Punjab

ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ

‘ਦ ਖ਼ਾਲਸ ਬਿਊਰੋ :ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੱਤਾ ਵਿੱਚ ਆਉਂਦਿਆਂ ਹੀ ਅਹਿਮ ਫ਼ੈਸਲੇ ਲਏ ਜਾ ਰਹੇ ਹਨ। ਇਸੇ ਵਿਚਾਲੇ ਹੁਣ ਮਾਨ ਸਰਕਾਰ ਵੱਲੋਂ ਪੰਜਾਬ ਦੇ ਅਧਿਆਪਕਾਂ ਸਬੰਧੀ ਵੱਡਾ ਫ਼ੈਸਲਾ ਲਿਆ ਗਿਆ ਹੈ।  ਸਿੱਖਿਆ ਵਿਭਾਗ ਨੇ ਅਧਿਆਪਕਾਂ ਤੇ ਕਰਮਚਾਰੀਆਂ ਵੱਲੋਂ ਵਿਦੇਸ਼ ਜਾਣ ਵਾਸਤੇ ਛੁੱਟੀ ਲੈਣ ਲਈ ਨਿਯਮਾਂ ਵਿਚ ਤਬਦੀਲੀ ਕਰਦਿਆਂ ਸਪਸ਼ਟ ਕੀਤਾ ਹੈ ਕਿ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਵਿਦੇਸ਼ ਜਾਣ ਲਈ ਛੁੱਟੀ ਸਿਰਫ਼ ਗਰਮੀਆਂ ਦੀਆਂ ਅਤੇ ਸਰਦੀ ਦੀਆਂ ਛੁੱਟੀਆਂ ਵਿਚ ਹੀ ਮਿਲੇਗੀ। ਬਾਕੀ ਸਮੇਂ ਵਿਚ ਇਹ ਛੁੱਟੀ ਨਹੀਂ ਮਿਲੇਗੀ।

ਸਿੱਖਿਆ ਵਿਭਾਗ ਵੱਲੋਂ ਸਮੂਹ ਜਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇਸ ਸਬੰਧੀ ਇੱਕ ਪੱਤਰ ਲਿਖਿਆ ਗਿਆ ਹੈ। ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਵਿਭਾਗ ਦੇ ਬਹੁਤ ਸਾਰੇ ਕਰਮਚਾਰੀਆਂ ਵੱਲੋਂ ਗਰਮੀ ਦੀਆਂ ਛੁੱਟੀਆਂ ਦੀ ਬਜਾਏ ਆਉਣ ਵਾਲੇ ਮਹੀਨਿਆਂ ਦੌਰਾਨ ਵਿਦੇਸ਼ ਜਾਣ ਲਈ ਛੁੱਟੀ ਅਪਲਾਈ ਕੀਤੀ ਜਾ ਰਹੀ ਹੈ ਕਿਉਂ ਜੋ ਆਉਣ ਵਾਲੇ ਮਹੀਨਿਆਂ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਜੋਰਾਂ ‘ਤੇ ਹੋਵੇਗੀ, ਜਿਸ ਕਾਰਨ ਅਜਿਹੇ ਅਧਿਆਪਕਾਂ ਦੀ ਵਿਦੇਸ਼ ਛੁੱਟੀ ਤੇ ਜਾਣ ਦੌਰਾਨ ਪੜ੍ਹਾਈ ਪ੍ਰਭਾਵਿਤ ਹੋਵੇਗੀ ।

ਸੂਬਾ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਅਨੁਸਾਰ ਡੀਪੀਆਈ ਸਿੱਖਿਆ ਵਿਭਾਗ ਦੀ ਕੋਆਰਡੀਨੇਸ਼ਨ ਸ਼ਾਖਾ ਨੇ ਸੈਰ-ਸਪਾਟੇ ਵਾਲੇ ਵਿਦੇਸ਼ ਛੁੱਟੀ ਲਈ ਗਰਮੀ ਦੀਆਂ ਛੁੱਟੀਆਂ ਦਾ ਸਮਾਂ ਹੀ ਨਿਸ਼ਚਤ ਕਰ ਦਿੱਤਾ ਹੈ । ਸਹਾਇਕ ਡਾਇਰੈਕਟਰ ਕੋਆਰਡੀਨੇਸ਼ਨ ਵੱਲੋਂ ਜਾਰੀ ਪੱਤਰ ਅਨੁਸਾਰ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਬਹੁਤ ਸਾਰੇ ਅਧਿਆਪਕ ਆਪਣੇ ਰਿਸ਼ਤੇਦਾਰਾਂ ਨੂੰ ਵਿਦੇਸ਼ ਮਿਲਣ ਜਾਣ ਵਾਸਤੇ ਉਨ੍ਹਾਂ ਮਹੀਨਿਆਂ ਦੀ ਚੋਣ ਕਰਦੇ ਹਨ ਜਿਨ੍ਹਾਂ ਵਿਚ ਪੜ੍ਹਾਈ ਦਾ ਜ਼ੋਰ ਹੁੰਦਾ ਹੈ ਜਿਸ ਕਾਰਨ ਵਿਦਿਆਰਥੀਆਂ ਦਾ ਨੁਕਸਾਨ ਹੁੰਦਾ ਹੈ, ਇਸ ਕਾਰਨ ਵਿਭਾਗ ਵੱਲੋਂ ਸਖ਼ਤ ਫ਼ੈਸਲਾ ਲਿਆ ਗਿਆ ਹੈ ।

ਸਰਕਾਰ ਦਾ ਕਹਿਣਾ ਹੈ ਕਿ ਅਧਿਆਪਕ/ਕਰਮਚਾਰੀ ਪਰਿਵਾਰਿਕ ਮੈਂਬਰਾਂ ਨੂੰ ਮਿਲਣ ਜਾਣ ਜਾਂ ਫਿਰ ਸੈਰ ਸਪਾਟੇ ਲਈ ਵਿਦੇਸ਼ ਛੁੱਟੀ ਕੇਵਲ ਗਰਮੀਆਂ/ਸਰਦੀਆਂ ਦੀਆਂ ਛੁੱਟੀਆਂ ਦੇ ਸਮੇਂ ਦੌਰਾਨ ਹੀ ਲਈ ਜਾਵੇ। ਹੁਣ ਵਿਦੇਸ਼ ਜਾਣ ਲਈ ਅਧਿਆਪਕਾਂ ਨੂੰ ਕੋਈ ਸਪੈਸ਼ਲ ਛੁੱਟੀ ਨਹੀਂ ਮਿਲੇਗੀ।