Punjab

18 ਜਨਵਰੀ ਨੂੰ ਕੇਂਦਰ ਦੇ ਖਿਲਾਫ ਕਿਸਾਨਾਂ ਦਾ ਵੱਡਾ ਧਰਨਾ !

ਬਿਉਰੋ ਰਿਪੋਰਟ : ਭਾਰਤੀ ਕਿਸਾਨ ਯੂਨੀਅਨ ਦੇ ਮੁੱਖੀ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ 5 ਕਿਸਾਨ ਜਥੇਬੰਦੀਆਂ ਨੇ ਮੁੜ ਤੋਂ ਕੇਂਦਰ ਖਿਲਾਫ ਅੰਦੋਲਨ ਕਰਨ ਦਾ ਐਲਾਨ ਕਰ ਦਿੱਤਾ ਹੈ । ਇਸ ਵਾਰ ਉਹ ਪਾਣੀ ਦੇ ਮੁੱਦੇ ‘ਤੇ ਸੜਕਾਂ ‘ਤੇ ਉਤਰਨਗੇ । ਕਿਸਾਨ ਸੰਗਠਨਾਂ ਨੇ 18 ਜਨਵਰੀ ਤੋਂ ਚੰਡੀਗੜ੍ਹ ਵਿੱਚ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਆਪਣੇ ਅੰਦੋਲਨ ਦੀ ਥਾਂ ਲੈਣ ਦੇ ਲਈ 8 ਜਨਵਰੀ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮਿਲਣਗੇ।

ਕਿਸਾਨ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ NDA ਸਰਕਾਰ ਸੱਤਾ ਦੀ ਦੁਰਵਰਤੋਂ ਕਰਕੇ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਭੇਜਣ ਲਈ ਦਬਾਅ ਬਣਾ ਰਹੀ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ 18 ਜਨਵਰੀ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੰਜਾਬ ਦੇ ਪਿੰਡਾਂ ਵਿੱਚ ਅੰਦੋਲਨ ਦੀ ਜਾਣਕਾਰੀ ਦੇ ਲਈ 1 ਲੱਖ ਪੋਸਟਰ ਵੰਡੇ ਜਾਣਗੇ । ਕਿਸਾਨ ਸੰਗਠਨ ਇਸ ਵਾਰ ਪਾਣੀ ਦੇ ਨਾਲ ਚੰਡੀਗੜ੍ਹ ਦੇ ਅਧਿਕਾਰ ਦਾ ਮੁੱਦਾ ਵਿੱਚ ਚੁੱਕਣਗੇ । ਪ੍ਰਦਰਸ਼ਨ ਦੌਰਾਨ ਪੰਜਾਬ ਵਿੱਚ ਡਿੱਗ ਦੇ ਪਾਣੀ ਦੇ ਪੱਧਰ ਨੂੰ ਲੈਕੇ ਵੀ ਆਵਾਜ਼ ਚੁੱਕੀ ਜਾਵੇਗੀ ।

5 ਕਿਸਾਨ ਜਥੇਬੰਦੀਆਂ ਹਿੱਸਾ ਲੈਣਗੀਆਂ

ਚੰਡੀਗੜ੍ਹ ਦੇ ਸੈਕਟਰ 35 ਸਥਿਤ ਕਿਸਾਨ ਭਵਨ ਵਿੱਚ ਸ਼ਨਿੱਚਰਵਾਰ ਨੂੰ 5 ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਬੈਠਕ ਵਿੱਚ ਅੰਦੋਲਨ ਦਾ ਫੈਸਲਾ ਲਿਆ ਗਿਆ । ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਬਲਬੀਰ ਸਿੰਘ ਰਾਜੇਵਾਲ,ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਵੱਲੋਂ ਪ੍ਰੇਮ ਸਿੰਘ,ਕਿਸਾਨ ਸੰਘਰਸ਼ ਕਮੇਟੀ ਦੇ ਵੱਲੋਂ ਕਮਲਪ੍ਰੀਤ ਸਿੰਘ ਪੰਨੂ,ਭਾਰਤੀ ਕਿਸਾਨ ਯੂਨੀਅਨ ਮਾਨਸਾ ਵੱਲੋਂ ਭੋਗ ਸਿੰਗ ਸ਼ਾਮਲ ਹੋਏ । ਬੈਠਕ ਵਿੱਚ ਅੰਦੋਲਨ ਦੀ ਤਿਆਰੀਆਂ ਨੂੰ ਲੈਕੇ ਚਰਚਾ ਹੋਈ ਹੈ । 23 ਦਸੰਬਰ ਨੂੰ ਮੁੜ ਤੋਂ ਮੀਟਿੰਗ ਸੱਦੀ ਗਈ ਹੈ ।

ਪੰਜਾਬ ਵਿੱਚ ਗੰਨੇ ਦੀ ਲਾਗਤ ਸਭ ਤੋਂ ਵੱਧ

ਕਿਸਾਨ ਆਗੂਆਂ ਨੇ ਇਲਜ਼ਾਮ ਲਗਾਇਆ ਕਿ ਭਗਵੰਤ ਮਾਨ ਸਰਕਾਰ ਨੇ ਗੰਨੇ ਦਾ ਜੋ ਰੇਟ ਵਧਾਇਆ ਹੈ ਉਹ ਬਹੁਤ ਘੱਟ ਹੈ । ਭਾਵੇ ਪੰਜਾਬ ਵਿੱਚ ਗੰਨੇ ਦਾ ਰੇਟ ਦੇਸ਼ ਦੇ ਹੋਰ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਹੈ ਪਰ ਪੰਜਾਬ ਅੰਦਰ ਗੰਨੇ ਦੀ ਫਸਲ ਦੀ ਲਾਗਤ ਵੀ ਦੂਜੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ । ਇਸੇ ਲਈ ਸਰਕਾਰ ਦੇ ਇਸ ਫੈਸਲੇ ਤੋਂ ਕਿਸਾਨ ਖੁਸ਼ ਨਹੀਂ ਹੈ । ਸਰਕਾਰ ਨੂੰ ਘੱਟੋ-ਘੱਟ ਲਾਗਤ ਕੀਮਤ ਤਾਂ ਤੈਅ ਕਰਨੀ ਚਾਹੀਦੀ ਹੈ। ਇਸ ਦਾ ਵੀ ਕਿਸਾਨਾਂ ਵੱਲੋਂ ਵਿਰੋਧੀ ਕੀਤਾ ਜਾ ਰਿਹਾ ਹੈ ।