Punjab

ਪੰਜਾਬ ਬੋਰਡ ਦੇ 12ਵੀਂ ਦੇ ਵਿਦਿਆਰਥੀਆਂ ਦੇ ਪੇਪਰਾਂ ਬਾਰੇ ਜ਼ਰੂਰੀ ਖ਼ਬਰ

‘ਦ ਖ਼ਾਲਸ ਬਿਊਰੋ:- ਕੋਵਿਡ-19 ਕਰਕੇ ਸਾਰੇ ਵਿੱਦਿੱਅਕ ਅਦਾਰਿਆਂ ਨੇ ਇਮਤਿਹਾਨਾਂ ਨੂੰ ਟਾਲ ਦਿੱਤਾ ਸੀ। ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਸ਼੍ਰੇਣੀ ਅਤੇ ਦਸਵੀਂ (ਕੇਵਲ ਓਪਨ ਸਕੂਲ) ਦੀ ਨਵੇਂ ਸਿਰਿਓਂ ਸਾਲਾਨਾ ਪ੍ਰੀਖਿਆ ਲੈਣ ਲਈ ਤਿਆਰੀਆਂ ਲਗਭੱਗ ਮੁੰਕਮਲ ਕਰ ਲਈਆਂ ਹਨ। ਜੁਲਾਈ ਵਿੱਚ ਬਾਕੀ ਰਹਿੰਦੇ ਵਿਸ਼ਿਆਂ ਦੀ ਪ੍ਰੀਖਿਆ ਕਰਵਾਈ ਜਾ ਸਕਦੀ ਹੈ। ਇਸ ਸਬੰਧੀ ਬੋਰਡ ਨੇ ਡੇਟਸ਼ੀਟ ਅਤੇ ਪ੍ਰੀਖਿਆਵਾਂ ਦਾ ਸ਼ਡਿਊਲ ਵੀ ਲਗਪਗ ਤਿਆਰ ਕਰ ਲਿਆ ਹੈ।

ਜਾਣਕਾਰੀ ਮੁਤਾਬਿਕ ਸਿੱਖਿਆ ਮੰਤਰੀ ਨੇ ਡੇਟਸ਼ੀਟ ਅਤੇ ਪ੍ਰੀਖਿਆ ਸ਼ਡਿਊਲ ਦੇਖਣ ਲਈ ਫਾਈਲ ਮੰਗਵਾ ਲਈ ਹੈ। ਇਸੇ ਦੌਰਾਨ ਸਿੱਖਿਆ ਵਿਭਾਗ ਦੇ ਸਕੱਤਰ-ਕਮ-ਸਕੂਲ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਨੇ ਬੋਰਡ ਅਧਿਕਾਰੀਆਂ ਨੂੰ CBSE ਵੱਲੋਂ ਕਰਵਾਈ ਜਾਣ ਵਾਲੀ ਬਾਰ੍ਹਵੀਂ ਦੀ ਪ੍ਰੀਖਿਆ ਸਬੰਧੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਕਿਹਾ ਹੈ। ਅੱਜ ਵੀ ਚੇਅਰਮੈਨ ਨੇ ਸਿੱਖਿਆ ਵਿਭਾਗ ਅਤੇ ਬੋਰਡ ਅਧਿਕਾਰੀਆਂ ਨਾਲ ਇਸ ਮੁੱਦੇ ’ਤੇ ਚਰਚਾ ਕਰਦਿਆਂ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਹਨ। ਬੋਰਡ ਅਧਿਕਾਰੀ ਨੇ ਦੱਸਿਆ ਕਿ ਕੋਵਿਡ-19 ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਇਸ ਲਈ ਕੋਈ ਵੀ ਫੈਸਲਾ ਹਾਲਾਤਾਂ ਨੂੰ ਦੇਖਿਦਿਆਂ ਹੀ ਲਿਆ ਜਾਵੇਗਾ।

ਕੰਟੀਨਿਊਸ਼ਨ ਫੀਸ ਜਮ੍ਹਾਂ ਕਰਵਾਉਣ ਦੀ ਮਿਤੀ 31 ਜੁਲਾਈ ਤੱਕ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਸੋਸੀਏਟਿਡ ਸਕੂਲਾਂ ਲਈ ਅਕਾਦਮਿਕ ਸਾਲ 2020-21 ਲਈ ਕੰਟੀਨਿਊਸ਼ਨ ਫੀਸ ਜਮ੍ਹਾ ਕਰਵਾਉਣ ਦੀਆਂ ਮਿਤੀਆਂ ਵਿੱਚ ਵਾਧਾ ਕੀਤਾ ਗਿਆ ਹੈ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਬੋਰਡ ਦੇ ਸਮੂਹ ਖੇਤਰੀ ਦਫ਼ਤਰਾਂ ਅਤੇ ਮੁੱਖ ਦਫ਼ਤਰ ਵਿੱਚ ਬਿਨਾਂ ਕਿਸੇ ਲੇਟ ਫੀਸ ਤੋਂ ਕੰਟੀਨਿਊਸ਼ਨ ਫੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਤਰੀਕ 30 ਜੂਨ ਸੀ, ਜਿਸ ਨੂੰ ਵਧਾ ਕੇ ਹੁਣ 31 ਜੁਲਾਈ ਕਰ ਦਿੱਤੀ ਗਈ ਹੈ। ਆਖ਼ਰੀ ਮਿਤੀ ਤੋਂ ਬਾਅਦ ਲੇਟ ਫੀਸ ਨਾਲ ਬਣਦੀ ਫੀਸ ਕੇਵਲ ਫੇਜ਼-8 ਸਥਿਤ ਮੁੱਖ ਦਫ਼ਤਰ ’ਚ ਹੀ ਜਮ੍ਹਾਂ ਕਰਵਾਈ ਜਾ ਸਕੇਗੀ।