‘ਦ ਖ਼ਾਲਸ ਬਿਊਰੋ :- ਭਾਰਤ ਵਿੱਚ ਕੋਰੋਨਾਵਾਇਰਸ ਨਾਲ ਪਹਿਲੀ ਵਾਰ ਪਿਛਲੇ 24 ਘੰਟਿਆਂ ਦੌਰਾਨ 2003 ਮੌਤਾਂ ਹੋਈਆਂ ਹਨ ਅਤੇ ਇਕ ਦਿਨ ਵਿੱਚ ਕੋਰੋਨਾਵਾਇਰਸ ਦੇ 10,947 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਤੱਕ ਮੌਤਾਂ ਦੀ ਕੁੱਲ ਗਿਣਤੀ 11,903 ਹੋ ਚੁੱਕੀ ਹੈ। ਭਾਰਤ ਵਿੱਚ ਮੌਤਾਂ ਦਾ ਇਕਦਮ ਹੋਇਆ ਪੰਜ ਗੁਣਾ ਵਾਧਾ ਭਾਰਤ ਦੇ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 2003 ਮੌਤਾਂ ਦਰਜ ਕੀਤੀਆਂ ਗਈਆਂ ਹਨ ਜਦਕਿ ਇਸ ਤੋਂ ਪਹਿਲਾਂ ਭਾਰਤ ਵਿੱਚ 24 ਘੰਟਿਆਂ ਵਿੱਚ ਕੇਵਲ 400 ਦੇ ਕਰੀਬ ਮੌਤਾਂ ਦੀ ਗਿਣਤੀ ਹੀ ਦਰਜ ਕੀਤੀ ਜਾਂਦੀ ਰਹੀ ਹੈ। ਇਸ ਗੱਲ ਦੀ ਪੁਸ਼ਟੀ ਖ਼ਬਰ ਏਜੰਸੀ ਏਐੱਨਆਈ ਨੇ ਕੀਤੀ ਹੈ। ਇਸ ਨਾਲ ਦੇਸ਼ ‘ਚ ਹੁਣ ਮਾਮਲਿਆਂ ਦੀ ਕੁੱਲ ਗਿਣਤੀ 3,54,065 ਹੋ ਚੁੱਕੀ ਹੈ।

ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਿਕ ਭਾਰਤ ਦੁਨੀਆ ਦੇ ਕੋਰੋਨਾਵਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚੋਂ ਅਮਰੀਕਾ, ਬ੍ਰਾਜ਼ੀਲ ਤੇ ਰੂਸ ਤੋਂ ਬਾਅਦ ਚੌਥੇ ਨੰਬਰ ਉੱਪਰ ਆ ਗਿਆ ਹੈ।