Punjab

ਪਾਕਿਸਤਾਨ ਵਾਂਗ ਭਾਰਤ ਵੀ ਕਰਤਾਰਪੁਰ ਲਾਂਘਾ ਮੁੜ ਖੋਲ੍ਹ ਕੇ ਖੁੱਲਦਿਲੀ ਦਾ ਦੇਵੇ ਸਬੂਤ – ਜਥੇਦਾਰ ਹਰਪ੍ਰੀਤ ਸਿੰਘ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅੱਜ ਕਰਤਾਰਪੁਰ ਸਾਹਿਬ ਲਾਂਘੇ ਦੀ ਪਹਿਲੀ ਵਰ੍ਹੇਗੰਢ ਮੌਕੇ ਬੋਲਦਿਆਂ ਕਿਹਾ ਕਿ ‘ਕਰਤਾਰਪੁਰ ਲਾਂਘੇ ਨੇ ਏਸ਼ੀਆ ਖਿੱਤੇ ਵਿੱਚ ਸ਼ਾਂਤੀ ਦਾ ਮੀਲ ਪੱਥਰ ਸਾਬਿਤ ਹੋਣਾ ਸੀ ਪਰ ਦੋਵਾਂ ਮੁਲਕਾਂ ਦੀ ਰਾਜਨੀਤੀ ਮਾਮਲੇ ਨੂੰ ਵਿਗਾੜਨ ਦੀ ਜੱਦੋ-ਜਹਿਦ ਕਰ ਰਹੀ ਹੈ। ਦੋਵਾ ਮੁਲਕਾਂ ਦੇ ਲੋਕ ਅਮਨ ਚਾਹੁੰਦੇ ਹਨ ਅਤੇ ਦੋਵਾਂ ਮੁਲਕਾਂ ਦੀ ਸ਼ਾਂਤੀ ਲਈ ਕਰਤਾਰਪੁਰ ਲਾਂਘਾ ਇੱਕ ਬਿਹਤਰ ਵਿਕਲਪ ਹੈ।

ਕਰਤਾਰਪੁਰ ਲਾਂਘੇ ਨੂੰ ਕੋਰੋਨਾਵਾਇਰਸ ਕਰਕੇ ਬੰਦ ਕੀਤਾ ਗਿਆ ਸੀ ਪਰ ਭਾਰਤ ਸਰਕਾਰ ਨੇ ਅਜੇ ਵੀ ਲਾਂਘੇ ਨੂੰ ਨਹੀਂ ਖੋਲ੍ਹਿਆ, ਜਦਕਿ ਬਾਕੀ ਸਾਰੇ ਧਾਰਮਿਕ ਅਸਥਾਨ ਤਕਰੀਬਨ ਖੋਲ੍ਹ ਦਿੱਤੇ ਗਏ ਹਨ। ਭਾਰਤ ਸਰਕਾਰ ਨੂੰ ਕਰਤਾਰਪੁਰ ਲਾਂਘਾ ਬਿਨਾ ਦੇਰੀ ਕੀਤਿਆਂ ਖੋਲ੍ਹਣਾ ਚਾਹੀਦਾ ਹੈ। ਜੇਕਰ ਪਾਕਿਸਤਾਨ ਨੇ ਲਾਂਘਾ ਮੁੜ ਖੋਲ੍ਹ ਕੇ ਖੁੱਲ੍ਹਦਿਲੀ ਦਾ ਸਬੂਤ ਦਿੱਤਾ ਹੈ ਤਾਂ ਭਾਰਤ ਸਰਕਾਰ ਨੂੰ ਵੀ ਕਰਤਾਰਪੁਰ ਲਾਂਘਾ ਮੁੜ ਖੋਲ੍ਹ ਕੇ ਖੁੱਲ੍ਹਦਿਲੀ ਦਾ ਸਬੂਤ ਦੇਣਾ ਚਾਹੀਦਾ ਹੈ। ਮੀਡੀਆ ਕਰਕੇ ਦੋਵਾਂ ਮੁਲਕਾਂ ਵਿਚਾਲੇ ਬੇਵਿਸ਼ਵਾਸੀ ਦਾ ਮਾਹੌਲ ਬਣਿਆ ਹੋਇਆ ਹੈ’।