿੱਚ ਹੈ। ਉਹਨਾਂ ਦੀ ਇੱਛਾ ਉੱਤੇ ਨਿਰਭਰ ਕਰੇਗਾ ਕਿ ਉਹ ਇਸਨੂੰ ਕਿਸ ਦੇ ਹੱਥ ਵਿੱਚ ਸੌਂਪਣਾ ਚਾਹੁੰਦੇ ਹਨ। ਹੁਣ ਖੋਹਣ ਖੁਹਾਈ ਅਤੇ ਲੁੱਟ ਕਸੁੱਟ ਦੇ ਜ਼ਮਾਨੇ ਲੱਦ ਗਏ ਹਨ।