Punjab

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅਟੈਚੀ ‘ਚ ਪਾ ਕੇ ਜਾ ਰਿਹਾ ਵਿਅਕਤੀ ਏਅਰਪੋਰਟ ‘ਤੇ ਕੀਤਾ ਕਾਬੂ

‘ਦ ਖ਼ਾਲਸ ਬਿਊਰੋ :- ਅੱਜ ਅੰਮ੍ਰਿਤਸਰ ਏਅਰਪੋਰਟ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੁਕਾ ਕੇ ਲਿਜਾਉਂਦੇ ਹੋਏ ਇੱਕ ਸਖ਼ਸ ਨੂੰ ਏਅਰਪੋਰਟ ਅਥਾਰਿਟੀ ਨੇ ਫੜਿਆ ਹੈ,ਸੂਤਰਾਂ ਦੀ ਜਾਣਕਾਰੀ ਮੁਤਾਬਿਕ ਇਹ ਵਿਅਕਤੀ ਆਪਣੇ ਨਾਲ ਇੱਕ ਅਟੈਚੀ ਵਿੱਚ ਸਰੂਪਾਂ ਨੂੰ ਲੈ ਕੇ ਜਾ ਰਿਹਾ ਸੀ, ਮੌਕੇ ‘ਤੇ SGPC ਅਤੇ ਸਤਕਾਰ ਕਮੇਟੀ ਦੇ ਮੈਂਬਰ ਪਹੁੰਚੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸਤਕਾਰ ਨਾਲ ਆਪਣੇ ਨਾਲ ਲੈ ਕੇ ਗਏ, ਪਰ ਜਿਸ ਤਰ੍ਹਾਂ ਨਾਲ ਸਰੂਪਾਂ ਨੂੰ ਅਟੈਚੀ ਵਿੱਚ ਲਿਜਾਇਆ ਜਾ ਰਿਹਾ ਸੀ, ਉਹ ਮਰਿਆਦਾ ਤੋਂ ਉਲਟ ਸੀ। ਜਿਸ ‘ਤੇ ਪੁਲਿਸ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਕਾਫ਼ੀ ਗੰਭੀਰਤਾ ਨਾਲ ਲੈ ਰਹੀ ਹੈ।

ਦੱਸਣਯੋਗ ਹੈ ਕਿ ਜਸਬੀਰ ਸਿੰਘ ਨਾਂ ਦਾ ਇਹ ਸ਼ਖ਼ਸ ਮੋਗਾ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਸਬੰਧ ਨਾਨਕਸਰ ਦੇ ਡੇਰੇ ਨਾਲ ਦੱਸਿਆ ਜਾ ਰਿਹਾ ਹੈ, ਇਸ ਸਖ਼ਸ ਨੂੰ ਇੱਕ ਆਟੋ ਡਰਾਇਵਰ ਦੀ ਸੂਚਨਾ ‘ਤੇ ਫੜਿਆ ਗਿਆ, ਕਿਹਾ ਜਾ ਰਿਹਾ ਹੈ ਕਿ ਆਟੋ ਡਰਾਇਵਰ ਨੇ ਇਸ ਸ਼ਖ਼ਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈਕੇ ਜਾਂਦੇ ਹੋਏ ਵੇਖਿਆ, ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਕੀਤੀ ਗਈ ਅਤੇ ਜਸਬੀਰ ਸਿੰਘ ਨੂੰ ਏਅਰਪੋਰਟ ਦੇ ਅੰਦਰ ਫੜ ਲਿਆ ਗਿਆ।

ਇਸ ਮਾਮਲੇ ਦੀ ਜਾਣਕਾਰੀ ‘ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਂਸ਼ਨਲ ਏਅਰਪੋਰਟ ਰਾਜਾਸਾਂਸੀ (ਸ੍ਰੀ ਅੰਮ੍ਰਿਤਸਰ ਸਾਹਿਬ ) ਵਿਖੇ ਜਸਬੀਰ ਸਿੰਘ ਅਤੇ ਜਵਾਲਾ ਸਿੰਘ ਨਾਮ ਦੇ ਦੋ ਵਿਅਕਤੀਆਂ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਅਟੈਚੀਂ ਵਿੱਚ ਬੰਦ ਕਰਕੇ ਜ਼ਹਾਜ ਰਾਹੀ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ, ਉਹ ਬਹੁਤ ਹੀ ਮੰਦਭਾਗਾ ਹੈ। ਇਸ ਤਰ੍ਹਾਂ ਸਮਾਨ ਦੀ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਲਿਜਾਣਾ ਬਹੁਤ ਵੱਡਾ ਨਿਰਾਦਰ ਹੈ। ਜੋ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ।
ਇਸ ਸਬੰਧੀ ਸਿੰਘ ਸਾਹਿਬ ਜੀ ਨੇ ਪ੍ਰਸ਼ਾਸ਼ਨ ਨੂੰ ਵੀ ਹਦਾਇਤ ਕੀਤੀ ਹੈ ਕਿ ਇਨ੍ਹਾਂ ਵਿਅਕਤੀਆਂ ਉਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਵਿਅਕਤੀ ਅਜਿਹਾ ਕਰਨ ਦੀ ਹਿੰਮਤ ਨਾ ਕਰੇ। ਇਸ ਤੋਂ ਇਲਾਵਾ ਸਿੰਘ ਸਾਹਿਬ ਜੀ ਨੇ ਇੱਕ ਉੱਚ ਪੱਧਰੀ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ ਹੈ ਜੋ ਇਸ ਮਾਮਲੇ ਦੀ ਪੂਰੀ ਗਹਿਰਾਈ ਤੀਕ ਪੜਤਾਲ ਕਰੇਗੀ ਕਿ ਅਜਿਹੇ ਵਿਅਕਤੀਆਂ ਦੀ ਪੁਸ਼ਤਪਨਾਹੀ ਕਰਨ ਵਾਲੇ ਲੋਕ ਸਾਹਮਣੇ ਆ ਸਕਣ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀ ਜਾਵੇਗਾ। ਜਥੇਦਾਰ ਸਿੰਘ ਸਾਹਿਬ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਅਧਿਕਾਰੀਆਂ ਦੀ ਸਲਾਘਾ ਵੀ ਕੀਤੀ, ਜਿਨ੍ਹਾਂ ਨੇ ਸਮੇਂ ਸਿਰ ਕਾਰਵਾਈ ਕਰਕੇ ਗੁਰੂ ਸਾਹਿਬ ਜੀ ਦਾ ਨਿਰਾਦਰ ਹੋਣ ਤੋਂ ਬਚਾ ਲਿਆ ਅਤੇ ਪ੍ਰਸ਼ਾਸ਼ਨ ਦੀ ਮਦਦ ਨਾਲ ਦੋਸ਼ੀਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ।