23 ਜੂਨ ਨੂੰ ਸੰਗਰੂਰ ਦੀ ਜ਼ਿਮਨੀ ਚੋਣ, 26 ਜੂਨ ਨੂੰ ਆਉਣਗੇ ਨਤੀਜੇ, 5 ਪਾਸੜ ਮੁਕਾਬਲਾ
– ਪੁਨੀਤ ਕੌਰ
‘ਦ ਖ਼ਾਲਸ ਬਿਊਰੋ ( ਖੁਸ਼ਵੰਤ ਸਿੰਘ) :- 23 ਜੂਨ ਨੂੰ ਸੰਗਰੂਰ ਵਿੱਚ ਜ਼ਿਮਨੀ ਚੋਣ ਤੋਂ ਬਾਅਦ 26 ਜੂਨ ਨੂੰ ਨਤੀਜਿਆਂ ਦਾ ਐਲਾਨ ਹੋਵੇਗਾ, ਪਰ ਇੱਕ ਗੱਲ ਤੈਅ ਮੰਨੀ ਜਾ ਰਹੀ ਹੈ ਕਿ ਸੰਗਰੂਰ ਦੇ ਨਤੀਜੇ ਨਾ ਸਿਰਫ਼ ਹਲਕੇ ਦੇ ਅਗਲੇ MP ਦੀ ਹੀ ਚੋਣ ਕਰਨਗੇ ਬਲਕਿ ਪੰਜਾਬ ਦਾ ਸਿਆਸੀ ਸਮੀਕਰਣ ਅਤੇ ਭਵਿੱਖ ਵੀ ਪੂਰੀ ਤਰ੍ਹਾਂ ਨਾਲ ਬਦਲ ਸਕਦੇ ਹਨ। ਇਸ ਵਿੱਚ ਵਜ਼ਾਰਤ ਦਾ ਸੁੱਖ ਮਾਣ ਰਹੀ ਆਮ ਆਦਮੀ ਪਾਰਟੀ ਦੇ ਨਾਲ ਅਕਾਲੀ ਦਲ,ਕਾਂਗਰਸ, ਬੀਜੇਪੀ ਦੇ ਨਾਲ ਸਿਸਮਰਜੀਤ ਸਿੰਘ ਮਾਨ ਵੀ ਸ਼ਾਮਲ ਹਨ। ਇਸ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ।
ਆਪ ‘ਤੇ ਜ਼ਿਮਨੀ ਚੋਣ ਦੇ ਨਤੀਜਿਆਂ ਦਾ ਅਸਰ
3 ਮਹੀਨੇ ਦੀ ਭਗਵੰਤ ਮਾਨ ਸਰਕਾਰ ਦਾ ਸਭ ਤੋਂ ਪਹਿਲਾਂ ਸਿਆਸੀ ਟੈਸਟ ਆਪਣੇ ਹੀ ਗੜ੍ਹ ਵਿੱਚ ਹੈ। ਸੰਗਰੂਰ 2014 ਤੋਂ ਆਪ ਦਾ ਗੜ੍ਹ ਹੈ। ਮਾਨ 2 ਵਾਰ ਹੂੰਝਾਫੇਰ ਜਿੱਤ ਨਾਲ MP ਬਣੇ, ਹੁਣ ਸੂਬੇ ਦੇ CM ਹਨ। ਆਮ ਆਦਮੀ ਪਾਰਟੀ ਜਿੱਤ ਦਾ ਦਾਅਵਾ ਕਰ ਰਹੀ ਹੈ ਪਰ ਜਿੱਤ ਹਾਰ ਦਾ ਅੰਤਰ ਆਮ ਆਦਮੀ ਪਾਰਟੀ ਦੇ ਸੂਬੇ ਵਿੱਚ ਸਿਆਸੀ ਭਵਿੱਖ ਨੂੰ ਤੈਅ ਕਰੇਗਾ। ਤਿੰਨ ਮਹੀਨੇ ਪਹਿਲਾਂ ਹੋਇਆ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਮੁਤਾਬਕ ਪਾਰਟੀ ਦੇ ਉਮੀਦਵਾਰ ਨੂੰ ਤਿੰਨ ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕਰਨੀ ਚਾਹੀਦੀ ਹੈ। ਜੇਕਰ ਜਿੱਤ ਹਾਰ ਦਾ ਫਾਸਲਾ ਹਜ਼ਾਰਾਂ ਵਿੱਚ ਆਇਆ ਤਾਂ 3 ਮਹੀਨੇ ਦੇ ਭਗਵੰਤ ਮਾਨ ਸਰਕਾਰ ਦੇ ਕੰਮ-ਕਾਜ ਦੇ ਉਂਗਲਾਂ ਉੱਠਣੀਆਂ ਤੈਅ ਹਨ।
ਭਗਵੰਤ ਮਾਨ ਸਰਕਾਰ ‘ਤੇ ਦਿੱਲੀ ਤੋਂ ਚੱਲਣ ਦੇ ਜਿਹੜੇ ਇਲਜ਼ਾਮ ਵਿਰੋਧੀ ਧਿਰ ਲੱਗਾ ਰਿਹਾ ਹੈ, ਇਸ ਦਾ ਅਸਰ ਆਪ ਦੀ ਦਿੱਲੀ ਅਤੇ ਪੰਜਾਬ ਦੀ ਲੀਡਰਸ਼ਿਪ ‘ਤੇ ਵੇਖਣ ਨੂੰ ਮਿਲ ਸਕਦਾ ਹੈ। ਸੁਨਾਮ ਤੋਂ ਆਪ ਦੇ ਵਿਧਾਇਕ ਅਮਨ ਅਰੋੜਾ ਵਰਗੇ ਜਿਹੜੇ ਵਿਧਾਇਕ ਕੈਬਨਿਟ ਵਿਸਤਾਰ ਦੇ ਜ਼ਰੀਏ ਵਜ਼ਾਰਤ ਵਿੱਚ ਆਉਣ ਦੇ ਸੁਪਨੇ ਵੇਖ ਰਹੇ ਹਨ, ਉਨ੍ਹਾਂ ਨੂੰ ਝਟਕਾ ਲੱਗ ਸਕਦਾ ਹੈ। ਤਿੰਨ ਮਹੀਨੇ ਪਹਿਲਾਂ ਅਮਨ ਅਰੋੜਾ ਨੇ ਤਕਰੀਬਨ 70 ਹਜ਼ਾਰ ਤੋਂ ਵਧ ਲੀਡ ਨਾਲ ਜਿੱਤ ਹਾਸਲ ਕੀਤੀ ਸੀ। ਇਸ ਲੀਡ ਨੂੰ ਬਰਕਰਾਰ ਰੱਖਣ ਨਾਲ ਹੀ ਉਨ੍ਹਾਂ ਦਾ ਕੈਬਨਿਟ ਵਿੱਚ ਆਉਣ ਦਾ ਰਸਤਾ ਤੈਅ ਹੋਵੇਗਾ। ਇਸ ਤੋਂ ਇਲਾਵਾ ਕੈਬਨਿਟ ‘ਚ ਮੀਤ ਹੇਅਰ ਅਤੇ ਹਰਪਾਲ ਚੀਮਾ ਵਰਗੇ ਮੰਤਰੀਆਂ ਦੇ ਕਦ ‘ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ। ਦੋਵਾਂ ਦੇ ਹਲਕੇ ਸੰਗਰੂਰ ਲੋਕ ਸਭਾ ਹਲਕੇ ਵਿੱਚ ਹਨ। ਜ਼ਿਮਨੀ ਚੋਣ ਦੇ ਨਤੀਜੇ ਸੂਬੇ ਦੀ ਕਾਨੂੰਨੀ ਹਾਲਤ ‘ਤੇ ਵੀ ਫਤਵਾ ਦੇਣਗੇ।
ਸਿੱਧੂ ਮੂਸੇਵਾਲਾ ਦੇ ਕਤਲ ਅਤੇ ਸੂਬੇ ਵਿੱਚ ਲੱਗਾਤਾਰ ਵੱਧ ਰਹੀਆਂ ਕ ਤਲ ਦੀ ਵਾਰਦਾਤਾਂ ਤੋਂ ਬਾਅਦ ਵਿਰੋਧੀ ਧਿਰ ਮਾਨ ਸਰਕਾਰ ਨੂੰ ਘੇਰ ਰਹੇ ਹਨ। ਸਿੱਧੂ ਮੂਸੇਵਾਲਾ ਦੇ ਕ ਤਲ ਨੇ ਆਪ ਦੇ ਮਿਸ਼ਨ ਸੰਗਰੂਰ ਨੂੰ ਸਭ ਤੋਂ ਵਧ ਸੱਟ ਮਾਰੀ ਹੈ। ਡੇਢ ਮਹੀਨੇ ਪਹਿਲਾਂ ਆਪ ਦੀ ਸੰਗਰੂਰ ਵਿੱਚ ਹੂੰਝਾਫੇਰ ਜਿੱਤ ਨਜ਼ਰ ਆ ਰਹੀ ਸੀ ਪਰ ਸਿੱਧੂ ਮੂਸੇਵਾਲਾ ਦੇ ਕ ਤਲ ਨੇ ਸਾਰੇ ਸਮੀਕਰਣ ਬਦਲ ਦਿੱਤੇ। ਨਤੀਜਾ ਇਹ ਹੋਇਆ ਕਿ ਸੀਐੱਮ ਭਗਵੰਤ ਮਾਨ ਨੂੰ ਸੰਗਰੂਰ ਵਿੱਚ ਡੇਰਾ ਲਾਉਣਾ ਪੈ ਗਿਆ। ਕੇਜਰੀਵਾਲ ਨੂੰ ਰੋਡ ਸ਼ੋਅ ਕਰਕੇ ਵੋਟ ਮੰਗਣੇ ਪਏ। ਸੰਗਰੂਰ ਚੋਣਾਂ ਦੇ ਨਤੀਜੇ ਅਕਾਲੀ ਦਲ ਦੀ ਪੰਥਕ ਵੋਟ ਦੀ ਸਿਆਸਤ ਨੂੰ ਵੀ ਤੈਅ ਕਰਨਗੇ।
2. ਅਕਾਲੀ ਦਲ ਦੀ ਪੰਥਕ ਵੋਟ ਦਾ ਭਵਿੱਖ
2022 ਦੀਆਂ ਵਿਧਾਨਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਸਾਹਮਣੇ ਸੰਗਰੂਰ ਚੋਣਾਂ ਦੇ ਜ਼ਰੀਏ ਪੰਥਕ ਵੋਟ ਬੈਂਕ ਨੂੰ ਬਚਾਉਣਾ ਹੈ।ਸਿਮਰਜੀਤ ਸਿੰਘ ਮਾਨ ਇਸ ਵਿੱਚ ਸੁਖਬੀਰ ਬਾਦਲ ਲਈ ਵੱਡੀ ਚੁਣੌਤੀ ਸਾਬਿਤ ਹੋ ਰਹੇ ਹਨ। ਇਸੇ ਲਈ ਸੰਗਰੂਰ ਜ਼ਿਮਨੀ ਚੋਣਾਂ ਲਈ ਉਮੀਦਵਾਰ ਐਲਾਨਣ ਦੇ ਲਈ ਉਹ ਪਹਿਲੀ ਵਾਰ ਮਾਨ ਦੇ ਦਰਵਾਜ਼ੇ ‘ਤੇ ਆਪ ਚੱਲ ਕੇ ਆਏ ਅਤੇ ਸਾਂਝਾ ਪੰਥਕ ਉਮੀਦਵਾਰ ਉਤਾਰਨ ਦੀ ਅਪੀਲ ਕੀਤੀ। ਸਿਮਰਨਜੀਤ ਮਾਨ ਭਾਵੇਂ ਅਹਿਮਦਗੜ੍ਹ ਤੋਂ ਵਿਧਾਨਸਭਾ ਚੋਣ ਹਾਰ ਗਏ ਪਰ ਤਕਰੀਬਨ ਡੇਢ ਦਹਾਕੇ ਬਾਅਦ ਜਿਸ ਤਰ੍ਹਾਂ ਨਾਲ ਉਨ੍ਹਾਂ ਦਾ ਵੋਟ ਫੀਸਦ ਵਧਿਆ , ਉਸ ਨੇ ਪੰਥਕ ਵੋਟ ਬੈਂਕ ਨੂੰ ਲੈ ਕੇ ਸੁਖਬੀਰ ਬਾਦਲ ਨੂੰ ਚਿੰਤਾ ਵਿੱਚ ਪਾ ਦਿੱਤਾ। ਦੀਪ ਸਿੱਧੂ ਦੀ ਮੌ ਤ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੇ ਨਾਲ ਪੰਥਕ ਵੋਟ ਬੈਂਕ ਜਿਸ ਤਰ੍ਹਾਂ ਨਾਲ ਇਕੱਠਾ ਹੋਇਆ ਹੈ, ਉਹ ਅਕਾਲੀ ਦਲ ਲਈ ਵੱਡੇ ਖ਼ਤਰੇ ਦੀ ਘੰਟੀ ਹੈ।
ਸਿਮਰਨਜੀਤ ਸਿੰਘ ਮਾਨ ਨੇ ਸੁਖਬੀਰ ਬਾਦਲ ਦੀ ਸਾਂਝਾ ਪੰਥਕ ਉਮੀਦਵਾਰ ਦੀ ਪੇਸ਼ਕਸ਼ ਠੁਕਰਾਈ ਤਾਂ ਪੰਥਕ ਵੋਟ ਬੈਂਕ ਨੂੰ ਬਚਾਉਣ ਲਈ ਅਕਾਲੀ ਦਲ ਨੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ, ਪਰ ਮੌਜੂਦਾ ਹਾਲਾਤ ਨੂੰ ਵੇਖ ਦੇ ਹੋਏ ਜੇਕਰ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਦੇ ਉਮੀਦਵਾਰ ਤੋਂ ਵਧ ਵੋਟ ਲੈ ਕੇ ਜਾਂਦੇ ਨੇ ਤਾਂ ਅਕਾਲੀ ਦਲ ਲਈ ਸਥਿਤੀ ਦੁਚਿੱਤੀ ਹੋ ਜਾਵੇਗੀ। ਸੰਗਰੂਰ ਲੋਕਸਭਾ ਸੀਟ ਪੰਜਾਬ ਦੀ ਪੰਥਕ ਸੀਟ ਦੀ ਤਰਜ਼ਮਾਨੀ ਕਰਦੀ ਹੈ। ਇਸ ਦਾ ਸਭ ਤੋਂ ਵੱਡਾ ਉਦਾਰਣ 2004 ਦੀਆਂ ਲੋਕਸਭਾ ਚੋਣ ਸੀ ਜਦੋਂ ਸਿਮਰਨਜੀਤ ਸਿੰਘ ਮਾਨ ਨੇ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੂੰ ਹਰਾ ਕੇ ਡੇਢ ਦਹਾਕੇ ਬਾਅਦ ਲੋਕਸਭਾ ਵਿੱਚ ਪਹੁੰਚੇ ਸਨ।
3. ਵੜਿੰਗ ਤੇ ਪ੍ਰਤਾਪ ਬਾਜਵਾ ਦਾ ਟੈਸਟ
ਸੰਗਰੂਰ ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਲਈ ਵੱਡਾ ਟੈਸਟ ਹੈ। ਸੂਬਾ ਪ੍ਰਧਾਨ ਅਤੇ ਆਗੂ ਵਿਰੋਧੀ ਧਿਰ ਬਣਨ ਤੋਂ ਬਾਅਦ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਦਾ ਸੰਗਰੂਰ ਜ਼ਿਮਨੀ ਚੋਣ ਪਹਿਲਾਂ ਟੈਸਟ ਹੈ। ਵੜਿੰਗ ਸਾਹਮਣੇ ਨਵਜੋਤ ਸਿੰਘ ਸਿੱਧੂ ਦੀ ਗੈਰ-ਹਾਜ਼ਰੀ ਵਿੱਚ ਆਪਣਾ ਦਮਖਮ ਵਿਖਾਉਣ ਦਾ ਮੌਕਾ ਹੈ ਜਦਕਿ ਪ੍ਰਤਾਪ ਬਾਜਵਾ ਦੇ ਸਾਹਮਣੇ ਮੌਕਾ ਹੈ ਕਿ ਉਹ ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਸੁਖ ਸਰਕਾਰੀਆ ਦੀ ਮਾਝਾ ਬ੍ਰਿਗੇਡ ਨੂੰ ਮਾਤ ਦੇ ਕੇ ਸੂਬਾ ਕਾਂਗਰਸ ਵਿੱਚ ਆਪਣਾ ਕਦ ਮਜਬੂਤ ਕਰ ਸਕਣ। ਨਵਜੋਤ ਸਿੰਘ ਸਿੱਧੂ ਭਾਵੇਂ ਜੇਲ੍ਹ ਵਿੱਚ ਹਨ ਪਰ ਇਸ ਦੇ ਬਾਵਜੂਦ ਵੜਿੰਗ ਨੂੰ ਸਿੱਧੂ ਤੋਂ ਵੱਡਾ ਸਿਆਸੀ ਖ਼ਤਰਾ ਹੈ। ਪ੍ਰਧਾਨ ਬਣਨ ਤੋਂ ਬਾਅਦ ਕਈ ਦਿੱਗਜ ਆਗੂ ਬੀਜੇਪੀ ਵਿੱਚ ਸ਼ਾਮਲ ਹੋ ਗਏ ਜਦਕਿ ਸਿੱਧੂ ਖੇਮੇ ਦਾ ਇੱਕ ਵੀ ਆਗੂ ਕਿਸੇ ਹੋਰ ਪਾਰਟੀ ਵਿੱਚ ਨਹੀਂ ਗਿਆ, ਕਾਂਗਰਸ ਹਾਈ ਕਮਾਨ ਨੂੰ ਵੀ ਪਤਾ ਹੈ ਕਿ ਸਿੱਧੂ ਹੁਣ ਵੀ ਪਾਰਟੀ ਦਾ ਵੱਡਾ ਚਿਹਰਾ ਹਨ ਅਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪਾਰਟੀ ਇੱਕ ਵਾਰ ਮੁੜ ਤੋਂ ਉਨ੍ਹਾਂ ਤੇ ਇੱਕ ਹੋਰ ਦਾਅ ਖੇਡ ਸਕਦੀ ਹੈ। ਰਾਜਾ ਵੜਿੰਗ ਇਸ ਗੱਲ ਤੋਂ ਜਾਣੂ ਹਨ, ਇਸੇ ਲਈ ਉਹ ਵਾਰ-ਵਾਰ 5 ਸਾਲ ਦਾ ਪ੍ਰਧਾਨਗੀ ਅਹੁਦੇ ਦਾ ਕਾਰਜਕਾਲ ਮੰਗ ਰਹੇ ਹਨ। ਸੰਗਰੂਰ ਜ਼ਿਮਨੀ ਦੇ ਨਤੀਜਿਆਂ ਨਾਲ ਕਿਧਰੇ ਨਾ ਕਿਧਰੇ ਰਾਜਾ ਵੜਿੰਗ ਦਾ ਸਿਆਸੀ ਭਵਿੱਖ ਦੇ ਨਾਲ ਕਾਂਗਰਸ ਦੀ ਸਿਆਸਤ ਵੀ ਜੁੜੀ ਹੈ।
4. ਬੀਜੇਪੀ ਦਾ ਜੋੜ-ਤੋੜ ਵਾਲਾ ਟੈਸਟ
2022 ਤੋਂ ਪਹਿਲਾਂ ਬੀਜੇਪੀ ਸਿਰਫ਼ 23 ਸੀਟਾਂ ‘ਤੇ ਹੀ ਚੋਣ ਲੜਦੀ ਰਹੀ ਸੀ। 2022 ਵਿੱਚ ਪਹਿਲੀ ਵਾਰ 23 ਦਾ ਦਾਇਰਾ ਤੋੜ ਪਾਰਟੀ ਨੇ 60 ਤੋਂ ਵੱਧ ਸੀਟਾਂ ‘ਤੇ ਚੋਣ ਲੜੀ। ਸਿਰਫ਼ 2 ਸੀਟਾਂ ਹੀ ਹੱਥ ਲੱਗੀਆਂ। ਸੰਗਰੂਰ ਦੇ ਕਈ ਇਲਾਕੇ ਸ਼ਹਿਰੀ ਖੇਤਰ ਵਿੱਚ ਆਉਂਦੇ ਹਨ, ਜੇਕਰ ਪਾਰਟੀ ਜ਼ਿਮਨੀ ਚੋਣ ਵਿੱਚ ਸ਼ਹਿਰੀ ਇਲਾਕੇ ਵਿੱਚ ਚੰਗਾ ਪ੍ਰਦਰਸ਼ਨ ਕਰਦੀ ਹੈ ਤਾਂ ਆਉਣ ਵਾਲੇ ਸਾਲਾਂ ਵਿੱਚ ਪਾਰਟੀ ਦਾ ਅਧਾਰ ਮਜ਼ਬੂਤ ਹੋ ਸਕਦਾ ਹੈ। ਪਾਰਟੀ ਦੀ ਵਿਸਤਾਰ ਨੀਤੀ ਦਾ ਵੀ ਸੰਗਰੂਰ ਵੱਡਾ ਟੈਸਟ ਹੈ।
ਕਾਂਗਰਸ ਦੇ ਦਿੱਗਜ ਆਗੂਆਂ ਦੀ ਪਾਰਟੀ ਵਿੱਚ ਐਂਟਰੀ ਅਤੇ ਕਾਂਗਰਸ ਦੇ ਹੀ 2 ਵਾਰ ਦੇ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਉਣ ਨਾਲ ਬੀਜੇਪੀ ਨੂੰ ਕਿੰਨਾਂ ਫਾਇਦਾ ਮਿਲਿਆ, ਨਤੀਜੇ ਇਹ ਵੀ ਤੈਅ ਕਰਨਗੇ। ਸਭ ਤੋਂ ਦਿਲਚਸਪ ਗੱਲ ਇਹ ਰਹੇਗੀ ਕਿ ਜੇਕਰ ਬੀਜੇਪੀ ਅਕਾਲੀ ਦਲ ਦੇ ਉਮੀਦਵਾਰ ਤੋਂ ਵੱਧ ਵੋਟ ਲੈ ਗਈ ਤਾਂ ਇਹ ਉਨ੍ਹਾਂ ਦਾ ਨਾ ਸਿਰਫ਼ ਹੌਂਸਲਾ ਵਧਾਉਣ ਵਾਲਾ ਹੋਵੇਗਾ ਬਲਕਿ ਭਵਿੱਖ ਵਿੱਚ ਜੇਕਰ ਅਕਾਲੀ ਦਲ-ਬੀਜੇਪੀ ਇਕੱਠੇ ਹੁੰਦੇ ਹਨ ਤਾਂ ਸਿਆਸੀ ਟੇਬਲ ਉੱਤੇ ਤੋਲ -ਮੋਲ ਕਰਨ ਦੀ ਵੱਧ ਤਾਕਤ ਮਿਲੇਗੀ। ਕੁੱਲ ਮਿਲਾ ਕੇ ਸੰਗਰੂਰ ਜ਼ਿਮਨੀ ਚੋਣ ਪੰਜਾਬ ਦੇ ਅਗਲੇ 5 ਸਾਲ ਦੇ ਸਿਆਸੀ ਭਵਿੱਖ ਨੂੰ ਤੈਅ ਕਰੇਗੀ।