India

ਭਾਜਪਾ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਦ੍ਰੋਪਦੀ ਮੁਰਮੂ ਨੂੰ ਐਲਾਨਿਆਂ ਉਮੀਦਵਾਰ

‘ਦ ਖ਼ਾਲਸ ਬਿਊਰੋ : ਭਾਰਤੀ ਜਨਤਾ ਪਾਰਟੀ ਅਤੇ ਉਸਦੀਆਂ ਸਹਯੋਗੀ ਪਾਰਟੀਆਂ ਦੇ ਗੱਠਜੋੜ ਐਨ ਡੀ ਏ ਨੇ ਝਾਰਖੰਡ ਦੀ ਸਾਬਕਾ ਰਾਜਪਾਲ ਦ੍ਰੋਪਦੀ ਮੁਰਮੂ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਓਹਨਾਂ ਦਾ ਮੁਕਾਬਲਾ ਵਿਰੋਧੀ ਧਿਰ ਦੇ ਯਸ਼ਵੰਤ ਸਿਨਹਾ ਨਾਲ ਹੋਵੇਗਾ। ਜੁਲਾਈ 18 ਨੂੰ ਹੋਣ ਵਾਲੀ ਚੋਣਾਂ ਲਈ ਓਡੀਸਾ ਦੀ ਦ੍ਰੌਪਦੀ ਮੁਰਮੁ ਇਸ ਅਹੁਦੇ ਵਾਸਤੇ ਪਹਿਲੀ ਕਬਾਇਲੀ ਸਮਾਜ ਤੋਂ ਆਉਣ ਵਾਲੀ ਮਹਿਲਾ ਉਮੀਦਵਾਰ ਬਣ ਗਏ ਹਨ। ਉਹ ਝਾਰਖੰਡ ਦੀ ਗਵਰਨਰ ਵੀ ਰਹਿ ਚੁੱਕੇ ਹਨ।

ਇਸ ਤੋਂ ਪਹਿਲਾਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਨਾਂ ‘ਤੇ ਵਿਚਾਰ ਕਰਨ ਲਈ ਭਾਜਪਾ ਦੇ ਸੰਸਦੀ ਬੋਰਡ ਦੀ ਬੈਠਕ ਪਾਰਟੀ ਹੈੱਡਕੁਆਰਟਰ ‘ਤੇ ਹੋਈ। ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇ.ਪੀ.ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਸੰਸਦੀ ਬੋਰਡ ਦੇ ਹੋਰ ਮੈਂਬਰ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ 20 ਦੇ ਕਰੀਬ ਨਾਵਾਂ ’ਤੇ ਚਰਚਾ ਕੀਤੀ ਗਈ ਸੀ।

ਮੀਟਿੰਗ ਤੋਂ ਬਾਅਦ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਅੱਜ ਦੀ ਸੰਸਦੀ ਬੋਰਡ ਦੀ ਮੀਟਿੰਗ ਵਿੱਚ ਸਾਡੇ ਸਾਰਿਆਂ ਦੀ ਸਹਿਮਤੀ ਬਣੀ ਕਿ ਭਾਜਪਾ ਅਤੇ ਐਨਡੀਏ ਨੂੰ ਆਪਣੇ ਸਾਰੇ ਹਲਕਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਰਾਸ਼ਟਰਪਤੀ ਅਹੁਦੇ ਲਈ ਆਪਣਾ ਉਮੀਦਵਾਰ ਐਲਾਨ ਕਰਨਾ ਚਾਹੀਦਾ ਹੈ। ਦ੍ਰੋਪਦੀ ਮੁਰਮੂ ਨੂੰ ਐਨਡੀਏ ਨੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ ਹੈ।