ਨਵੀਂ ਦਿੱਲੀ : ਨੈਸ਼ਨਲ ਮੈਡੀਕਲ ਕਮਿਸ਼ਨ (NMC) ਨੇ ਮੈਡੀਕਲ ਕਾਲਜਾਂ ਵਿੱਚ ਫੈਕਲਟੀ ਨੂੰ ਕਾਲਜ ਦੇ ਸਮੇਂ ਦੌਰਾਨ ਪ੍ਰਾਈਵੇਟ ਪ੍ਰੈਕਟਿਸ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਹੈ ਅਤੇ ਉਹਨਾਂ ਲਈ 75 ਪ੍ਰਤੀਸ਼ਤ ਹਾਜ਼ਰੀ ਲਾਜ਼ਮੀ ਕਰ ਦਿੱਤੀ ਹੈ । ਐੱਨਐੱਮਸੀ ਦੇ ਇਨ੍ਹਾਂ ਕਦਮਾਂ ਨਾਲ ਘੋਸਟ ਫੈਕਲਟੀ ਦੀ ਸਮੱਸਿਆ ਨਾਲ ਨਜਿੱਠਣ ’ਚ ਮਦਦ ਮਿਲੇਗੀ। ਜਦੋਂ ਫਰਜੀਵਾੜਾ ਕਰਨ ਲਈ ਕਾਗ਼ਜ਼ਾਂ ’ਚ ਅਧਿਆਪਕਾਂ ਨੂੰ ਦਰਸਾਇਆ ਜਾਂਦਾ ਹੈ ਜਦਕਿ ਅਸਲੀਅਤ ’ਚ ਅਧਿਆਪਕਾਂ ਦੀ ਮੌਜੂਦਗੀ ਨਹੀਂ ਹੁੰਦੀ, ਉਸ ਨੂੰ ਘੋਸਟ ਫੈਕਲਟੀ ਕਹਿੰਦੇ ਹਨ।
ਮੈਡੀਕਲ ਰੈਗੂਲੇਟਰੀ ਨੇ ਪਿਛਲੇ ਹਫ਼ਤੇ ਪੋਸਟ ਗ੍ਰੈਜੂਏਟ ਕੋਰਸਾਂ ਲਈ ਜ਼ਰੂਰਤਾਂ ਦੇ ਘੱਟੋ-ਘੱਟ ਸਟੈਂਡਰਡ 2023 (ਪੀਜੀਐੱਮਐੱਸਆਰ-2023) ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਦਿਸ਼ਾ-ਨਿਰਦੇਸ਼ਾਂ ਮੁਤਾਬਕ ਫੈਕਲਟੀ ਕਾਲਜ ਸਮੇਂ ਦੌਰਾਨ ਪ੍ਰਾਈਵੇਟ ਪ੍ਰੈਕਟਿਸ ਨਹੀਂ ਕਰਨਗੇ। ਫੈਕਲਟੀ ਲਈ ਘੱਟੋ-ਘੱਟ 75 ਫ਼ੀਸਦੀ ਹਾਜ਼ਰੀ ਲਾਜ਼ਮੀ ਹੋਵੇਗੀ।
ਦਿਸ਼ਾ-ਨਿਰਦੇਸ਼ ’ਚ ਇਹ ਵੀ ਕਿਹਾ ਗਿਆ ਹੈ ਕਿ ਹਸਪਤਾਲ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦਿਆਂ ਹਸਪਤਾਲ ’ਚ ਰਜਿਸਟ੍ਰੇਸ਼ਨ, ਬਾਹਰੀ ਰੋਗੀ ਤੇ ਅੰਦਰੂਨੀ ਰੋਗੀ ਖੇਤਰ, ਆਪ੍ਰੇਟਿੰਗ ਥੀਏਟਰ, ਆਈਸੀਯੂ, ਰੇਡੀਓਲਾਜੀ ਤੇ ਪ੍ਰਯੋਗਸ਼ਾਲਾ ਸੇਵਾਵਾਂ ਤੇ ਐਮਰਜੈਂਸੀ ਵਿਭਾਗ ਹੋਣੇ ਚਾਹੀਦੇ ਹਨ। ਹਸਪਤਾਲ ਦੀ ਇਮਾਰਤ ਮੌਜੂਦਾ ਰਾਸ਼ਟਰੀ ਭਵਨ ਮਾਪਦੰਡਾਂ ਮੁਤਾਬਕ ਹੋਣੀ ਚਾਹੀਦੀ ਹੈ।
ਹਸਪਤਾਲ ’ਚ ਬਿਸਤਰਿਆਂ ਦੀ ਗਿਣਤੀ ’ਚ ਵਾਧੇ ਦੇ ਨਾਲ ਰੇਡੀਓ-ਡਾਇਗਨੋਸਿਸ, ਐਨੇਸਥੀਸੀਆ, ਪੈਥੋਲਾਜੀ, ਮਾਈਕ੍ਰੋਬਾਇਓਲਾਜੀ ਤੇ ਬਾਇਓਕੈਮਿਸਟਰੀ ਵਿਸ਼ਿਆਂ ’ਚ ਫੈਕਲਟੀ, ਬੁਨਿਆਦੀ ਢਾਂਚੇ ਤੇ ਹੋਰ ਮੁਲਾਜ਼ਮਾਂ ’ਚ ਵਾਧਾ ਹੋਵੇਗਾ। ਜੇ ਵਿਭਾਗ ’ਚ ਕੰਮ ਜ਼ਿਆਦਾ ਹੈ ਤਾਂ ਸੰਸਥਾ ਤੇ ਬੁਨਿਆਦੀ ਢਾਂਚੇ ’ਚ ਵੀ ਵਾਧਾ ਕਰਨਾ ਪਵੇਗਾ।