‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਲ 2001 ਦੇ ਸਤੰਬਰ ਮਹੀਨੇ ਦੀ 11 ਤਰੀਕ ਨੂੰ ਦੋ ਬੋਇੰਗ 767 ਯਾਤਰੀ ਜਹਾਜ਼ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਖੜ੍ਹੀਆਂ ਦੋ ਇਮਾਰਤਾਂ ਟਵਿਨ ਟਾਵਰਸ ਨਾਲ ਜਾ ਕੇ ਟਕਰਾਏ। ਹਮਲੇ ਵਿੱਚ ਵਰਲਡ ਟਰੇਡ ਸੈਂਟਰ ਦੇ ਦੋ ਟਾਵਰ ਢਹਿ ਗਏ ਸਨ ਅਤੇ ਕਰੀਬ 3 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ। ਹਮਲੇ ਲਈ ਇਸਲਾਮਿਕ ਸੰਗਠਨ ਅਲ ਕਾਇਦਾ ‘ਤੇ ਦੋਸ਼ ਲੱਗੇ ਸਨ। ਇਨ੍ਹਾਂ ਹਮਲਿਆਂ ਨੂੰ ਨਾ ਸਿਰਫ਼ ਅਮਰੀਕਾ ਸਗੋਂ ਦੁਨੀਆ ਭਰ ਵਿੱਚ ਇਸ ਸਦੀ ਦੇ ਸਭ ਤੋਂ ਖ਼ੌਫ਼ਨਾਕ ਦਹਿਸ਼ਤਗਰਦ ਹਮਲਿਆਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ।
ਪਹਿਲਾ ਹਮਲਾ ਉੱਤਰੀ ਟਾਵਰ ‘ਤੇ ਪੂਰਬੀ ਸਮੇਂ ਮੁਤਾਬਕ ਸਵੇਰੇ 08:46 ਵਜੇ ਅਤੇ ਦੂਜਾ ਜਹਾਜ਼ ਦੱਖਣੀ ਟਾਵਰ ਨਾਲ 09:03 ਵਜੇ ਟਕਰਾਇਆ। ਉੱਤਰੀ ਟਾਵਰ 102 ਮਿੰਟਾਂ ਤੱਕ ਜਲਦਾ ਰਿਹਾ ਅਤੇ ਆਖ਼ਰ 10.28 ਵਜੇ ਉਹ ਮਹਿਜ਼ 11 ਸਕਿੰਟਾਂ ਵਿੱਚ ਮਲਬੇ ਦਾ ਢੇਰ ਬਣ ਗਿਆ। ਪੂਰਬੀ ਟਾਵਰ ਨੇ 56 ਮਿੰਟਾਂ ਤੱਕ ਸੜਦਾ ਰਿਹਾ ਅਤੇ 9.49 ਵਜੇ ਮਹਿਜ਼ ਨੌਂ ਸਕਿੰਟਾਂ ਵਿੱਚ ਇਹ ਵੀ ਮਿੱਟੀ ਦਾ ਢੇਰ ਬਣ ਗਿਆ। ਇਮਾਰਤ ਡਿੱਗਣ ਦੇ ਖੜਾਕ ਤੋਂ ਬਾਅਦ ਕੁੱਝ ਪਲਾਂ ਵਿੱਚ ਹੀ ਸਾਰਾ ਕੁੱਝ ਰਾਤ ਨਾਲੋਂ ਵੀ ਜ਼ਿਆਦਾ ਸਿਆਹ ਹੋ ਗਿਆ। ਚੁੱਪ ਛਾਅ ਗਈ।
ਟਾਵਰਾਂ ਦੇ ਢਹਿਣ ਦੇ ਕਾਰਨਾਂ ਦੀ ਪੜਤਾਲ ਲਈ ਅਮਰੀਕੀ ਸਰਕਾਰ ਨੇ ਨੈਸ਼ਨਲ ਇੰਸਟੀਚਿਊਟ ਐਂਡ ਟੈਕਨੌਲੋਜੀ (NIST) ਨੂੰ ਜ਼ਿੰਮੇਵਾਰੀ ਦਿੱਤੀ। ਸੰਸਥਾ ਨੇ ਆਪਣੀ ਰਿਪੋਰਟ 2008 ਵਿੱਚ ਜਨਤਕ ਕੀਤੀ। ਮੈਸਾਚਿਊਸਿਟ ਅਤੇ ਟੈਕਨੌਲੋਜੀ ਇੰਸਟੀਚਿਊਟ ਦੋਵਾਂ ਨੇ ਆਪਣੀਆਂ ਰਿਪੋਰਟਾਂ ਵਿੱਚ ਕਿਹਾ ਕਿ ਟਾਵਰ ਡਿੱਗਣ ਦੇ ਦੋ ਮੁੱਖ ਕਾਰਨ ਸਨ।
- ਜਹਾਜ਼ ਟਕਰਾਉਣ ਕਾਰਨ ਟਾਵਰਾਂ ਦੇ ਢਾਂਚੇ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ।
- ਟਾਵਰਾਂ ਦੀਆਂ ਕਈ ਮੰਜ਼ਿਲਾਂ ਵਿੱਚ ਇੱਕ ਤੋਂ ਬਾਅਦ ਇੱਕ ਘਟਨਾਵਾਂ ਹੋਈਆਂ।
NIST ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਅਜਿਹੇ ਸਰਕਾਰੀ ਦਸਤਾਵੇਜ਼ ਮੌਜੂਦ ਹਨ, ਜਿਨ੍ਹਾਂ ਮੁਤਾਬਕ ਟਾਵਰਾਂ ਨੂੰ ਬੋਇੰਗ 707 ਜਹਾਜ਼ ਦੀ ਟੱਕਰ ਸਹਿ ਸਕਣ ਲਈ ਡਿਜ਼ਾਈਨ ਕੀਤਾ ਗਿਆ ਸੀ। ਦੱਸ ਦੇਈਏ ਕਿ ਬੋਇੰਗ 707 ਸਭ ਤੋਂ ਵੱਡਾ ਯਾਤਰੀ ਜਹਾਜ਼ ਹੈ। ਹਾਲਾਂਕਿ, NIST ਦੇ ਜਾਂਚ ਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਨਤੀਜੇ ‘ਤੇ ਪਹੁੰਚਣ ਲਈ ਕੋਈ ਕਸੌਟੀ ਜਾਂ ਵਰਤੀਆਂ ਗਈਆਂ ਵਿਧੀਆਂ ਦੇ ਕੋਈ ਸਬੂਤ ਨਹੀਂ ਮਿਲੇ ਸਨ। ਇੱਥੋਂ ਇਹ ਤਾਂ ਸਾਫ਼ ਹੋ ਗਿਆ ਕਿ ਟਾਵਰ ਟੱਕਰ ਦੇ ਸਦਮੇ ਅਤੇ ਬਾਅਦ ਵਿੱਚ ਲੱਗੀਆਂ ਅੱਗਾਂ ਕਾਰਨ ਡਿੱਗੇ।
ਟਾਵਰਾਂ ਦਾ ਨਿਰਮਾਣ 1960 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਡਿਜ਼ਾਈਨ ਵੀ ਉਸੇ ਸਮੇਂ ਮੁਤਾਬਕ ਸੀ। ਹਰੇਕ ਟਾਵਰ ਵਿੱਚ ਇੱਕ ਸਟੀਲ ਦੀ ਸੁਰੰਗ ਸੀ, ਜਿਸ ਵਿੱਚੋਂ ਲਿਫ਼ਟਾਂ ਤੇ ਪੌੜੀਆਂ ਲੰਘਦੀਆਂ ਸਨ। ਦੋਵਾਂ ਟਾਵਰਾਂ ਵਿੱਚ ਬੋਇੰਗ 767 ਦੇ ਵੱਖ-ਵੱਖ ਮਾਡਲ ਟਕਰਾਏ ਸਨ, ਜੋ ਕਿ ਬੋਇੰਗ 707 ਤੋਂ ਵੱਡੇ ਹਨ। NIST ਦੀ ਰਿਪੋਰਟ ਮੁਤਾਬਕ ਟੱਕਰ ਕਾਰਨ ਥਮਲਿਆਂ ਨੂੰ ਬਹੁਤ ਨੁਕਸਾਨ ਪਹੁੰਚਿਆ ਅਤੇ ਸਟੀਲ ਦੇ ਬੀਮਾਂ ਅਤੇ ਥਮਲਿਆਂ ਦੇ ਦੁਆਲੇ ਕੀਤੀ ਅੱਗ ਰੋਧੀ ਪਰਤ ਵੀ ਉਤਰ ਗਈ। ਢਾਂਚੇ ਨੂੰ ਪਹੁੰਚੇ ਨੁਕਸਾਨ ਨਾਲ ਲਾਟਾਂ ਹੋਰ ਤੇਜ਼ ਹੋਈਆਂ ਅਤੇ ਇਨ੍ਹਾਂ ਲਾਟਾਂ ਨੇ ਇਮਾਰਤਾਂ ਨੂੰ ਹੋਰ ਨੁਕਸਾਨ ਪਹੁੰਚਾਇਆ। ਜਦੋਂ ਇਹ ਸਾਰਾ ਕੁੱਝ ਵਾਪਰ ਰਿਹਾ ਸੀ ਤਾਂ ਤਾਪਮਾਨ ਹਜ਼ਾਰ ਡਿਗਰੀ ਸੈਲਸੀਅਸ ਨੂੰ ਪਹੁੰਚ ਗਿਆ ਸੀ। ਇੰਨੇ ਤਾਪਮਾਨ ‘ਤੇ ਇਮਾਰਤ ਦੇ ਸ਼ੀਸ਼ੇ ਟੁੱਟ ਗਏ ਅਤੇ ਹਵਾ ਟਾਵਰਾਂ ਦੇ ਅੰਦਰ ਦਾਖ਼ਲ ਹੋ ਗਈ। ਅੱਗ ਅਤੇ ਹਵਾ ਦੇ ਮੇਲ ਨੇ ਕਹਿਰ ਬਰਸਾ ਦਿੱਤਾ।
ਅਧਿਕਾਰਤ ਡਾਟਾ ਮੁਤਾਬਕ ਹਰ ਜਹਾਜ਼ ਵਿੱਚ ਲਗਭਗ 10 ਹਜ਼ਾਰ ਗੈਲਨ (37,850 ਲੀਟਰ ਤੋਂ ਵਧੇਰੇ) ਈਂਧਣ ਸੀ। ਉਹ ਇੱਕ ਉੱਡਣੇ ਬੰਬ ਵਾਂਗ ਸਨ। ਹਾਲਾਂਕਿ, ਬਹੁਤ ਸਾਰਾ ਈਂਧਣ ਧਮਾਕੇ ਦੌਰਾਨ ਸੜ ਗਿਆ ਸੀ ਪਰ ਬਹੁਤ ਸਾਰਾ ਟਾਵਰਾਂ ਦੀਆਂ ਮੰਜ਼ਿਲਾਂ ਵਿੱਚ ਵੀ ਚਲਾ ਗਿਆ ਸੀ। ਈਂਧਣ ਜਿੱਥੋਂ ਵੀ ਲੰਘਿਆ, ਅੱਗ ਲਗਾਉਂਦਾ ਤੁਰਿਆ ਗਿਆ, ਉਹ ਅੱਗ ਜਿਸ ਨੂੰ ਹਵਾ ਲਗਾਤਾਰ ਭੜਕਾ ਰਹੀ ਸੀ।
NIST ਦੀ ਰਪਿਰੋਟ ਮੁਤਾਬਕ, ਜਦੋਂ ਉੱਪਰਲੀਆਂ ਮੰਜ਼ਿਲਾਂ ਦਾ ਮਲਬਾ ਹੇਠਾਂ ਆਉਣ ਲੱਗਿਆ ਤਾਂ ਹੇਠਲੀਆਂ ਮੰਜ਼ਿਲਾਂ ‘ਤੇ ਭਾਰ ਵਧਣ ਲੱਗਿਆ। ਝੂਲਦੇ ਟਾਵਰਾਂ ਨੇ ਬਹੁਤ ਜ਼ਿਆਦਾ ਹਵਾ ਆਪਣੇ ਅੰਦਰ ਖਿੱਚੀ, ਜਿਸ ਕਾਰਨ ਜਦੋਂ ਟਾਵਰ ਡਿੱਗੇ ਤਾਂ ਸਾਰੇ ਪਾਸੇ ਘੱਟਾ ਛਾ ਗਿਆ। ਹਾਲਾਂਕਿ, ਇਮਾਰਤਾਂ ਕੁੱਝ ਹੀ ਸਕਿੰਟਾਂ ਵਿੱਚ ਸੁਆਹ ਦੀਆਂ ਢੇਰੀਆਂ ਬਣ ਗਈਆਂ ਸਨ ਪਰ ਮਲਬੇ ਵਿੱਚ ਅੱਗ 100 ਦਿਨਾਂ ਤੱਕ ਜਲਦੀ ਰਹੀ।