‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅਫਗਾਨਿਸਤਾਨ ‘ਚ ਰਹਿੰਦੇ ਬਾਕੀ ਹਿੰਦੂ-ਸਿੱਖਾਂ ਨੂੰ ਆਪਣੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਭਾਰਤ ਲਿਆਉਣ ਤੋਂ ਰੋਕਣ ਦੇ ਅਫ਼ਗ਼ਾਨਿਸਤਾਨ ਸਰਕਾਰ ਦੇ ਫੈਸਲੇ ਉਤੇ ਚਿੰਤਾ ਜਤਾਈ ਹੈ। ਅਫ਼ਗਾਨਿਸਤਾਨ ਵਿੱਚ 100 ਦੇ ਕਰੀਬ ਹਿੰਦੂ ਸਿੱਖ ਰਹਿ ਗਏ ਹਨ। ਭਾਰਤ ਸਰਕਾਰ ਨੇ ਇਨ੍ਹਾਂ ਨੂੰ ਵੀਜ਼ੇ ਦੇ ਕੇ ਬਹੁਤ ਵਧੀਆ ਕੰਮ ਕੀਤਾ ਹੈ। ਜੀਕੇ ਨੇ ਕਿਹਾ ਕਿ 11 ਸਤੰਬਰ ਨੂੰ ਅਫਗਾਨਿਸਤਾਨ ਤੋਂ 60 ਸਿੱਖ ਆ ਰਹੇ ਸਨ ਅਤੇ ਉੱਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪਾਂ ਨੂੰ ਉਨ੍ਹਾਂ ਨੇ ਨਾਲ ਲੈ ਕੇ ਆਉਣਾ ਸੀ ਪਰ ਉੱਥੋਂ ਦੀ ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਸਿੱਖਾਂ ਨੂੰ ਸਰੂਪ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ। ਏਨਾ ਹੀ ਨਹੀਂ, ਉਨ੍ਹਾਂ ਨੇ ਇਹ ਵੀ ਟਿੱਪਣੀ ਕੀਤੀ ਕਿ ਸਿੱਖਾਂ ਨੂੰ ਇਸ ਤੋਂ ਪਹਿਲਾਂ ਵੀ ਸਰੂਪ ਕਿਉਂ ਲਿਜਾਣ ਦਿੱਤੇ ਹਨ। ਤਾਂ ਅਫਗਾਨਿਸਤਾਨ ਦੇ ਸਿੱਖਾਂ ਨੇ ਕਿਹਾ ਕਿ ਅਸੀਂ ਉਦੋਂ ਤੱਕ ਇੱਥੋਂ ਨਹੀਂ ਜਾਵਾਂਗੇ ਜਦੋਂ ਤੱਕ ਸਾਨੂੰ ਸਰੂਪ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।

ਜੀਕੇ ਨੇ ਭਾਰਤ ਸਰਕਾਰ ਨੂੰ ਤਾਲਿਬਾਨ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣ ਲਈ ਦਬਾਅ ਪਾਉਣ ਦੀ ਅਪੀਲ ਕੀਤੀ ਹੈ। ਜੀਕੇ ਨੇ ਕਿਹਾ ਕਿ ਉੱਥੋਂ ਦੇ ਸਿੱਖਾਂ ਨੇ ਇਸ ਫੈਸਲੇ ਬਾਰੇ ਭਾਰਤ ਸਰਕਾਰ ਨੂੰ ਦੋ ਚਿੱਠੀਆਂ ਵੀ ਲਿਖੀਆਂ ਹਨ। ਜੀਕੇ ਨੇ ਮੱਧ ਪ੍ਰਦੇਸ਼ ਵਿਖੇ ਸਿੱਖ ਪ੍ਰਚਾਰਕ ਭਾਈ ਦਿਨੇਸ਼ ਸਿੰਘ ਐਲ.ਐਲ.ਐਮ. ਉਤੇ ਹਮਲੇ ਦੀ ਵੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਮੱਧ ਪ੍ਰਦੇਸ਼ ਸਰਕਾਰ ਨੂੰ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲੈਣ ਦੀ ਅਪੀਲ ਕੀਤੀ ਹੈ।