‘ਦ ਖ਼ਾਲਸ ਬਿਊਰੋ : ਗੁਜਰਾਤ ਤੋਂ ਕਾਂਗਰਸ ਦੇ ਲੀਡਰ ਹਾਰਦਿਕ ਪਟੇਲ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਪਿਛਲੇ ਕੁਝ ਮਹੀਨਿਆਂ ਤੋਂ ਨਰਾਜ਼ ਚੱਲ ਰਿਹਾ ਸੀ। ਹਾਰਦਿਕ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਜਨਤਾ ਇਸ ਫੈਸਲੇ ਦਾ ਸਵਾਗਤ ਕਰੇਗੀ। ਰਾਹੁਲ ਗਾਂਧੀ ਨੇ 15 ਦਿਨ ਪਹਿਲਾਂ ਹਾਰਦਿਕ ਪਟੇਲ ਨਾਲ ਗੱਲਬਾਤ ਕੀਤੀ ਸੀ।
ਉਨ੍ਹਾਂ ਨੇ ਇੱਕ ਟਵੀਟ ਰਾਹੀਂ ਆਪਣੇ ਅਸਤੀਫੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਅੱਜ ਮੈਂ ਹਿੰਮਤ ਨਾਲ ਕਾਂਗਰਸ ਪਾਰਟੀ ਦੇ ਅਹੁਦੇ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ। ਮੈਨੂੰ ਯਕੀਨ ਹੈ ਕਿ ਮੇਰੇ ਫੈਸਲੇ ਦਾ ਮੇਰੇ ਸਾਰੇ ਸਾਥੀ ਅਤੇ ਗੁਜਰਾਤ ਦੇ ਲੋਕ ਸਵਾਗਤ ਕਰਨਗੇ। ਮੈਨੂੰ ਵਿਸ਼ਵਾਸ ਹੈ ਕਿ ਮੇਰੇ ਇਸ ਕਦਮ ਤੋਂ ਬਾਅਦ, ਮੈਂ ਭਵਿੱਖ ਵਿੱਚ ਗੁਜਰਾਤ ਲਈ ਸੱਚਮੁੱਚ ਸਕਾਰਾਤਮਕ ਕੰਮ ਕਰ ਸਕਾਂਗਾ।”
ਹਾਰਦਿਕ ਪਟੇਲ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ ਅਤੇ ਲਗਾਤਾਰ ਸੂਬਾਈ ਨੇਤਾਵਾਂ ਅਤੇ ਹਾਈਕਮਾਂਡ ‘ਤੇ ਸਵਾਲ ਚੁੱਕ ਰਹੇ ਸਨ। ਗੁਜਰਾਤ ਵਿਧਾਨ ਸਭਾ ਚੋਣਾਂ ‘ਚ ਕੁਝ ਹੀ ਸਮਾਂ ਬਚਿਆ ਹੈ। ਅਜਿਹੇ ‘ਚ ਹਾਰਦਿਕ ਪਟੇਲ ਦੇ ਅਸਤੀਫੇ ਨਾਲ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਹਾਰਦਿਕ ਪਟੇਲ ਨੇ ਆਪਣਾ ਅਸਤੀਫਾ ਸੋਨੀਆ ਗਾਂਧੀ ਨੂੰ ਸੌਂਪ ਦਿੱਤਾ ਹੈ।