India

ਡਾਕਟਰਾਂ ਦਾ ਚਮਤਕਾਰ! ਬੱਚੀ ਦੇ ਫੇਫੜਿਆਂ ‘ਚ ਫਸੀ 4cm ਲੰਮੀ ਸੂਈ ਬਾਹਰ ਕੱਢੀ

ਤਾਮਿਲਨਾਡੂ ਵਿੱਚ ਡਾਕਟਰਾਂ ਦੇ ਇੱਕ ਸਮੂਹ ਨੇ ਚਮਤਕਾਰ ਕਰਕੇ ਦਿਖਾ ਦਿੱਤਾ ਹੈ। ਇਨ੍ਹਾਂ ਡਾਕਟਰਾਂ ਨੇ ਇੱਕ 14 ਸਾਲ ਦੀ ਬੱਚੀ ਦੀ ਜਾਨ ਬਚਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ। ਬੱਚੀ ਦੇ ਫੇਫੜਿਆਂ ਵਿੱਚ ਸੂਈ ਫਸੀ ਹੋਈ ਸੀ ਜਿਸ ਨੂੰ ਕੱਢਣ ਲਈ ਡਾਕਟਰਾਂ ਨੇ ਬ੍ਰੌਨਕੋਸਕੋਪੀ ਨਾਂ ਦਾ ਦਾ ਆਪਰੇਸ਼ਨ ਕਰਕੇ ਉਸ ਦੀ ਜਾਨ ਬਚਾਈ। ਡਾਕਟਰਾਂ ਦੇ ਇਸ ਕਾਰਨਾਮੇ ਦੀ ਖ਼ਬਰ ਕਾਫੀ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਲੋਕ ਡਾਕਟਰਾਂ ਦੀ ਕਾਫੀ ਪ੍ਰਸ਼ੰਸਾ ਕਰ ਰਹੇ ਹਨ।

ਖ਼ਬਰ ਏਜੰਸੀ ਪੀਟੀਆਈ ਨੇ ਟਵਿੱਟਰ ’ਤੇ ਇਸ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਤਮਿਲਨਾਡੂ ਦੇ ਤੰਜਾਵੁਰ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਸਾਢੇ ਤਿੰਨ ਮਿੰਟਾਂ ਵਿੱਚ ਚਾਕੂ ਦੀ ਵਰਤੋਂ ਕੀਤੇ ਬਿਨਾਂ 14 ਸਾਲਾ ਲੜਕੀ ਦੇ ਫੇਫੜੇ ਵਿੱਚੋਂ ਚਾਰ ਸੈਂਟੀਮੀਟਰ ਲੰਬੀ ਸੂਈ ਕੱਢ ਕੇ ਇੱਕ ਰਿਕਾਰਡ ਬਣਾ ਲਿਆ ਹੈ। ਉਨ੍ਹਾਂ ਦੱਸਿਆ ਕਿ ਲੜਕੀ ਨੇ ਕੱਪੜੇ ਪਾਉਂਦੇ ਸਮੇਂ ਸੂਈ ਨਿਗਲ ਲਈ ਸੀ। ਹਸਪਤਾਲ ਦੇ ਡਾਕਟਰਾਂ ਨੇ ਸੂਈ ਨੂੰ ਕੱਢਣ ਲਈ ਬ੍ਰੌਨਕੋਸਕੋਪੀ ਨਾਮਕ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਹੈ।

ਇਸ ਵੀਡੀਓ ਨੂੰ ਸਾਂਝਾ ਕੀਤੇ ਜਾਣ ਤੋਂ ਬਾਅਦ ਲਗਭਗ ਇੱਕ ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ ਤੇ ਗਿਣਤੀ ਵਧਦੀ ਜਾ ਰਹੀ ਹੈ। ਇਸ ਸ਼ੇਅਰ ’ਤੇ ਹੁਣ ਤੱਕ ਕਰੀਬ ਸੈਂਕੜੇ ਲਾਈਕਸ ਆ ਚੁੱਕੇ ਹਨ। ਲੋਕਾਂ ਨੇ ਡਾਕਟਰਾਂ ਦੀ ਤਾਰੀਫ਼ ਕਰਦੇ ਹੋਏ ਕਈ ਟਿੱਪਣੀਆਂ ਕੀਤੀਆਂ ਹਨ।

ਬ੍ਰੌਨਕੋਸਕੋਪੀ ਤਕਨੀਕ ਕੀ ਹੈ?

ਜੌਨਸ ਹੌਪਕਿੰਸ ਮੈਡੀਸਨ ਦੁਆਰਾ ਪ੍ਰਕਾਸ਼ਿਤ ਇੱਕ ਬਲੌਗ ਦੇ ਅਨੁਸਾਰ, ਇਹ ਇੱਕ ਪਤਲੀ, ਰੋਸ਼ਨੀ ਵਾਲੀ ਟਿਊਬ (ਬ੍ਰੌਂਕੋਸਕੋਪ) ਦੀ ਵਰਤੋਂ ਕਰਕੇ ਫੇਫੜਿਆਂ ਵਿੱਚ ਸਾਹ ਨਾਲੀਆਂ ਨੂੰ ਸਿੱਧੇ ਤੌਰ ’ਤੇ ਦੇਖਣ ਦੀ ਪ੍ਰਕਿਰਿਆ ਹੁੰਦੀ ਹੈ।

ਇਸ ਦੇ ਮੁਤਾਬਕ ਬ੍ਰੌਂਕੋਸਕੋਪ ਨੱਕ ਜਾਂ ਮੂੰਹ ਵਿੱਚ ਪਾਈ ਜਾਂਦੀ ਹੈ। ਇਹ ਗਲੇ ਤੇ ਸਾਹ ਦੀ ਪਾਈਪ (ਟਰੈਚੀਆ) ਦੇ ਹੇਠਾਂ ਅਤੇ ਸਾਹ ਨਾਲੀਆਂ ਵਿੱਚ ਲਿਜਾਇਆ ਜਾਂਦਾ ਹੈ। ਇਸ ਦੇ ਰਾਹੀਂ ਡਾਕਟਰ ਵੌਇਸ ਬਾਕਸ (ਲਾਰੀਂਕਸ), ਟ੍ਰੈਚਿਆ, ਅਤੇ ਵੱਡੇ ਅਤੇ ਮੱਧਮ ਆਕਾਰ ਦੇ ਏਅਰਵੇਜ਼ ਨੂੰ ਦੇਖ ਸਕਦਾ ਹੈ।

ਇਹ ਵੀ ਪੜ੍ਹੋ – ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਮੌਕੇ ਭਾਵੁਕ ਹੋਏ ਆਗੂ, ਇਨਸਾਫ਼ ਦੀ ਕੀਤੀ ਮੰਗ