‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰਨਾਲ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਸਥਿਤੀ ਤਣਾਅਪੂਰਨ ਹੈ। ਕਿਸਾਨਾਂ ਨੇ ਅੜਿੱਕਾ ਡਾਹ ਰਹੇ ਟਰੱਕਾਂ ਨੂੰ ਹਟਾ ਕੇ ਕਰਨਾਲ ਬਾਰਡਰ ਪਾਰ ਕਰ ਲਿਆ ਹੈ। ਕਿਸਾਨਾਂ ਵੱਲੋਂ ਟਰੱਕਾਂ ਨੂੰ ਧੱਕਾ ਲਾ ਕੇ ਪਿੱਛੇ ਕੀਤਾ ਗਿਆ ਹੈ। ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਲਈ ਟਰੱਕ ਖੜ੍ਹੇ ਕੀਤੇ ਗਏ ਸੀ। ਕਿਸਾਨਾਂ ਨੇ ਹਾਈਵੇਅ ‘ਤੇ ਬੈਰੀਕੇਡ ਤੋੜ ਕੇ ਪੈਦਲ ਹੀ ਚੱਲਣਾ ਸ਼ੁਰੂ ਕਰ ਦਿੱਤਾ ਹੈ।
ਕਿਸਾਨ ਯੂਨੀਅਨ ਦੇ ਲੀਡਰ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਹਰਿਆਣਾ ਦੇ ਕਿਸਾਨਾਂ ਦਾ ਇਹ ਕਾਫਲਾ ਕੱਲ੍ਹ ਅੰਬਾਲਾ ਤੋਂ ਕਰਨਾਲ ਦੇ ਲਈ ਚੱਲਿਆ ਸੀ। ਕਿਸਾਨ ਪਹਿਲਾਂ ਅੰਬਾਲਾ ਦੇ ਬੈਰੀਕੇਡ ਤੋੜ ਕੇ ਅਤੇ ਪਾਣੀ ਵਾਲੀਆਂ ਬੁਛਾੜਾਂ ਦੇ ਮੂੰਹ ਦੂਜੇ ਪਾਸੇ ਕਰਕੇ ਕੁਰੂਕਸ਼ੇਤਰ ਪਹੁੰਚੇ ਸਨ। ਕੁਰੂਰਸ਼ੇਤਰ ਵਿੱਚ ਬੈਰੀਕੇਡ ਹਟਾ ਕੇ ਕਿਸਾਨ ਕਰਨਾਲ ਪਹੁੰਚੇ ਹਨ।
ਕਰਨਾਲ ‘ਚ ਕਿਸਾਨ ਪੁਲਿਸ ਵੱਲੋਂ ਲਾਏ ਗਏ ਡਿਵਾਈਡਰਾਂ ਨੂੰ ਹਟਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਹਨ ਪਰ ਇਸਦੇ ਬਾਵਜੂਦ ਵੀ ਕਿਸਾਨ ਪੈਦਲ ਹੀ ਕਰਨਾਲ ਤੋਂ ਅੱਗੇ ਨਿਕਲ ਰਹੇ ਹਨ। ਇਸ ਦੌਰਾਨ ਕੁੱਝ ਟਰੈਕਟਰ-ਟਰਾਲੀਆਂ ਹੀ ਅੱਗੇ ਨਿਕਲ ਸਕੀਆਂ ਹਨ ਪਰ ਬਾਅਦ ਵਿੱਚ ਕਿਸਾਨਾਂ ਵੱਲੋਂ ਸਾਰੇ ਟਰੱਕਾਂ ਨੂੰ ਪਿੱਛੇ ਕਰਕੇ ਟਰੈਕਟਰ-ਟਰਾਲੀਆਂ ਲਈ ਰਾਹ ਬਣਾਇਆ ਗਿਆ ਹੈ।