India Punjab

ਸਿਹਤ ਮੰਤਰੀ ਦਾ ਨਵਾਂ OSD ਦਿੱਲੀ ਤੋਂ, ਅਣਗੌਲਿਆਂ ਕੀਤੇ ‘ਆਪ’ ਦੇ ਭਮੱਕੜ

ਦਿੱਲੀ ਦੇ ਸ਼ਾਲੀਨ ਮਿੱਤਰਾ ਨੂੰ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ OSD (ਅਫਸਰ ਆਨ ਸਪੈਸ਼ਲ ਡਿਊਟੀ) ਨਿਯੁਕਤ ਕੀਤਾ ਗਿਆ ਹੈ। ਖਬਰਾਂ ਮੁਤਾਬਕ, ਉਸ ਦੀ ਤਨਖਾਹ 2 ਲੱਖ ਰੁਪਏ ਤੋਂ ਵੱਧ ਹੈ, ਹਾਲਾਂਕਿ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਕੋਈ ਵਾਧੂ ਵਿੱਤੀ ਲਾਭ ਨਹੀਂ ਦਿੱਤਾ ਜਾਵੇਗਾ। ਸ਼ਾਲੀਨ ਮਿੱਤਰਾ ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਦੀ ਨੇਤਾ ਆਤਿਸ਼ੀ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ ਅਤੇ ਉਹ ਦਿੱਲੀ ਸਰਕਾਰ ਦੇ DUSIB (Delhi Urban Shelter Improvement Board) ਦੇ ਚੇਅਰਮੈਨ ਦਾ ਸਕੱਤਰ ਰਹਿ ਚੁੱਕਾ ਹੈ। ਇਸ ਨਿਯੁਕਤੀ ਨੂੰ ਲੈ ਕੇ ਪੰਜਾਬ ਵਿੱਚ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।

ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਸਰਕਾਰ ਨੂੰ ਦਿੱਲੀ ਤੋਂ ਰਿਮੋਟ ਕੰਟਰੋਲ ਕਰ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ “ਡਮੀ” ਕਰਾਰ ਦਿੰਦਿਆਂ ਕਿਹਾ ਕਿ ਮਾਨ ਨੂੰ ਸਿਰਫ਼ ਚੁਟਕਲੇ ਸੁਣਾਉਣ, ਨੱਚਣ, ਰਿਬਨ ਕੱਟਣ ਅਤੇ ਸੁਰੱਖਿਆ ਦੇ ਨਾਂ ‘ਤੇ ਕਾਰਾਂ ਦੇ ਕਾਫ਼ਲੇ ਦਾ ਮਜ਼ਾ ਲੈਣ ਲਈ ਰੱਖਿਆ ਗਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੇ ਪੰਜਾਬ ਦੇ ਮਹੱਤਵਪੂਰਨ ਅਹੁਦਿਆਂ ‘ਤੇ ਕਬਜ਼ਾ ਕਰ ਲਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਸਰਕਾਰ ‘ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸ਼ਾਲੀਨ ਮਿੱਤਰਾ, ਜੋ ਉੱਤਰ ਪ੍ਰਦੇਸ਼ (ਮੁਜ਼ਫਰਨਗਰ) ਦਾ ਵਸਨੀਕ ਹੈ ਅਤੇ ਦਿੱਲੀ ਦੇ ‘ਆਪ’ ਨੇਤਾ ਸਤਿੰਦਰ ਜੈਨ ਦਾ ਪੀਏ ਰਹਿ ਚੁੱਕਾ ਹੈ, ਨੂੰ OSD ਨਿਯੁਕਤ ਕੀਤਾ ਗਿਆ। ਮਜੀਠੀਆ ਨੇ ਸਵਾਲ ਕੀਤਾ ਕਿ ਕੀ ਪੰਜਾਬ ਵਿੱਚ ਕੋਈ ਕਾਬਿਲ ਨੌਜਵਾਨ ਨਹੀਂ ਸੀ, ਜੋ ਬਾਹਰੀ ਸੂਬੇ ਦੇ ਵਿਅਕਤੀ ਨੂੰ ਇਹ ਅਹੁਦਾ ਦਿੱਤਾ ਗਿਆ। ਉਨ੍ਹਾਂ ਨੇ ਹੋਰ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਵਜੋਂ ਦਿੱਲੀ ਦੀ ਰੀਨਾ ਗੁਪਤਾ ਅਤੇ ਪੰਜਾਬ ਲਾਰਜ ਸਕੇਲ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਵਜੋਂ ਯੂਪੀ ਦੇ ਦੀਪਕ ਚੌਹਾਨ ਨੂੰ ਨਿਯੁਕਤ ਕੀਤਾ ਗਿਆ ਹੈ।

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਨੂੰ ਦਿੱਲੀ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਕਿਉਂ ਚਲਾਇਆ ਜਾ ਰਿਹਾ ਹੈ ਅਤੇ ਕੀ ਪੰਜਾਬੀਆਂ ਲਈ ਨੌਕਰੀਆਂ ਦੀ ਬਜਾਏ ਦਿੱਲੀ ਦੇ ਸਹਾਇਕਾਂ ਨੂੰ ਇਨਾਮ ਦਿੱਤੇ ਜਾ ਰਹੇ ਹਨ। ਵਿਰੋਧੀ ਧਿਰਾਂ ਨੇ ‘ਆਪ’ ਸਰਕਾਰ ‘ਤੇ ਪੰਜਾਬੀਆਂ ਨੂੰ ਨਜ਼ਰਅੰਦਾਜ਼ ਕਰਕੇ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਅਹੁਦੇ ਦੇਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਹੀ ‘ਬਦਲਾਅ’ ਸੀ, ਜਿਸ ਦੀ ਗੱਲ ‘ਆਪ’ ਨੇ ਵੋਟਾਂ ਮੰਗਣ ਸਮੇਂ ਕੀਤੀ ਸੀ।