International

ਕਰਤਾਰਪੁਰ ਸਾਹਿਬ ਗੁਰਦੁਆਰਾ – ਪਾਕਿਸਤਾਨ ਕਮੇਟੀ ਦੇ ਸਿੱਖ ਲੀਡਰਾਂ ਨੇ ਭਾਰਤੀ ਮੀਡੀਆ ਨੂੰ ਕਿਹੜਾ ਜਵਾਬ ਦਿੱਤਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਅਮੀਰ ਸਿੰਘ ਨੇ ਭਾਰਤ ਵਿੱਚ ਫੈਲਾਈ ਜਾ ਰਹੀ ਗਲਤ ਜਾਣਕਾਰੀ ਨੂੰ ਨਕਾਰਦਿਆਂ ਕਿਹਾ ਕਿ ਭਾਰਤੀ ਮੀਡੀਆ ਪਾਕਿਸਤਾਨ ਸਰਕਾਰ ਵੱਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਾਰੇ ਅਖਤਿਆਰ ਵਾਪਿਸ ਲਏ ਜਾਣ ਅਤੇ ਕਰਤਾਰਪੁਰ ਸਾਹਿਬ ਸਮੇਤ ਸਾਰੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਪਾਕਿਸਤਾਨ ਸਰਕਾਰ ਵੱਲੋਂ ਕੀਤੇ ਜਾਣ ਦੀ ਅਫਵਾਹ ਫੈਲਾ ਰਿਹਾ ਹੈ।

ਉਨ੍ਹਾਂ ਕਿਹਾ ਕਿ  ‘ਜਦੋਂ ਤੋਂ ਇਹ ਕਮੇਟੀ ਬਣੀ ਹੈ, 1999 ਤੋਂ ਬਾਅਦ ਸਿੱਖਾਂ ਦੇ ਜਿੰਨੇ ਵੀ ਗੁਰਧਾਮ ਜਾਂ ਇਤਿਹਾਸਕ ਅਸਥਾਨ ਹਨ, ਉਨ੍ਹਾਂ ਦੀ ਸੇਵਾ ਸੰਭਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ’। ਉਨ੍ਹਾਂ ਨੇ ਪਾਕਿਸਤਾਨ ਵੱਲੋਂ ਬਣਾਈ ਗਈ 9 ਮੈਂਬਰੀ ਕਮੇਟੀ ਵਿੱਚ ਕਿਸੇ ਵੀ ਸਿੱਖ ਨੂੰ ਨਾ ਲਏ ਜਾਣ ਅਤੇ ਉਨ੍ਹਾਂ ਕੋਲੋਂ ਗੁਰਦੁਆਰਾ ਸਾਹਿਬ ਦੇ ਸਾਰੇ ਪ੍ਰਬੰਧ ਲਏ ਜਾਣ ਦਾ ਖੰਡਨ ਕਰਦਿਆਂ ਕਿਹਾ ਕਿ ‘ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਰਹਿਤ ਮਰਿਯਾਦਾ ਅਨੁਸਾਰ ਲੰਗਰ ਦੀ ਸੇਵਾ, ਗੋਲਕ ਦੀ ਸੇਵਾ, ਹਰ ਚੀਜ਼ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ।

ਉਨ੍ਹਾਂ SGPC ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਸਾਲ 1999 ਵਿੱਚ ਜਦੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਜੂਦ ਵਿੱਚ ਆਈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸਦਾ ਵਿਰੋਧ ਕੀਤਾ ਸੀ, ਜਿਸ ਕਰਕੇ ਕਈ ਸਾਲ ਸਿੱਖ ਸੰਗਤਾਂ ਪਾਕਿਸਤਾਨ ਨਹੀਂ ਆ ਸਕੀਆਂ ਸੀ। ਪਹਿਲਾਂ ਤਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਸੀਂ ਸਵੀਕਾਰ ਨਹੀਂ ਕੀਤਾ ਸੀ ਅਤੇ ਅੱਜ ਤੁਹਾਨੂੰ ਸਾਡੇ ਅਖਤਿਆਰ ਚੇਤੇ ਆ ਗਏ। ਇਹ ਦੋਗਲੀ ਪਾਲਿਸੀ ਮਨਜਿੰਦਰ ਸਿੰਘ ਸਿਰਸਾ ਅਤੇ ਦੂਜੀਆਂ ਤਾਕਤਾਂ ਕਰਦੀਆਂ ਹਨ, ਸਾਨੂੰ ਸਾਰੀਆਂ ਸਮਝ ਆਉਂਦੀਆਂ ਹਨ’।

ਉਨ੍ਹਾਂ ਕਿਹਾ ਕਿ ‘ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਸੀ ਤਾਂ ਸਾਡੀਆਂ ਦੋਵਾਂ ਸਰਕਾਰਾਂ ਦੀ ਸਹਿਮਤੀ ਹੋਈ ਸੀ ਕਿ ਉਸ ਲਾਂਘੇ ਦੇ ਰਾਹੀਂ 5000 ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆ ਸਕਦੇ ਹਨ। ਪਰ SGPC ਅਤੇ ਮਨਜਿੰਦਰ ਸਿੰਘ ਸਿਰਸਾ ਨੇ 3000 ਤੱਕ ਲੋਕਾਂ ਨੂੰ ਵੀ ਇੱਥੇ ਨਹੀਂ ਭੇਜਿਆ। ਪਾਕਿਸਤਾਨ ਸਰਕਾਰ ਨੂੰ ਅਸੀਂ 29 ਜੂਨ 2020 ਨੂੰ ਬੇਨਤੀ ਕੀਤੀ ਸੀ ਕਿ ਇਹ ਲਾਂਘਾ ਮੁੜ ਖੋਲ੍ਹ ਦਿੱਤਾ ਜਾਵੇ ਅਤੇ ਪਾਕਿਸਤਾਨ ਸਰਕਾਰ ਨੇ ਸਾਡੀ ਮੰਗ ਨੂੰ ਮੰਨਦਿਆਂ ਇਹ ਲਾਂਘਾ ਖੋਲ੍ਹ ਦਿੱਤਾ। ਅਸੀਂ ਭਾਰਤ ਸਰਕਾਰ ਨੂੰ ਵੀ ਲਾਂਘਾ ਖੋਲ੍ਹਣ ਦੀ ਬੇਨਤੀ ਕੀਤੀ ਸੀ ਪਰ ਹਾਲੇ ਤੱਕ ਭਾਰਤ ਸਰਕਾਰ ਨੇ ਲਾਂਘਾ ਨਹੀਂ ਖੋਲ੍ਹਿਆ’।

ਉਨ੍ਹਾਂ ਕਿਹਾ ਕਿ ‘ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਜ਼ਾਦ ਕਮੇਟੀ ਹੈ ਅਤੇ ਇਹ SGPC ਵਾਂਗ ਸਿਰਫ ਪੰਜਾਬ ਤੱਕ ਹੀ ਸੀਮਤ ਨਹੀਂ ਹੈ। ਸਾਡੀ ਕਮੇਟੀ ਪੰਜਾਬ ਤੋਂ ਲੈ ਕੇ ਸਿੰਧ ਤੱਕ ਜਿੰਨੇ ਵੀ ਗੁਰਦੁਆਰਾ ਸਾਹਿਬ ਹਨ, ਉਹ ਸਾਡੇ ਅਧੀਨ ਹਨ ਅਤੇ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਤ ਮਰਿਆਦਾ ਦੀ ਪਾਲਣਾ ਕਰਦੇ ਹਾਂ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਧਾਰਮਿਕ ਮਾਮਲਿਆਂ ਵਿੱਚ ਕਿਸੇ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰੇਗੀ’।