‘ਦ ਖ਼ਾਲਸ ਬਿਊਰੋ (ਬਨਵੈਤ/ਪੁਨੀਤ ਕੌਰ) :- ਦੇਸ਼ ਦੇ ਆਧੁਨਿਕਤਾ ਪੱਖੋਂ ਮੋਹਰੀ ਮੰਨੇ ਜਾਂਦੇ ਪੰਜਾਬ ਸੂਬੇ ਵਿੱਚ ਇਸ ਵੇਲੇ ਕੁੱਤਿਆਂ ਦੀ ਹਕੂਮਤ ਹੈ। ਕੁੱਤਿਆਂ ਦੀ ਦਹਿਸ਼ਤ ਤੋਂ ਡਰਦੇ ਲੋਕ ਘਰੋਂ ਬਾਹਰ ਨਿਕਲਣ ਤੋਂ ਝਿਜਕਣ ਲੱਗੇ ਹਨ। ਇੱਕ ਘੰਟੇ ਵਿੱਚ ਕੁੱਤਿਆਂ ਵੱਲੋਂ ਕੱਟਣ ਦੀਆਂ 14 ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸਦਾ ਮਤਲਬ ਇਹ ਹੋਇਆ ਕਿ 350 ਦੇ ਕਰੀਬ ਹਰ ਰੋਜ਼ ਕੁੱਤੇ ਬੰਦਿਆਂ ਨੂੰ ਕੱਟ ਰਹੇ ਹਨ। ਪਿਛਲੇ ਸਾਲ ਇੱਕ ਲੱਖ ਦੇ ਕਰੀਬ ਲੋਕਾਂ ਨੂੰ ਕੁੱਤਿਆਂ ਨੇ ਵੱਢ ਲਿਆ ਸੀ। ਇਸ ਵਾਰ ਇਹ ਅੰਕੜਾ ਹੋਰ ਵੱਧ ਜਾਣ ਦੀ ਸੰਭਾਵਨਾ ਹੈ। ਚਾਲੂ ਸਾਲ ਦੇ ਸੱਤ ਮਹੀਨਿਆਂ ਵਿੱਚ 70 ਹਜ਼ਾਰ ਤੋਂ ਵੱਧ ਲੋਕਾ ਨੂੰ ਕੁੱਤਿਆਂ ਨੇ ਵੱਢਿਆ ਹੈ। ਅਵਾਰਾ ਪਸ਼ੂਆਂ ਅਤੇ ਗਾਂਵਾਂ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਸਭ ਤੋਂ ਵੱਧ ਮਾਮਲੇ ਦੋਆਬੇ ਦੇ ਸ਼ਹਿਰ ਜਲੰਧਰ ਵਿੱਚ ਸਾਹਮਣੇ ਆਏ ਹਨ। ਪਰ ਇਨ੍ਹਾਂ ਵਿੱਚੋਂ ਛੇ ਦਰਜਨ ਦੇ ਕਰੀਬ ਮਾਮਲੇ ਪੁਲਿਸ ਕੋਲ ਪਹੁੰਚੇ ਹਨ। ਜ਼ਿਕਰਯੋਗ ਗੱਲ ਇਹ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਫਿਟਕਾਰ ਦਾ ਵੀ ਕੋਈ ਅਸਰ ਨਹੀਂ ਹੈ।

ਕੁੱਤਿਆਂ ਦੇ ਵੱਢਣ ਦੀਆਂ ਵੱਧ ਰਹੀਆਂ ਘਟਨਾਵਾਂ ਦਾ ਖੁਲਾਸਾ ਹੋਣ ਤਂ ਬਾਅਦ ਸਿਹਤ ਵਿਭਾਗ ਜ਼ਰੂਰ ਜਾਗਿਆ ਹੈ। ਵਿਭਾਗ ਨੇ ਇਸ ਮਾਮਲੇ ਬਾਰੇ ਛੇਤੀ ਹੀ ਕੋਈ ਰਣਨੀਤੀ ਬਣਾਉਣ ਦੀ ਲੋੜ ਦੱਸੀ ਹੈ। ਸਟੇਟ ਰੈਬੀਜ਼ ਕੰਟਰੋਲ ਪ੍ਰੋਗਰਾਮ ਨੇ ਜਨਵਰੀ ਤੋਂ ਜੁਲਾਈ 2021 ਤੱਕ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਰਿਪੋਰਟ ਅਨੁਸਾਰ ਕੁੱਲ 70 ਹਜ਼ਾਰ ਤੋਂ ਵੱਧ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਚਿੰਤਾ ਦੀ ਗੱਲ ਇਹ ਹੈ ਕਿ ਪੰਜਾਬ ਵਿੱਚ ਚਾਹੇ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਪਰ ਸਿਹਤ ਵਿਭਾਗ ਵੱਲੋਂ ਐਂਟੀ ਰੈਬੀਜ਼ ਵੈਕਸੀਨੇਸ਼ਨ ਦਾ ਕੋਈ ਪੱਕਾ ਬੰਦੋਬਸਤ ਨਹੀਂ ਕੀਤਾ ਗਿਆ। ਸਰਕਾਰੀ ਹਸਪਤਾਲਾਂ ਵਿੱਚ ਵੈਕਸੀਨੇਸ਼ਨ ਅਕਸਰ ਮੁੱਕੀ ਰਹਿੰਦੀ ਹੈ। ਉਂਝ ਪੰਜਾਬ ਸਰਕਾਰ ਵੱਲੋਂ ਕੁੱਤਿਆਂ ਦੇ ਕੱਟਣ ਦੇ ਟੀਕੇ ਮੁਫ਼ਤ ਕੀਤੇ ਗਏ ਹਨ। ਪਤਾ ਤਾਂ ਇਹ ਵੀ ਲੱਗਾ ਹੈ ਕਿ ਸਥਾਨਕ ਸਰਕਾਰ ਵਿਭਾਗ ਦੀ ਢਿੱਲ-ਮੱਠ ਕਾਰਨ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਰਕਾਰ ਵੱਲੋਂ ਕੁੱਤਿਆਂ ਨੂੰ ਨਿਪੁੰਸਕ ਕਰਨ ਦਾ ਮਿੱਥਿਆ ਟੀਚਾ ਹਾਲੇ ਤੱਕ ਪੂਰਾ ਨਹੀਂ ਕੀਤਾ ਜਾ ਸਕਿਆ।

ਐੱਸਆਰਸੀਪੀ ਦੀ ਰਿਪੋਰਟ ਤੋਂ ਸਾਹਮਣੇ ਆਇਆ ਹੈ ਕਿ ਜਲੰਧਰ ਵਿੱਚ ਸਭ ਤੋਂ ਵੱਧ 14 ਹਜ਼ਾਰ ਲੋਕਾਂ ਨੂੰ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 68 ਮਾਮਲੇ ਪੁਲਿਸ ਕੋਲ ਪੁੱਜੇ। ਲੁਧਿਆਣਾ ਜ਼ਿਲ੍ਹੇ ਵਿੱਚ 8 ਹਜ਼ਾਰ, ਹੁਸ਼ਿਆਰਪੁਰ ਵਿੱਚ 5486 ਕੁੱਤਿਆਂ ਦੇ ਕੱਟਣ ਦੀ ਜਾਣਕਾਰੀ ਮਿਲੀ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਰਾਜ ਵਿੱਚ ਅਵਾਰਾ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਵੀ ਚਿੰਤਾ ਪ੍ਰਗਟ ਕੀਤੀ ਗਈ ਹੈ ਕਿ ਜੇ ਕੰਟਰੋਲ ਨਾ ਕੀਤਾ ਗਆ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਰਿਪੋਰਟ ਮੁਤਾਬਕ ਚਾਲੂ ਸਾਲ ਦੇ ਪਹਿਲੇ ਸੱਤ ਮਹੀਨਿਆਂ ਵਿੱਚ 70 ਹਜ਼ਾਰ ਕੁੱਤਿਆਂ ਨੇ ਬੰਦਿਆਂ ਨੂੰ ਵੱਢ ਲਿਆ ਸੀ। ਇਸ ਤਰ੍ਹਾਂ ਰਹਿੰਦੇ ਪੰਜ ਮਹੀਨਿਆਂ ਦੀ ਦਰ ਨਾਲ ਗਿਣਤੀ ਸਵਾ ਲੱਖ ਦੇ ਕਰੀਬ ਪਹੁੰਚ ਗਈ ਹੈ। ਸਾਲ 2020 ਵਿੱਚ ਇੱਕ ਲੱਖ 34 ਹਜ਼ਾਰ ਅਤੇ 2018 ਵਿੱਚ ਇੱਕ ਲੱਖ 14 ਹਜ਼ਾਰ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਵਾਪਰੀਆਂ ਸਨ। ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਨੂੰ ਲੈ ਕੇ ਕਈ ਕੁੱਟਮਾਰ ਦੀਆਂ ਘਠਨਾਵਾਂ ਵੀ ਵਾਪਰੀਆਂ ਹਨ, ਜਿਸ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਅਤੇ ਚੰਡੀਗੜ੍ਹ ਨੂੰ ਫਿਟਕਾਰ ਲਾਈ ਸੀ। ਉੱਚ ਅਦਾਲਤ ਨੇ ਇਨ੍ਹਾਂ ਸੂਬਿਆਂ ਨੂੰ ਹਰ ਪੱਧਰ ‘ਤੇ ਪੰਜ-ਪੰਜ ਕੁੱਤਿਆਂ ਦੇ ਪੁਆਇੰਟ ਬਣਾਉਣ ਦੇ ਨਿਰਦੇਸ਼ ਦਿੱਤੇ ਸਨ ਪਰ ਹਾਲੇ ਤੱਕ ਪਰਨਾਲਾ ਉੱਥੇ ਦਾ ਉੱਥੇ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮਾਮਲਾ ਉੱਠਣ ਤੋਂ ਬਾਅਦ ਇੱਕ ਕਾਰਜ ਦਲ ਦਾ ਗਠਨ ਕੀਤਾ ਸੀ ਪਰ ਅਧਿਕਾਰੀ ਮੁੱਖ ਮੰਤਰੀ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੇ ਨਜ਼ਰ ਰਹੇ ਹਨ।

ਇੱਕ ਵੱਖਰੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਕੁੱਤਿਆਂ ਦੀ ਗਿਣਤੀ ਪੰਜ ਲੱਖ 20 ਹਜ਼ਾਰ ਹੈ, ਜਿਨ੍ਹਾਂ ਵਿੱਚੋਂ ਤਿੰਨ ਲੱਖ 79 ਹਜ਼ਾਰ ਨੂੰ ਅਵਾਰਾ ਦਾ ਨਾਂ ਦਿੱਤਾ ਗਿਆ ਹੈ।

Leave a Reply

Your email address will not be published. Required fields are marked *