Punjab

ਪੰਜਾਬ ‘ਚ 76 ਹੋਰ ਮੁਹੱਲਾ ਕਲੀਨਿਕ ਖੁੱਲ੍ਹੇ , CM ਭਗਵੰਤ ਮਾਨ ਨੇ ਧੂਰੀ ‘ਚ ਕੀਤਾ ਉਦਘਾਟਨ

76 more mohalla clinics opened in Punjab, CM Bhagwant Mann inaugurated in Dhuri

ਧੁਰੀ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸੋਮਵਾਰ ਨੂੰ ਨਵੇਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦੇ 76 ਸਾਲ ਪੂਰੇ ਹੋਣ ਮੌਕੇ ਅੱਜ 76 ਹੋਰ ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ। ਇਨ੍ਹਾਂ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਤੋਂ ਕੀਤਾ। ਇਸ ਨਾਲ ਹੁਣ ਆਮ ਆਦਮੀ ਕਲੀਨਿਕ ਦੀ ਗਿਣਤੀ 659 ਹੋ ਗਈ ਹੈ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ‘ਚ ਪੈਸਾ ਖਰਚਣ ਦੀ ਲੋੜ ਨਹੀਂ ਹੈ। ਮੁਹੱਲਾ ਕਲੀਨਿਕਾਂ ਵਿੱਚ ਹੀ 80 ਤਰ੍ਹਾਂ ਦੀਆਂ ਫ੍ਰੀ ਦਵਾਈਆਂ ਮਿਲਦੀਆਂ ਹਨ। ਕਲੀਨਿਕਾਂ ਵਿੱਚ ਹੁਣ 38 ਤਰ੍ਹਾਂ ਦੇ ਫ੍ਰੀ ਟੈਸਟ ਹੁੰਦੇ ਹਨ।

ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦਿਆਂ ਮਾਨ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਤਾਂ ਲੋਕਾਂ ਨੂੰ ਕਿਸਮਤ ‘ਤੇ ਛੱਡ ਦਿੱਤਾ ਸੀ। ਮਾਨ ਨੇ ਕਿਹਾ ਕਿ 58-60 ਸਾਲ ਦੀ ਉਮਰ ਵਾਲੇ ਪਾਰਟੀਆਂ ਦੇ ਯੂਥ ਪ੍ਰਧਾਨ ਬਣੇ ਹੋਏ ਹਨ। ਇਨ੍ਹਾਂ ਸਿਆਸੀ ਲੋਕਾਂ ਨੇ ਪੰਜਾਬ ਦੀ ਜਨਤਾ ਨੂੰ ਸਿਰਫ ਆਪਣੀਆਂ ਵੋਟਾਂ ਸਮਝਿਆ ਸੀ।

ਮਾਨ ਨੇ ਕਿਹਾ ਕਿ ਮੇਰੇ ਕੋਲ ਪੰਜਾਬੀਆਂ ਦੇ ਖ਼ੂਨ ਨਾਲ ਲਿਖੀਆਂ ਫਾਈਲਾਂ ਆਉਂਦੀਆਂ ਹਨ । ਪਿਛਲਿਆਂ ਨੇ 5-5 ਸਾਲ ਦੀ ਵਾਰੀ ਬੰਨ੍ਹੀ ਹੋਈ ਸੀ ਜੇ ਕਿਸੇ ਨੇ ਕਿਸੇ ਵੀ ਰੂਪ ‘ਚ ਪੰਜਾਬ ਦਾ ਇੱਕ ਵੀ ਪੈਸੇ ਦਾ ਨੁਕਸਾਨ ਕੀਤਾ ਹੈ  । ਉਹ ਕਿਸੇ ਵੀ ਪਾਰਟੀ ‘ਚ ਹੋਵੇ ਕਿੰਨਾ ਵੀ ਵੱਡਾ ਆਹੁਦਾ ਹੋਵੇ ਉਸਨੂੰ ਬੁਲਾ ਕੇ ਪੁੱਛਿਆ ਜਾਵੇਗਾ ਪੁਰਾਣੇ ਲੀਡਰ ਆਮ ਘਰਾਂ ਦੇ ਧੀਆਂ-ਪੁੱਤਾਂ ਨੂੰ ਜਿੱਤੇ ਹੋਇਆਂ ਨੂੰ ਜ਼ਰ ਨਹੀਂ ਸਕਦੇ।

ਮਾਨ ਨੇ ਕਿਹਾ ਕਿ ਜਿੰਨਾ ਉਹ ਪਿਛਲੇ ਡੇਢ ਮਹੀਨੇ ਵਿੱਚ ਪੰਜਾਬ ਦੇ ਲੋਕਾਂ ਵਿੱਚ ਘੁੰਮੇ ਹਨ ਪਿਛਲੇ ਮੁੱਖ ਮੰਤਰੀ 15 ਸਾਲਾਂ ਵਿੱਚ ਵੀ ਨਹੀਂ ਘੁੰਮੇ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਕੋਹੜ ਕਿਰਲੀ ਦੀ ਪੂਛ ਵਰਗੇ ਹਨ। ਕੋਹੜ ਕਿਰਲੀ ਦੀ ਪੂਛ ਵਾਂਗ ਤੜਫ ਰਹੇ ਹਨ। ਮਨਪ੍ਰੀਤ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਮਾਨ ਨੇ ਕਿਹਾ ਕਿ ਜਦੋਂ ਕਾਕਾ ਜੀ ਅਤੇ ਬੀਬਾ ਜੀ ਤੱਕ ਸੇਕ ਪਹੁੰਚਿਆਂ ਤਾਂ ਉਹ “ਮੈਨੂੰ ਕਹਿੰਦੇ CM ਦੀ ਔਕਾਤ ਕੀ ਹੈ।

ਹੜ੍ਹਾਂ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਗਿਰਦਾਉਰੀ ਹੋ ਚੁੱਕੀ ਹੈ। ਕੱਲ੍ਹ ਤੋਂ ਬਾਅਦ ਮੁਆਵਜ਼ਾ ਮਿਲਣਾ ਸ਼ੁਰੂ ਹੋ ਜਾਵੇਗਾ।

ਨਸ਼ਿਆਂ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਪੰਜਾਬ ਦਾ ਜਿਹੜਾ ਵੀ ਪਿੰਡ ਆਪਣੇ ਆਪ ਜਾਂ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਵੇਚਣ ਵਾਲਿਆਂ ਨੂੰ ਫੜੇਗਾ ਜਾਂ ਉਨ੍ਹਾਂ ਖ਼ਿਲਾਫ ਕਾਰਵਾਈ ਕਰੇਗਾ ਜਾਂ ਫਿਰ ਕੋਈ ਪਿੰਡ ਆਪਣੇ ਆਪ ਨੂੰ ਨਸ਼ਾ ਮੁਕਤ ਐਲਾਨ ਕਰ ਦੇਵੇਗਾ ਪੰਜਾਬ ਸਰਕਾਰ ਉਸ ਪਿੰਡ ਨੂੰ ਸਟੇਡੀਅਮ, ਸਕੂਲਾਂ ਸਮੇਤ ਹੋਰ ਕੋਈ ਵੀ ਸਹੂਲਤ ਪ੍ਰਦਾਨ ਕਰਵਾਏਗੀ।

ਮਾਨ ਨੇ ਕਿਹਾ ਕਿ ਅਸੀਂ ਪੰਜਾਬ ‘ਚੋਂ ਨਸ਼ਿਆਂ ਨੂੰ ਖ਼ਤਮ ਕਰ ਦੇਵਾਂਗੇ । ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਸਾਰਾ ਪਲਾਨ ਤਿਆਰ ਕਰ ਲਿਆ ਗਿਆ ਹੈ । ਇਸ ਵਾਰ ਅਸੀਂ ਨਸ਼ਿਆਂ ‘ਤੇ ਐਸੀ ਨੱਥ ਪਾਵਾਂਗੇ ਕਿ ਦੁਬਾਰਾ ਕੋਈ ਵੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਨਹੀਂ ਕਰ ਸਕਦਾ । ਮਾਨ ਨੇ ਕਿਹਾ ਕਿ ਅਸੀਂ ਕਿਸੇ ਵੀ ਮਾਫ਼ੀਆ ਨਾਲ ਕੋਈ ਸੰਬੰਧ ਨਹੀਂ ਰੱਖਿਆ, ਸਾਡੀ ਸਰਕਾਰ ਦਾ ਕੋਈ ਵੀ ਵਿਧਾਇਕ ਜਾਂ ਮੰਤਰੀ ਨਸ਼ਾ ਤਸਕਰਾਂ ਨਾਲ ਵਾਸਤਾ ਨਹੀਂ ਰੱਖਦਾ।

ਖੋਲੇ ਗਏ ਕਲੀਨਿਕ

  1. ਮਾਨਸਾ ‘ਚ 4
  2. ਤਰਨਤਾਰਨ -4
  3. ਕਪੂਰਥਲਾ-3
  4. ਸੰਗਰੂਰ-2
  5. ਮੁਕਤਸਰ ਸਾਹਿਬ-2
  6. ਬਰਨਾਲਾ-1
  7. ਬਠਿੰਡਾ-1
  8. ਫਰੀਦਕੋਟ-1
  9. ਫਿਰੋਜ਼ਪੁਰ-1
  10. ਹੁਸ਼ਿਆਰਪੁਰ-1
  11. ਮਲੇਰਕੋਟਲਾ-1
  12. ਰੂਪਨਗਰ-1
  13. ਲੁਧਿਆਲ਼ਾ-22
  14. ਜਲੰਧਰ-15
  15. ਪਟਿਆਲਾ-12
  16. ਅੰਮ੍ਰਿਤਸਰ-5