Punjab

ਸਰਕਾਰੀ ਬੱਸਾਂ ‘ਚ ਫ੍ਰੀ ਸਫਰ ਕਾਰਨ ਪ੍ਰਾਈਵੇਟ ਬੱਸਾਂ ਵਾਲੇ ਰਹਿ ਜਾਣਗੇ ਝਾਕਦੇ, ਗੱਲਾਂ-ਗੱਲਾਂ ‘ਚ ਕੀਤੀ ਸਰਕਾਰ ਦੀ ਝਾੜ੍ਹਝੰਬ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸਰਕਾਰੀ ਬੱਸਾਂ ਵਿੱਚ ਫ੍ਰੀ ਸਫਰ ਦਾ ਅੱਜ ਪਹਿਲਾਂ ਦਿਨ ਸੀ। ਕੱਲ੍ਹ ਪੰਜਾਬ ਕੈਬਨਿਟ ਨੇ ਸੂਬਾ ਸਰਕਾਰ ਦੇ ਬਜਟ ਦੌਰਾਨ ਕੀਤੇ ਇਸ ਮਹੱਤਵਪੂਰਨ ਫੈਸਲੇ ‘ਤੇ ਮੋਹਰ ਲਾਈ ਸੀ। ਸਰਕਾਰੀ ਬੱਸਾਂ ਵਿੱਚ ਅੱਜ ਪਹਿਲੇ ਦਿਨ ਕਿਹੋ ਜਿਹੇ ਹਾਲਾਤ ਰਹੇ ਹਨ ਤੇ ਇਸ ਸੌਗਾਤ ‘ਤੇ ਸਫਰ ਕਰਨ ਵਾਲੀਆਂ ਔਰਤਾਂ ਦੀ ਕੀ ਪ੍ਰਤਿਕਿਰਆ ਹੈ, ਇਹ ਜਾਨਣ ਲਈ ‘ਦ ਖ਼ਾਲਸ ਟੀਵੀ ਵੱਲੋਂ ਬੱਸਾਂ ਵਿੱਚ ਇਸਦਾ ਰਿਅਲਟੀ ਚੈੱਕ ਕੀਤਾ ਗਿਆ। ਇਸ ਦੌਰਾਨ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਕੈਪਟਨ ਸਰਕਾਰ ਤੋਂ ਜਤਾਈ ਨਾਰਾਜ਼ਗੀ ਹੈ।

ਖਰੜ ਬਸ ਸਟੈਂਡ ‘ਤੇ ਪ੍ਰਾਈਵੇਟ ਬੱਸਾਂ ਦੇ ਨੁਮਾਇੰਦਿਆਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਦੇ ਰੁਜ਼ਗਾਰ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ। ਔਰਤਾਂ ਸਣੇ ਹੋਰ ਯਾਤਰੀ ਪ੍ਰਾਈਵੇਟ ਬੱਸਾਂ ਵਿੱਚ ਸਫਰ ਕਰਨ ਤੋਂ ਕਿਨਾਰਾ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਇੱਕ ਉਮਰ ਹੱਦ ਮਿੱਥ ਕੇ ਇਹ ਫ੍ਰੀ ਦਾ ਐਲਾਨ ਕਰਦੀ ਤਾਂ ਉਨ੍ਹਾਂ ਨੂੰ ਨੁਕਸਾਨ ਨਹੀਂ ਹੋਣਾ ਸੀ ਪਰ ਹੁਣ ਉਹ ਕੈਪਟਨ ਸਰਕਾਰ ਦੇ ਇਸ ਫੈਸਲੇ ਤੋਂ ਖਾਸੇ ਨਾਰਾਜ਼ ਹਨ।