‘ਦ ਖ਼ਾਲਸ ਬਿਊਰੋ :- ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਤਾਇਨਾਤ ਸਿਹਤ ਅਮਲੇ ਦੇ 11 ਮੈਂਬਰਾਂ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਉਣ ਕਾਰਨ ਲੋਕ ਸਹਿਮ ਗਏ ਹਨ। ਇਨ੍ਹਾਂ 11 ਲੋਕਾਂ ਦੀ ਰਿਪੋਰਟ ‘ਚ ਇੱਕ ਡਾਕਟਰ, ਪੰਜ ਸਟਾਫ਼ ਨਰਸਾਂ, ਚਾਰ ਵਾਰਡ ਅਟੈਂਡੈਂਟ ਤੇ ਇੱਕ ਸੁਰੱਖਿਆ ਕਰਮਚਾਰੀ ਸ਼ਾਮਲ ਹੈ। ਇਹ ਸਿਹਤ ਅਮਲਾ ਹਸਪਤਾਲ ਦੇ ਐਂਮਰਜੈਂਸੀ ਵਾਰਡ ਨਾਲ ਸਬੰਧਤ ਹੈ, ਜਿਸ ਕਰਕੇ ਐਮਰਜੈਂਸੀ ਵਾਰਡ ਸੀਲ ਕਰਕੇ ਇੱਥੇ ਦਾਖ਼ਲ ਮਰੀਜ਼ਾਂ ਨੂੰ ਹੋਰ ਵਾਰਡ ’ਚ ਤਬਦੀਲ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਤਿੰਨ ਸਟਾਫ਼ ਨਰਸਾਂ ਪਹਿਲਾਂ ਹੀ ਕੋਰੋਨਾ ਪਾਜ਼ਿਟਿਵ ਹਨ। ਇਨ੍ਹਾਂ ਕੁੱਲ 14 ਜਣਿਆਂ ਵਿਚੋਂ ਸਿਰਫ਼ ਇੱਕ ਨਰਸ ਹੀ ਕੋਰੋਨਾ (ਆਈਸੋਲੇਸ਼ਨ) ਵਾਰਡ ਨਾਲ਼ ਸਬੰਧਤ ਹੈ। ਇਹ ਪੰਜਾਬ ਦਾ ਪਹਿਲਾ ਅਜਿਹਾ ਸਰਕਾਰੀ ਹਸਪਤਾਲ ਹੈ, ਜਿੱਥੇ ਸਿਹਤ ਅਮਲੇ ਨਾਲ ਸੰਬੰਧਤ ਇੰਨੇ ਕੇਸ ਸਾਹਮਣੇ ਆਏ ਹਨ। ਇਕੱਲੇ ਜ਼ਿਲ੍ਹਾ ਪਟਿਆਲਾ ’ਚ ਕੋਰੋਨਾ ਪਾਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 193 ਹੋ ਗਈ ਹੈ।

ਹਸਪਤਾਲ ਦੇ ਸਟਾਫ ਦੀਆਂ ਪਹਿਲਾਂ ਤਿੰਨ ਨਰਸਾਂ ਦੀ ਰਿਪੋਰਟ ਪਾਜ਼ਿਟਿਵ ਆਈ ਸੀ, ਜਿਸ ਕਾਰਨ ਸਿਹਤ ਵਿਭਾਗ ਨੇ ਡਾਕਟਰਾਂ ਤੇ ਨਰਸਾਂ ਸਮੇਤ ਸਿਹਤ ਵਿਭਾਗ ਨਾਲ ਸੰਬੰਧਤ 60 ਜਣਿਆਂ ਦੇ ਟੈਸਟ ਕੀਤੇ ਸਨ, ਜਿਨ੍ਹਾਂ ਵਿੱਚੋਂ 11 ਜਣਿਆਂ ਦੇ ਟੈਸਟ ਕੱਲ੍ਹ ਪਾਜ਼ਿਟਿਵ ਆ ਗਏ ਹਨ। ਇਨ੍ਹਾਂ ਤੋਂ ਇਲਾਵਾ ਰਾਜਿੰਦਰਾ ਹਸਪਤਾਲ ’ਚ ਕਿਸੇ ਹੋਰ ਬਿਮਾਰੀ ਕਾਰਨ ਦਾਖ਼ਲ ਹੋਣ ਵਾਲੀ ਰਣਬੀਰਪੁਰਾ ਪਿੰਡ ਦੀ 47 ਸਾਲਾ ਮਹਿਲਾ ਦੀ ਰਿਪੋਰਟ ਵੀ ਪਾਜ਼ਿਟਿਵ ਆਈ ਹੈ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪਾਜ਼ਿਟਿਵ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਤੇ ਇਨ੍ਹਾਂ ਦੇ ਸੰਪਰਕ ’ਚ ਆਏ ਸਾਥੀ ਮੁਲਾਜ਼ਮਾਂ ਤੇ ਹੋਰਾਂ ਦੇ ਵੀ ਟੈਸਟ ਕੀਤੇ ਜਾਣਗੇ। ਉਧਰ ਪਟਿਆਲਾ ਦੇ ਤਿੰਨ ਹੋਰ ਮਰੀਜ਼ਾਂ ਦੇ ਠੀਕ ਹੋਣ ‘ਤੇ ਹਸਪਤਾਲ ਤੋਂ ਛੁੱਟੀ ਮਿਲਣ ’ਤੇ ਘਰ ਭੇਜ ਦਿੱਤਾ ਗਿਆ।
ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਨੇ ਦੱਸਿਆ ਕਿ 11 ਜਣਿਆਂ ਦੀ ਰਿਪੋਰਟ ਪਾਜ਼ਿਟਿਵ ਆਉਣ ਕਰਕੇ ਐਮਰਜੈਂਸੀ ਵਾਰਡ ਫਿਲਹਾਲ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਐਮਰਜੈਂਸੀ ਵਾਰਡ ’ਚ ਦਾਖ਼ਲ ਰਹੇ ਮਰੀਜ਼ਾਂ ਦੇ ਵੀ ਕੋਰੋਨਾ ਸਬੰਧੀ ਟੈਸਟ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਐਮਰਜੈਂਸੀ ਵਾਰਡ ’ਚ ਸਾਧਾਰਨ ਬਿਮਾਰੀਆਂ ਨਾਲ ਸਬੰਧਤ ਮਰੀਜ਼ ਹੀ ਅਟੈਂਡ ਕੀਤੇ ਜਾਂਦੇ ਹਨ। ਜਦਕਿ ਕੋਰੋਨਾ ਮਰੀਜ਼ਾਂ ਲਈ ਇਸੇ ਹਸਪਤਾਲ ’ਚ ਵੱਖਰਾ ਵਾਰਡ ਹੈ। ਇਸੇ ਮਾਮਲੇ ਨੂੰ ਲੈ ਕੇ ਕੋਰੋਨਾ ਸਬੰਧੀ ਜ਼ਿਲ੍ਹਾ ਨੋਡਲ ਅਫ਼ਸਰ ਡਾ. ਸੁਮੀਤ ਸਿੰਘ ਹਸਪਤਾਲ ਪੁੱਜੇ ਹੋਏ ਸਨ।

ਰੋਸ ਵਜੋਂ ਹਸਪਤਾਲ ਸਟਾਫ ਨੇ ਧਰਨਾ ਲਾਇਆ
ਰਾਜਿੰਦਰਾ ਹਸਪਤਾਲ ਦੀਆਂ ਅੱਧੀ ਦਰਜਨ ਤੋਂ ਵੱਧ ਸਟਾਫ ਨਰਸਾਂ ਦੇ ਕੋਰੋਨਾ ਪਾਜ਼ਿਟਿਵ ਆਉਣ ਮਗਰੋਂ ਹਸਪਤਾਲ ਦੇ ਨਰਸਿੰਗ ਤੇ ਪੈਰਾਮੈਡੀਕਲ ਸਟਾਫ਼ ਨੇ ਰਾਤ 9 ਵਜੇ ਹਸਪਤਾਲ ‘ਚ ਧਰਨਾ ਲਾ ਦਿੱਤਾ। ਇਸ ਦੌਰਾਨ ਨਰਸਿੰਗ ਸਟਾਫ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਕਰਮਜੀਤ ਕੌਰ ਔਲਖ, ਚੇਅਰਪਰਸਨ ਸੰਦੀਪ ਕੌਰ ਬਰਨਾਲਾ ਤੇ ਪੈਰਾਮੈਡੀਕਲ ਸਟਾਫ਼ ਦੇ ਆਗੂ ਰਾਜੇਸ਼ ਬਾਂਸਲ ਲਹਿਰਾ, ਭੁਪਿੰਦਰਪਾਲ ਕੌਰ ਤੇ ਜਸਪ੍ਰੀਤ ਕੌਰ ਨੇ ਕਿਹਾ ਕਿ ਕੰਟਰੈਕਟ ਆਧਾਰ ’ਤੇ ਉਹ ਨਿਗੂਣੀਆਂ ਤਨਖ਼ਾਹਾਂ ਦੇ ਬਾਵਜੂਦ ਮੌਤ ਦੇ ਮੂੰਹ ’ਚ ਦਿਨ-ਰਾਤ ਡਿਊਟੀਆਂ ਨਿਭਾ ਰਹੇ ਹਨ, ਪਰ ਸਰਕਾਰ ਰੈਗੂਲਰ ਕਰਨ ਸਬੰਧੀ ਉਨ੍ਹਾਂ ਦੀ ਇੱਕ ਮੰਗ ਪ੍ਰਤੀ ਵੀ ਸੰਜੀਦਾ ਨਹੀਂ ਹੈ। ਇਸ ਮਸਲੇ ’ਤੇ ਚਰਚਾ ਕਰਨ ਲਈ ਇਨ੍ਹਾਂ ਸਿਹਤ ਮੁਲਾਜ਼ਮਾਂ ਵੱਲੋਂ 18 ਜੂਨ ਲਈ ਮੀਟਿੰਗ ਸੱਦ ਲਈ ਗਈ ਹੈ।