‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਵਿੱਚ ਸਥਿਤ ਵੀ.ਆਰ. ਮਾਲ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਵੀ.ਆਰ. ਅੰਬਰਸਰ ਮਾਲ ਦੇ ਮਾਲਕਾਂ ਨੂੰ ਅੰਬਰਸਰ ਨਾਮ ਹਟਾਉਣ ਦੇ ਹੁਕਮ ਦਿੱਤੇ ਹਨ ਕਿਉਂਕਿ ਸਰਕਾਰੀ ਨੋਟੀਫਿਕੇਸ਼ਨ ਵਿੱਚ ਸ਼ਹਿਰ ਦਾ ਨਾਂ ਅੰਮ੍ਰਿਤਸਰ ਹੈ ਨਾ ਕਿ ਅੰਬਰਸਰ ਹੈ। ਮਾਲ ਦੇ ਮਾਲਕਾਂ ਨੇ ਡੀਸੀ ਦੇ ਇਨ੍ਹਾਂ ਹੁਕਮਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਅਲੀਨਾ ਵੈਂਚਰਜ਼ ਵੱਲੋਂ ਦਾਇਰ ਕੀਤੀ ਗਈ ਇਸ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਜਸਟਿਸ ਲੀਜ਼ਾ ਗਿੱਲ ਨੇ ਵਿਰੋਧੀ ਧਿਰ ਨੂੰ ਨੋਟਿਸ ਜਾਰੀ ਕਰਦਿਆਂ ਡੀਸੀ ਦੇ ਹੁਕਮਾਂ ’ਤੇ ਫਿਲਹਾਲ ਰੋਕ ਲਗਾ ਦਿੱਤੀ ਹੈ।
ਸੀਨੀਅਰ ਵਕੀਲ ਚੇਤਨ ਮਿੱਤਲ ਅਤੇ ਉਦਿਤ ਗਰਗ ਅਤੇ ਸ਼ਿਫਾਲੀ ਗੋਇਲ ਵੱਲੋਂ ਡੀਸੀ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ। ਬੈਂਚ ਅੱਗੇ ਪੇਸ਼ ਹੋ ਕੇ ਮਿੱਤਲ ਨੇ ਦਲੀਲ ਦਿੱਤੀ ਕਿ ਪਟੀਸ਼ਨਕਰਤਾ ਦਾ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਮਿੱਤਲ ਨੇ ਕਿਹਾ ਕਿ ਅੰਮ੍ਰਿਤਸਰ ਬੋਲਚਾਲ ਵਿੱਚ “ਅੰਬਰਸਰ” ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਹ ਸ਼ਬਦ ਫਿਲਮਾਂ ਅਤੇ ਗਾਣਿਆਂ ਵਿੱਚ ਵੀ ਵਰਤਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਬਾਜ਼ਾਰ ਨੂੰ ‘ਅੰਬਰਸਰ ਬਜ਼ਾਰ’ ਵੀ ਕਿਹਾ ਜਾਂਦਾ ਹੈ। ਮਿੱਤਲ ਨੇ ਮਿਸਾਲਾਂ ਦਾ ਹਵਾਲਾ ਦਿੰਦਿਆਂ ਹੋਇਆ ਕਿਹਾ ਕਿ ‘ਅੰਬਰਸਰੀਆ ਦੀ ਹੱਟੀ’ ਅਤੇ ‘ਅੰਬਰਸਰ ਬੜੀਆਂ’ (‘Ambarsar Badiyaan’) ਵੱਖ-ਵੱਖ ਥਾਂਵਾਂ ‘ਤੇ ਵਰਤਿਆ ਗਿਆ ਹੈ। ਮਿੱਤਲ ਨੇ ਕਿਹਾ ਕਿ ਚਿੰਨ੍ਹ ਅਤੇ ਨਾਮ ਐਕਟ (ਗ਼ਲਤ ਇਸਤਮਾਲ ਦੀ ਰੋਕਥਾਮ) ਐਕਟ, 1950 ਦੇ ਅਨੁਸਾਰ ‘ਅੰਬਰਸਰ’ ਦੀ ਵਰਤੋਂ ਵਿੱਚ ਕੋਈ ਰੋਕ ਨਹੀਂ ਹੈ।