Punjab

ਪੰਜਾਬ ਦੇ ਹਿਤ ਵਿੱਚ-ਕਿਸਾਨਾਂ ਨੇ ਸ਼ਰਤਾਂ ਨਾਲ ਯਾਤਰੀ ਰੇਲਾਂ ਚਲਾਉਣ ਨੂੰ ਦਿੱਤੀ ਪ੍ਰਵਾਨਗੀ, ਦਿੱਲੀ ਗੱਜ-ਵੱਜ ਕੇ ਜਾਣਗੇ, ਧਰਨੇ ਜਾਰੀ ਰਹਿਣਗੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੀਆਂ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੰਜਾਬ ਭਵਨ, ਚੰਡੀਗੜ੍ਹ ਵਿੱਚ ਕੀਤੀ ਗਈ ਮੀਟਿੰਗ ਤੋਂ ਬਾਅਦ ਸੂਬੇ ਵਿੱਚ ਮਾਲ ਗੱਡੀਆਂ ਦੇ ਨਾਲ ਹੀ ਯਾਤਰੀ ਰੇਲਾਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਕਿਸਾਨਾਂ ਨੇ ਕਿਹਾ ਕਿ ਅਸੀਂ ਨੀਵੇਂ ਹੋ ਕੇ ਕੇਂਦਰ ਸਰਕਾਰ ਦੀ ਸ਼ਰਤ ਮੰਨ ਲਈ ਹੈ। ਕਿਸਾਨਾਂ ਨੇ ਕਿਹਾ ਕਿ ਰੇਲਾਂ ਚਲਾਉਣ ਦਾ ਫੈਸਲਾ ਅਸੀਂ ਕਿਸੇ ਵੀ ਸਰਕਾਰ ਦੇ ਦਬਾਅ ਹੇਠਾਂ ਆ ਕੇ ਨਹੀਂ ਕੀਤਾ, ਅਸੀਂ ਯਾਤਰੀ ਰੇਲਾਂ ਚਲਾਉਣ ਦਾ ਫੈਸਲਾ ਪਹਿਲਾਂ ਤੋਂ ਹੀ ਲੈ ਚੁੱਕੇ ਸੀ ਪਰ ਰੇਲ ਮੰਤਰੀ ਦੇ ਅੜੀਅਲ ਰਵੱਈਏ ਕਰਕੇ ਉਦੋਂ ਇਸ ਫੈਸਲੇ ਦਾ ਐਲਾਨ ਨਹੀਂ ਕੀਤਾ ਸੀ।

ਕੱਲ੍ਹ ਰਾਤ ਨੂੰ ਕਿਸਾਨ ਰੇਲਵੇ ਏਰੀਆ ਖਾਲੀ ਕਰਨਗੇ। ਸੋਮਵਾਰ ਤੋਂ ਮਾਲ ਗੱਡੀਆਂ ਦੇ ਨਾਲ ਯਾਤਰੀ ਰੇਲਾਂ ਚੱਲਣੀਆਂ ਸ਼ੁਰੂ ਹੋ ਸਕਦੀਆਂ ਹਨ। ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਅਗਲੇ 15 ਦਿਨਾਂ ਵਿੱਚ ਜੇ ਕੇਂਦਰ ਸਰਕਾਰ ਨੇ ਉਨ੍ਹਾਂ ਨਾਲ ਗੱਲਬਾਤ ਨਾ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆ ਤਾਂ ਕਿਸਾਨਾਂ ਵੱਲੋਂ ਰੇਲਾਂ ਫਿਰ ਤੋਂ ਬੰਦ ਕੀਤੀਆਂ ਜਾਣਗੀਆਂ।

ਕਿਸਾਨਾਂ ਨੇ ਕਿਹਾ ਕਿ ਉਹ 26-27 ਨਵੰਬਰ ਨੂੰ ਦਿੱਲੀ ਜ਼ਰੂਰ ਘੇਰਣਗੇ। ਕਿਸਾਨ ਲੀਡਰਾਂ ਨੇ ਕਿਹਾ ਕਿ ‘ਦਿੱਲੀ ਤੱਕ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਦੇ ਕਿਸਾਨਾਂ ਦਾ ਪਹਿਲੀ ਵਾਰ ਇਤਿਹਾਸਕ ਲੌਂਗ ਮਾਰਚ ਕੀਤਾ ਜਾਵੇਗਾ। ਹਰ ਪਿੰਡ ਦੇ ਵਿੱਚੋਂ ਟਰੈਕਟਰ ਮਗਰ ਦੋ ਟਰਾਲੀਆਂ ਪਾਈਆਂ ਜਾਣਗੀਆਂ। ਇੱਕ ਟਰਾਲੀ ਵਿੱਚ ਗੱਦੇ-ਬਿਸਤਰੇ, ਤੰਬੂ ਅਤੇ ਖਾਣ-ਪੀਣ ਦਾ ਸਮਾਨ ਹੋਵੇਗਾ ਅਤੇ ਦੂਸਰੀ ਟਰਾਲੀ ਵਿੱਚ ਕਿਸਾਨ, ਬੀਬੀਆਂ ਤੇ ਬੱਚੇ ਹੋਣਗੇ। ਹਰ ਪਿੰਡ ਵਿੱਚੋਂ ਤਿੰਨ ਜਾਂ ਚਾਰ ਟਰੈਕਟਰ-ਟਰਾਲੀਆਂ ਭਰ ਕੇ ਜਾਣਗੀਆਂ’। ਕਿਸਾਨ ਲੀਡਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ‘ਜਦੋਂ ਕਿਸਾਨਾਂ ਦਾ ਕਾਫਲਾ ਦਿੱਲੀ ਵੱਲ ਜਾਵੇਗਾ ਤਾਂ ਉਦੋਂ ਪੰਜਾਬ ਵਿੱਚ ਸਾਡੇ ਟੋਲ ਪਲਾਜ਼ਿਆਂ, ਮਾਲਾਂ, ਰਿਲਾਇੰਸ ਪੰਪਾਂ, ਬੀਜੇਪੀ ਦੇ ਲੀਡਰਾਂ ਦੇ ਘਰਾਂ ਅੱਗੇ ਅਤੇ ਰੇਲਵੇ ਦੇ ਪਾਰਕਾਂ ਅੱਗੇ ਲੱਗੇ ਧਰਨੇ ਜਾਰੀ ਰਹਿਣਗੇ। ਉਸ ਦਿਨ ਸਾਰਾ ਹਿੰਦੁਸਤਾਨ ਦਿੱਲੀ ਨੂੰ ਘੇਰਾਂਗੇ’। ਕਿਸਾਨ ਲੀਡਰਾਂ ਨੇ ਸਿਆਸੀ ਪਾਰਟੀਆਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ‘ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਕਿਸਾਨਾਂ ਦੇ 26 ਨਵੰਬਰ ਵਾਲੇ ਅੰਦੋਲਨ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ, ਜਿਹੜੇ ਪੰਜਾਬ ਦੀਆਂ ਵੋਟਾਂ ‘ਤੇ ਰਾਜ ਕਰਦੇ ਹਨ।

ਕੀ ਸਨ ਕਿਸਾਨਾਂ ਦੀਆਂ ਮੰਗਾਂ

ਗੰਨੇ ਦੀ ਸਮੱਸਿਆ – ਕਿਸਾਨਾਂ ਨੇ ਕਿਹਾ ਕਿ ‘ਹਰਿਆਣੇ ਵਿੱਚ ਗੰਨੇ ਦਾ 350 ਰੁਪਏ ਰੇਟ ਹੈ ਅਤੇ ਪੰਜਾਬ ਵਿੱਚ 310 ਰੁਪਏ ਹੈ। ਇਸ ਕਰਕੇ ਪੰਜਾਬ ਵਿੱਚ ਰੇਟ ਨੂੰ ਵਧਾਇਆ ਜਾਵੇ ਅਤੇ ਇਸ ਰੇਟ ਨੂੰ ਹਰਿਆਣਾ ਤੋਂ ਉੱਪਰ ਕੀਤਾ ਜਾਵੇ ਕਿਉਂਕਿ ਪਹਿਲਾਂ ਪੰਜਾਬ ਵਿੱਚ ਗੰਨੇ ਦਾ ਰੇਟ ਹਰਿਆਣੇ ਨਾਲੋਂ ਵੱਧ ਹੁੰਦਾ ਸੀ’। ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਦਾ ਮੰਗ ਪੱਤਰ ਵੀ ਪੰਜਾਬ ਸਰਕਾਰ ਨੂੰ ਸੌਂਪਿਆ ਹੈ ਅਤੇ ਪੰਜਾਬ ਸਰਕਾਰ ਨੇ ਸਾਨੂੰ ਹਫਤੇ ਵਿੱਚ ਸਾਡੀਆਂ ਮੰਗਾਂ ‘ਤੇ ਗੌਰ ਕਰਕੇ ਅਗਲੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।