Punjab

ਦਿੱਲੀ ਦੇ ਘਿਰਾਉ ਲਈ ਇਕੱਠੀਆਂ ਹੋਈਆਂ 500 ਕਿਸਾਨ ਜਥੇਬੰਦੀਆਂ, ਚਾਰਾਂ ਪਾਸਿਆਂ ਤੋਂ ਘੇਰਨਗੇ ਦਿੱਲੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕਰਨ ਦੀ ਰਣਨੀਤੀ ਘੜ੍ਹ ਲਈ ਗਈ ਹੈ। ਅੱਜ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਜਾਣ ਦਾ ਪ੍ਰੋਗਰਾਮ ਉਲੀਕ ਲਿਆ ਹੈ ਅਤੇ ਦਿੱਲੀ ਦੇ ਘਿਰਾਉ ਲਈ ਕਰੀਬ 500 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਹਨ। ਕਿਸਾਨਾਂ ਨੇ ਕਿਹਾ ਕਿ ‘ਦਿੱਲੀ ਨੂੰ ਚਾਰਾਂ ਪਾਸਿਆਂ ਤੋਂ ਘੇਰਿਆ ਜਾਵੇਗਾ। ਦਿੱਲੀ ‘ਚ ਸਿਰਫ ਪੰਜਾਬ ਦੇ ਹੀ ਨਹੀਂ, ਪੂਰੇ ਦੇਸ਼ ਦੇ ਕਿਸਾਨ ਜਾਣਗੇ। 26 ਨਵੰਬਰ ਨੂੰ ਪੂਰੇ ਦੇਸ਼ ਦੇ ਕਿਸਾਨ ਕਿਸਾਨੀ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਬਿਜਲੀ ਦਾ ਕਾਨੂੰਨ ਲਿਆਉਣ ਦੀ ਜੋ ਸਾਜਿਸ਼ ਕੀਤੀ ਜਾ ਰਹੀ ਹੈ, ਉਸਨੂੰ ਵਾਪਿਸ ਲਏ ਜਾਣ ਅਤੇ ਪਰਾਲੀ ਸਾੜਨ ਦੇ ਨਾਮ ‘ਤੇ ਕਿਸਾਨ ਨੂੰ ਫਸਾਉਣ ਦੀ ਜੋ ਕੋਸ਼ਿਸ਼ ਹੋ ਰਹੀ ਹੈ, ਉਸ ਨੂੰ ਹਟਾਏ ਜਾਣ ਦੀ ਮੰਗ ਕਰਨਗੇ’।

ਕਿਸਾਨਾਂ ਨੇ ਕਿਹਾ ਕਿ ‘ਹੁਣ ਸਾਰੇ ਦੇਸ਼ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਇੱਕ ਮੰਚ ਬਣਾਇਆ ਹੈ, ਜਿਸਦਾ ਨਾਂ ਰੱਖਿਆ ਹੈ ਸੰਯੁਕਤ ਕਿਸਾਨ ਮੋਰਚਾ। ਕਿਸਾਨਾਂ ਦਾ ਅਗਲਾ ਅੰਦੋਲਨ ਹੁਣ ਸੰਯੁਕਤ ਕਿਸਾਨ ਮੋਰਚਾ ਨਾਂ ਦੇ ਬੈਨਰ ਥੱਲੇ ਲੜਿਆ ਜਾਵੇਗਾ। ਇਹ ਮੋਰਚਾ ਸ਼ੁਰੂ ਤਾਂ 26 ਨਵੰਬਰ ਨੂੰ ਹੋਵੇਗਾ ਪਰ ਮੋਰਚਾ ਖ਼ਤਮ ਉਦੋਂ ਹੋਵੇਗਾ, ਜਦੋਂ ਤੱਕ ਸਾਡੀ ਗੱਲ ਨਹੀਂ ਮੰਨੀ ਜਾਂਦੀ’।

ਕਿਸਾਨਾਂ ਨੇ ਦੱਸਿਆ ਕਿ ਪੰਜ ਵੱਡੇ ਹਾਈਵੇਅਸ ਦੇ ਰਾਹੀਂ ਕਿਸਾਨ ਦਿੱਲੀ ਪਹੁੰਚਣਗੇ। ਇਹ ਹਾਈਵੇਅਸ ਹਨ :

  1. ਨੈਸ਼ਨਲ ਹਾਈਵੇਅ 1, ਜੀਟੀ ਰੋਡ, ਜੋ ਦਿੱਲੀ ਨੂੰ ਜਾਂਦਾ ਹੈ।
  2. ਜੈਪੁਰ ਦਿੱਲੀ ਹਾਈਵੇਅ।
  3. ਆਗਰਾ ਦਿੱਲੀ ਹਾਈਵੇਅ।
  4. ਰੋਹਤਕ-ਹਿਸਾਰ ਦਿੱਲੀ ਹਾਈਵੇਅ।
  5. ਬਰੇਲੀ-ਦਿੱਲੀ ਹਾਈਵੇਅ।

ਇਨ੍ਹਾਂ ਪੰਜ ਹਾਈਵੇਅਸ ‘ਤੇ ਦੇਸ਼ ਦੇ ਸਾਰੇ ਕਿਸਾਨ ਇਕੱਠੇ ਹੋਣਗੇ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਦਿੱਲੀ ਵੱਲ ਨੂੰ ਮਾਰਚ ਕਰਨਗੇ। ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ‘ਕਿਸਾਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਜੇਕਰ ਇਜਾਜ਼ਤ ਨਹੀਂ ਮਿਲਦੀ ਤਾਂ ਸਾਨੂੰ ਜਿੱਥੇ ਵੀ ਰੋਕਿਆ ਗਿਆ, ਅਸੀਂ ਉੱਥੇ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਬੈਠ ਕੇ ਅਣਮਿੱਥੇ ਸਮੇਂ ਤੱਕ ਧਰਨਾ ਦੇਵਾਂਗੇ। ਪੰਜਾਬ ਵਿੱਚ ਮਾਲ ਗੱਡੀਆਂ ਨੂੰ ਤੁਰੰਤ ਸ਼ੁਰੂ ਕੀਤਾ ਜਾਣ ਦੀ ਮੰਗ ਵੀ ਕਰਾਂਗੇ ਅਤੇ ਦੇਸ਼ ਵਿੱਚ ਅਡਾਨੀ-ਅੰਬਾਨੀ ਦੇ ਸਾਰੇ ਪਦਾਰਥਾਂ ਦਾ ਵਿਰੋਧ ਕੀਤਾ ਜਾਵੇਗਾ’।

ਕਿਸਾਨਾਂ ਨੇ ਸਰਕਾਰ ਨੂੰ ਹਦਾਇਤ ਦਿੰਦਿਆਂ ਕਿਹਾ ਕਿ ‘ਸਰਕਾਰ ਦੀ ਸ਼ਰਾਫਤ ਇਸ ਗੱਲ ਵਿੱਚ ਹੈ ਕਿ ਉਹ ਸਾਨੂੰ ਦਿੱਲੀ ਜਾਣ ਦੇਵੇ ਕਿਉਂਕਿ ਦਿੱਲੀ ਸਾਡੀ ਰਾਜਧਾਨੀ ਹੈ, ਅਸੀਂ ਹਿੰਦੁਸਤਾਨ ਦੇ ਨਾਗਰਿਕ ਹਾਂ ਪਰ ਸਾਨੂੰ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਮਿਲ ਰਹੀ। ਜੇ ਸਾਨੂੰ ਦਿੱਲੀ ‘ਚ ਦਾਖਲ ਨਾ ਹੋਣ ਦਿੱਤਾ ਤਾਂ ਅਸੀਂ ਵੀ ਦਿੱਲੀ ਨੂੰ ਹਰਿਆਣਾ, ਯੂ.ਪੀ. ‘ਚ ਦਾਖਲ ਨਹੀਂ ਹੋਣ ਦਿਆਂਗੇ। ਇਹ ਅੰਦੋਲਨ ਕੇਵਲ ਕਿਸਾਨਾਂ ਨੂੰ ਹੀ ਨਹੀਂ ਬਲਕਿ ਹਰ ਨਾਗਰਿਕ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਹ ਕਾਨੂੰਨ ਅਮਰੀਕਾ ਵਾਸਤੇ ਠੀਕ ਹੋ ਸਕਦੇ ਹਨ ਪਰ ਹਿੰਦੁਸਤਾਨ ਦੇ ਲਈ ਠੀਕ ਨਹੀਂ ਹਨ ਕਿਉਂਕਿ ਹਿੰਦੁਸਤਾਨ ਦੀ ਆਰਥਿਕ ਹਾਲਤ ਠੀਕ ਨਹੀਂ ਹੈ’।

ਕਿਸਾਨਾਂ ਨੇ ਮੀਡੀਆ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਕਿਸਾਨ ਅੰਦੋਲਨ ਵਿੱਚ ਮੀਡੀਆ ਬਹੁਤ ਚੰਗਾ ਸਹਿਯੋਗ ਕਰ ਰਿਹਾ ਹੈ ਅਤੇ ਇਸ ਅੰਦੋਲਨ ਨੂੰ ਬਹੁਤ ਵਧੀਆ ਉਠਾ ਰਿਹਾ ਹੈ’। ਕਿਸਾਨਾਂ ਨੇ ਮੀਡੀਆ ਨੂੰ ਇਸ ਅੰਦੋਲਨ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।