ਮੁੱਖ ਮੰਤਰੀ ਭਗਵੰਤ ਮਾਨ( Bhagwant Maan) ਨੇ ਸੰਗਰੂਰ (Sangrur) ਤੋਂ ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਬਰਨਾਲਾ ‘ਚ ਚੋਣ ਪ੍ਰਚਾਰ ਕੀਤਾ। ਮੁੱਖ ਮੰਤਰੀ ਨੇ ਚੋਣ ਪ੍ਰਚਾਰ ਕਰਦਿਆਂ ਦਾਅਵਾ ਕੀਤਾ ਕਿ ਹੁਣ ਤੱਕ ਦੋ ਗੇੇੜ ਦੀਆਂ ਹੋਈਆਂ ਚੋਣਾਂ ਵਿੱਚੋਂ 120 ਤੋਂ 125 ਸੀਟਾਂ ਉੱਤੇ ਇੰਡੀਆ ਗਠਜੋੜ ਜਿੱਤ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਜਿਸ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਸ਼ਮੂਲੀਅਤ ਹੋਵੇਗੀ।
ਪੰਜਾਬ ਤੋਂ ਬਾਹਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਇੰਡੀਆ ਗਠਜੋੜ ਦਾ ਹਿੱਸਾ ਹਨ। ਉੱਥੇ ਹੀ ਮੁੱਖ ਮੰਤਰੀ ਮਾਨ ਲਗਾਤਾਰ ਭਾਜਪਾ, ਅਕਾਲੀ ਦਲ ਸਮੇਤ ਪੰਜਾਬ ਕਾਂਗਰਸ ਉੱਪਰ ਵੀ ਹਮਲੇ ਕਰ ਰਹੇ ਹਨ। ਮੁੱਖ ਮੰਤਰੀ ਲਗਾਤਾਰ ਪੰਜਾਬ ਕਾਂਗਰਸ ਦੇ ਲੀਡਰਾਂ ਉੱਤੇ ਹਮਲਾਵਰ ਹਨ। ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ‘ਤੇ ਤੰਜ ਕੱਸਦਿਆਂ ਕਿਹਾ ਕਿ ਪੰਜਾਬ ਵਿੱਚ ਟੋਲ ਪਲਾਜ਼ੇ ਬਾਜਵਾ ਦੀ ਬਦੌਲਤ ਆਏ ਹਨ, ਜਿਨ੍ਹਾਂ ਨੂੰ ਹੁਣ ਬੰਦ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਕਾਂਗਰਸ ਅਤੇ ਅਕਾਲੀ ਦਲ ਨੂੰ ਕਰਾਰੇ ਹੱਥੀਂ ਲੈਂਦਿਆ ਕਿਹਾ ਕਿ ਇਨ੍ਹਾਂ ਨੂੰ ਉਮੀਦਵਾਰ ਤੱਕ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਲੀਡਰ ਚੋਣ ਲੜਨ ਤੋਂ ਭੱਜ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਅਤੇ ਇੱਥੋਂ ਦੇ ਲੋਕ ਮੀਤ ਹੇਅਰ ਨੂੰ ਵੱਡੇ ਫਰਕ ਨਾਲ ਜਿਤਾਉਣਗੇ।
ਮੁੱਖ ਮੰਤਰੀ ਨੇ ਆਪਣੇ ਕੀਤੇ ਹੋਏ ਕੰਮਾਂ ਨੂੰ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ 43 ਹਜ਼ਾਰ ਨੌਕਰੀਆਂ ਦਿੱਤੀਆਂ ਹਨ ਅਤੇ ਕਿਸਾਨਾਂ ਨੂੰ ਦਿਨ ਵਿੱਚ ਹੀ ਫਰੀ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁੰਬਈ, ਬੈਂਗਲੌਰ ਅਤੇ ਪੂਨੇ ਵਰਗੇ ਵੱਡੇ ਸ਼ਹਿਰਾਂ ਨੂੰ ਬਿਜਲੀ ਵੇਚ ਕੇ 90 ਕਰੋੜ ਰੁਪਏ ਦਾ ਮੁਨਾਫਾ ਘੱਟਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਖ਼ਾਸ ਗੱਡੀਆਂ (ਸੜਕ ਸੁਰੱਖਿਆ ਫੋਰਸ) ਦਿੱਤੀਆਂ ਗਈਆਂ ਹਨ, ਜਿਸ ਨਾਲ ਸੜਕ ਹਾਦਸਿਆਂ ਵਿੱਚ ਕਾਫ਼ੀ ਕਮੀ ਆਈ ਹੈ।
ਮੁੱਖ ਮੰਤਰੀ ਨੇ ਕਿਹਾ ਧਾਰ ਕਲਾਂ ਵਿੱਚ ਡੈਮ ਬਣਨ ਨਾਲ ਪੰਜਾਬ ਦੇ 70 ਪ੍ਰਤੀਸ਼ਤ ਰਕਬੇ ਨੂੰ ਅਕਤੂਬਰ ਤੱਕ ਨਹਿਰਾਂ ਰਾਹੀਂ ਪਾਣੀ ਦਿੱਤਾ ਜਾਵੇਗਾ। ਇਸ ਨਾਲ ਪੰਜਾਬ ਦੇ 5.50 ਲੱਖ ਟਿਊਬਵੈਲ ਬੰਦ ਹੋ ਜਾਣਗੇ ਅਤੇ ਜਲਦੀ ਹੀ ਫਿਰ ਤੋਂ ਨਲਕਿਆਂ ਰਾਹੀਂ ਪਾਣੀ ਨਿਕਲੀਆ ਕਰੇਗਾ।
ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੋ, ਇਹ ਸਾਰੇ ਪੰਜਾਬ ਦੀ ਆਵਾਜ਼ ਚੁੱਕਣਗੇ।
ਇਹ ਵੀ ਪੜ੍ਹੋ – ਸ਼ੰਭੂ ਬਾਰਡਰ ਖੋਲ੍ਹਣ ਦਾ ਮਾਮਲਾ ਪਹੁੰਚਿਆ ਹਾਈਕੋਰਟ, ਕਾਰੋਬਾਰ ਵਿੱਚ 70% ਨੁਕਸਾਨ ਦਾ ਦਾਅਵਾ