ਮੰਗਲਵਾਰ ਰਾਤ ਨੂੰ ਜਲੰਧਰ ਵਿੱਚ ਬੀਐੱਸਐੱਫ ਹੈੱਡਕੁਆਰਟਰ ਅਤੇ ਅਟਾਰੀ ਆਰਮੀ ਛਾਉਣੀ ਦੇ ਬਾਹਰ ਹੋਏ ਧਮਾਕਿਆਂ ਤੋਂ ਬਾਅਦ ਪੰਜਾਬ ਦੀ ਸਿਆਸਤ ਦਰਮਾ ਗਈ ਹੈ। ਇਨ੍ਹਾਂ ਘਟਨਾਵਾਂ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਅਤੇ ਸੁਰੱਖਿਆ ਵਿਵਸਥਾ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਵਿਰੋਧੀ ਪਾਰਟੀਆਂ ਨੇ ਭਗਵੰਤ ਮਾਨ ਸਰਕਾਰ ਉੱਤੇ ਤਿੱਖਾ ਹਮਲਾ ਬੋਲਦਿਆਂ ਉਸ ਨੂੰ ਨਾਕਾਮ ਅਤੇ ਲੋਕਾਂ ਦੀ ਸੁਰੱਖਿਆ ਲਈ ਅਸਫਲ ਦੱਸਿਆ ਹੈ।
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਮਾਮਲੇ ਉੱਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਟਵੀਟ ਕੀਤਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇੱਕ ਹਫ਼ਤੇ ਦੇ ਅੰਦਰ ਸ਼ੰਭੂ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਲੜੀਵਾਰ ਧਮਾਕਿਆਂ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਬਿੱਟੂ ਨੇ ਆਪ ਸਰਕਾਰ ਉੱਤੇ ਦੋਸ਼ ਲਗਾਇਆ ਕਿ ਉਹ ਘਟਨਾਵਾਂ ਨੂੰ ਰੋਕਣ ਵਿੱਚ ਅਸਫਲ ਰਹੀ ਹੈ ਅਤੇ ਉਨ੍ਹਾਂ ਨੂੰ ਲੁਕਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬੇ ਵਿੱਚ ਸੁਰੱਖਿਆ ਪ੍ਰਣਾਲੀ ਇੰਨੀ ਢਿੱਲੀ ਹੋ ਗਈ ਹੈ ਕਿ ਅਪਰਾਧੀ ਬਿਨਾਂ ਡਰੇ ਅਪਰਾਧ ਕਰ ਰਹੇ ਹਨ। ਧਾਰਮਿਕ ਅਤੇ ਸੈਰ-ਸਪਾਟਾ ਨਗਰ ਅੰਮ੍ਰਿਤਸਰ ਵਿੱਚ ਅਜਿਹੀਆਂ ਘਟਨਾਵਾਂ ਪੰਜਾਬ ਦੇ ਅੰਤਰਰਾਸ਼ਟਰੀ ਅਕਸ ਨੂੰ ਵੀ ਨੁਕਸਾਨ ਪਹੁੰਚਾ ਰਹੀਆਂ ਹਨ।
ਪੰਜਾਬ ‘ਚ ਕਾਨੂੰਨ-ਵਿਵਸਥਾ ਦਾ ਦਿਵਾਲਾ: ਸੁਰੱਖਿਆ ਨਾਲ ਖਿਲਵਾੜ ਬੰਦ ਕਰੇ ਸਰਕਾਰ।
ਪੰਜਾਬ ਵਿੱਚ ਪਿਛਲੇ ਇੱਕ ਹਫ਼ਤੇ ਅੰਦਰ ਸ਼ੰਭੂ, ਜਲੰਧਰ ਅਤੇ ਹੁਣ ਅੰਮ੍ਰਿਤਸਰ ਵਿੱਚ ਹੋਏ ਲਗਾਤਾਰ ਧਮਾਕਿਆਂ ਨੇ ਸੂਬੇ ਦੀ ਸੁਰੱਖਿਆ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਬੇਹੱਦ ਚਿੰਤਾਜਨਕ ਹੈ ਕਿ ਸਰਕਾਰ ਸੱਚਾਈ ਸਾਹਮਣੇ ਲਿਆਉਣ ਦੀ ਬਜਾਏ ਹਰ ਘਟਨਾ ਨੂੰ ਦਬਾਉਣ… pic.twitter.com/6NZDbgbtgy— Ravneet Singh Bittu (@RavneetBittu) May 6, 2026
ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਇਸ ਘਟਨਾ ਨੂੰ ਬਹੁਤ ਖਤਰਨਾਕ ਅਤੇ ਨਿੰਦਣਯੋਗ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਫੌਜੀ ਢਾਂਚੇ ਅਤੇ ਬੀਐੱਸਐੱਫ ਟਿਕਾਣੇ ਵੀ ਸੁਰੱਖਿਅਤ ਨਹੀਂ ਰਹਿ ਸਕਦੇ ਤਾਂ ਆਮ ਲੋਕਾਂ ਦੀ ਸੁਰੱਖਿਆ ਦਾ ਕੀ ਹਾਲ ਹੋਵੇਗਾ। ਚੀਮਾ ਨੇ ਆਪ ਸਰਕਾਰ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਨੂੰ ਵਿਗਿਆਪਨਾਂ ਨਾਲ ਨਹੀਂ, ਸਚੀਆਂ ਅਤੇ ਯੋਗ ਵਿਵਸਥਾਵਾਂ ਨਾਲ ਚਲਾਇਆ ਜਾ ਸਕਦਾ ਹੈ। ਉਨ੍ਹਾਂ ਉੱਚ-ਪੱਧਰੀ ਜਾਂਚ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਪੰਜਾਬ ਵਿੱਚ ਬੀਤੀ ਰਾਤ ਅੰਮ੍ਰਿਤਸਰ ਅਤੇ ਜਲੰਧਰ ਦੇ ਆਰਮੀ/ਬੀ ਐਸ ਐਫ ਕੈਂਪਾਂ ਦੇ ਬਾਹਰ ਹੋਏ ਜਬਰਦਸਤ ਧਮਾਕੇ ਬਹੁਤ ਹੀ ਖਤਰਨਾਕ, ਚਿੰਤਾਜਨਕ ਅਤੇ ਨਿੰਦਣਯੋਗ ਹਨ। ਇਹ ਘਟਨਾਵਾਂ ਸੂਬੇ ਦੀ ਖਤਮ ਹੋ ਰਹੀ ਕਾਨੂੰਨ-ਵਿਵਸਥਾ ਅਤੇ ਆਮ ਆਦਮੀ ਪਾਰਟੀ ਸਰਕਾਰ ਦੀ ਨਾਕਾਮੀ ਅਤੇ ਮਾੜੇ ਸੁਰੱਖਿਆ ਪ੍ਰਬੰਧਾਂ ਨੂੰ ਬੇਨਕਾਬ ਕਰਦੀਆਂ ਹਨ।
ਜਦੋਂ ਫੌਜੀ ਠਿਕਾਣੇ ਹੀ… pic.twitter.com/GdvYn3cwLv— Dr Daljit S Cheema (@drcheemasad) May 6, 2026
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਲਗਾਤਾਰ ਹੋ ਰਹੇ ਧਮਾਕਿਆਂ ਨੇ ਸੂਬੇ ਦੀ ਸੁਰੱਖਿਆ ਵਿਵਸਥਾ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਪੁੱਛਿਆ ਕਿ ਆਪ ਸਰਕਾਰ ਇਨ੍ਹਾਂ ਘਟਨਾਵਾਂ ਨੂੰ ਰੋਕਣ ਵਿੱਚ ਕਿਉਂ ਨਾਕਾਮ ਹੋ ਰਹੀ ਹੈ ਅਤੇ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਕੀ ਕਰ ਰਹੀ ਹੈ। ਵੜਿੰਗ ਨੇ ਇੰਟੈਲੀਜੈਂਸ ਅਤੇ ਸੁਰੱਖਿਆ ਤੰਤਰ ਵਿੱਚ ਗੰਭੀਰ ਖਾਮੀਆਂ ਹੋਣ ਦਾ ਦੋਸ਼ ਲਗਾਇਆ।
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਘਟਨਾ ਉੱਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਖਾਸਾ ਕੈਂਪ ਨੇੜੇ ਹੋਏ ਧਮਾਕੇ ਦੀ CCTV ਫੁਟੇਜ ਨੇ ਸਰਕਾਰ ਦੇ ਖੋਖਲੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਸ-ਪਾਸ ਦੇ ਘਰਾਂ ਦੀਆਂ ਕੰਧਾਂ ਤੱਕ ਹਿੱਲ ਗਈਆਂ ਸਨ। ਫਿਰ ਵੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ “ਸਭ ਕੁਝ ਕੰਟਰੋਲ ਵਿੱਚ ਹੈ” ਵਾਲਾ ਝੂਠਾ ਬਿਆਨ ਦੇ ਰਹੇ ਹਨ। ਮਜੀਠੀਆ ਨੇ ਜਲੰਧਰ ਧਮਾਕੇ ਨੂੰ “ਸਕੂਟੀ ਵਿੱਚ ਅੱਗ ਲੱਗਣ” ਵਜੋਂ ਪੇਸ਼ ਕਰਨ ਵਾਲੀ ਸਰਕਾਰ ਦੀ ਕਵਰ-ਅੱਪ ਨੀਤੀ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਇਸ ਨੂੰ ਟਾਰਗੇਟਿਡ ਬਲਾਸਟ ਦੱਸਦਿਆਂ ਸੁਰੱਖਿਆ ਤੰਤਰ ਦੀ ਭਰਪੂਰ ਨਾਕਾਮੀ ਕਰਾਰ ਦਿੱਤੀ।
ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਆਪ ਸਰਕਾਰ ਨੂੰ ਝਾੜੂ ਸਰਕਾਰ ਕਿਹਾ ਅਤੇ ਕਿਹਾ ਕਿ ਇਹ ਸਰਕਾਰ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਪੁਲਿਸ ਹਮੇਸ਼ਾ ਤਾਇਨਾਤ ਰਹਿੰਦੀ ਹੈ ਉਥੇ ਵੀ ਧਮਾਕੇ ਹੋਣਾ ਸਰਕਾਰ ਦੀ ਨਾਕਾਮੀ ਨੂੰ ਉਜਾਗਰ ਕਰਦਾ ਹੈ। ਬਾਜਵਾ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਆਪਣੀ ਪਾਰਟੀ ਬਚਾਉਣ ਵਿੱਚ ਲੱਗੇ ਹੋਏ ਹਨ ਅਤੇ ਪੰਜਾਬ ਦੀ ਸ਼ਾਂਤੀ ਵੱਲ ਧਿਆਨ ਨਹੀਂ ਦੇ ਰਹੇ।

