‘ਦ ਖ਼ਾਲਸ ਬਿਊਰੋ:- ਅੱਜ ਵਿਧਾਇਕ ਸੁਖਪਾਲ ਸਿੰਘ ਖਹਿਰਾ UAPA ਤਹਿਤ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦਲਿਤ ਨੌਜਵਾਨ ਸੁਖਚੈਨ ਸਿੰਘ ਸੇਹਰਾ, ਰਾਜਪੁਰਾ ਦੇ ਘਰ ਪਹੁੰਚੇ। ਸੁਖਪਾਲ ਸਿੰਘ ਖਹਿਰਾ ਨੇ ਪਿੰਡ ਦੀ ਪੰਚਾਇਤ ਅਤੇ ਸੁਖਚੈਨ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਿਦਿਆਂ ਸੁਖਚੈਨ ਸਿੰਘ ਦੀ ਗ੍ਰਿਫਤਾਰੀ ਬਾਰੇ ਅਸਲ ਕਹਾਣੀ ਤੋਂ ਜਾਣੂ ਕਰਵਾਇਆ।

 

ਸੁਖਚੈਨ ਸਿੰਘ ਦਾ ਵੱਡਾ ਭਰਾ

 

ਖਹਿਰਾ ਨੇ ਦੱਸਿਆ ਕਿ ਸੁਖਚੈਨ ਸਿੰਘ ਨੂੰ ਪੁਲਿਸ ਨੇ 26 ਜੂਨ ਨੂੰ ਉਸਦੇ ਘਰ ਤੋਂ ਹੀ ਗ੍ਰਿਫਤਾਰ ਕੀਤਾ ਸੀ ਅਤੇ ਦੋ ਦਿਨ ਗੈਰਕਾਨੂੰਨੀ ਹਿਰਾਸਤ ‘ਚ ਰੱਖਣ ਤੋਂ ਬਾਅਦ ਉਸ ‘ਤੇ UAPA ਤਹਿਤ ਪਰਚਾ ਦਰਜ ਕਰ ਦਿੱਤਾ ਗਿਆ। ਖਹਿਰਾ ਨੇ ਸਪੱਸ਼ਟ ਕੀਤਾ ਕਿ ਸੁਖਚੈਨ ਸਿੰਘ ਦੀ ਗ੍ਰਿਫਤਾਰੀ ਤਾਂ ਉਸਦੇ ਘਰੋਂ ਕੀਤੀ ਗਈ ਸੀ, ਪਰ ਪੁਲਿਸ ਨੇ ਉਸਦੀ ਗ੍ਰਿਫਤਾਰੀ ਰਾਜਪੁਰੇ ਤੋਂ ਹੋਈ ਦੱਸ ਕੇ ਉਸ ਕੋਲੋਂ ਇੱਕ 32 ਬੋਰ ਦਾ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਣ ਦੀ ਝੂਠੀ ਕਹਾਣੀ ਬਣਾ ਕੇ ਉਸ ਉੱਤੇ UAPA ਲਗਾ ਦਿੱਤਾ ਗਿਆ।

 

ਖਹਿਰਾ ਨੇ ਦੱਸਿਆ ਕਿ ਪੁਲਿਸ ਵੱਲੋਂ ਸੁਖਚੈਨ ਸਿੰਘ ਦੀ ਗ੍ਰਿਫਤਾਰੀ ‘ਤੇ ਉਸਦੇ ਤਾਰ ਚਾਰ ਹੋਰ ਨੌਜਵਾਨਾਂ ਨਾਲ ਜੁੜੇ ਦਿਖਾਏ ਹਨ। ਖਹਿਰਾ ਨੇ ਕਿਹਾ ਕਿ ਪੁਲਿਸ ਨੇ ਝੂਠੀ ਕਹਾਣੀ ਬਣਾਈ ਹੈ ਕਿ ਸੁਖਚੈਨ ਸਿੰਘ ਰੈਫਰੈਂਡਮ-2020 ਜਾਂ ਖਾਲਿਸਤਾਨ ਦੀਆਂ ਸਰਗਰਮੀਆਂ ਵਿੱਚ ਹਿੱਸੇਦਾਰ ਸੀ। ਸੁਖਚੈਨ ਸਿੰਘ ਤਾਂ ਇੱਕ ਮਿਹਨਤ-ਮਜ਼ਦੂਰੀ ਕਰਨ ਵਾਲੇ ਪਰਿਵਾਰ ਵਿੱਚੋਂ ਹੈ।

 

ਖਹਿਰਾ ਨੇ ਸੁਖਚੈਨ ਸਿੰਘ ਬਾਰੇ ਹੋਰ ਜਾਣਕਾਰੀ ਲਈ ਪਿੰਡ ਦੇ ਸਰਪੰਚ ਹਾਕਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸਨੇ ਵੀ ਇਹੀ ਗੱਲ ਆਖੀ ਕਿ ਪੁਲਿਸ ਸਾਡੇ ਸਾਹਮਣੇ ਸੁਖਚੈਨ ਸਿੰਘ ਨੂੰ ਗ੍ਰਿਫਤਾਰ ਕਰਕੇ ਲੈਕੇ ਗਈ ਹੈ, ਉਸ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਾਜਾਇਜ ਅਸਲਾ ਨਹੀਂ ਸੀ ਅਤੇ ਨਾ ਹੀ ਉਹ ਅਜਿਹੀ ਕਿਸੇ ਗਤੀਵਿਧੀ ਵਿੱਚ ਸ਼ਾਮਿਲ ਹੋਇਆ ਹੈ।

 

ਪਿੰਡ ਦੇ ਸਰਪੰਚ ਹਾਕਮ ਸਿੰਘ ਨਾਲ ਗੱਲਬਾਤ

 

ਸੁਖਪਾਲ ਖਹਿਰਾ ਨੇ ਕਿਹਾ ਕਿ ਕੈਪਟਨ ਸਰਕਾਰ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ। ਸਰਕਾਰ ਵੱਲੋਂ ਸਿੱਖ ਨੌਜਵਾਨਾਂ ਨੂੰ ਝੂਠੇ ਕੇਸ ਪਾ ਕੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।

 

ਸੁਖਪਾਲ ਖਹਿਰਾ ਨੇ SSP ਪਟਿਆਲਾ ਨੂੰ ਸੁਖਚੈਨ ਸਿੰਘ ਵਾਲੇ ਕੇਸ ਵਿੱਚ SIT ਬਣਾ ਕੇ ਕੇਸ ਨੂੰ ਰਿਵਿਊ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ 16 ਨੌਜਵਾਨਾਂ ‘ਤੇ UAPA ਲਗਾਇਆ ਗਿਆ ਹੈ, ਜੋ ਕਿ ਸਰਾਸਰ ਗਲਤ ਹੈ।