India International

ਭਾਰਤ ‘ਚ ਕਈ ਥਾਵਾਂ ‘ਤੇ ਦਿਖਣ ਲੱਗਾ ਸੂਰਜ ਗ੍ਰਹਿਣ

‘ਦ ਖ਼ਾਲਸ ਬਿਊਰੋ:- ਅੱਜ 21ਵੀਂ ਸਦੀ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ ਲੱਗ ਚੁੱਕਾ ਹੈ। ਵਿਗਿਆਨਿਕ ਭਾਸ਼ਾ ਵਿੱਚ ਇਸਨੂੰ ‘ਰਿੰਗ ਆਫ਼ ਫ਼ਾਇਰ’ ਕਹਿੰਦੇ ਹਨ। “ਰਿੰਗ ਆਫ਼ ਫ਼ਾਇਰ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਸੂਰਜ, ਚੰਦ ਅਤੇ ਧਰਤੀ ਇੱਕ ਸੇਧ ਵਿੱਚ ਆਉਂਦੇ ਹਨ।” ਭਾਰਤ ‘ਚ ਇਹ ਸੂਰਜ ਗ੍ਰਹਿਣ ਕਰੀਬ 3 ਵਜੇ ਤੱਕ ਦੇਖਿਆ ਜਾ ਸਕੇਗਾ।

ਭਾਰਤ ਵਿੱਚ ਸੂਰਜ ਗ੍ਰਹਿਣ ਦੀ ਸ਼ੁਰੂਆਤ ਰਾਜਸਥਾਨ ਦੇ ਘਰਸਾਣਾ ਵਿੱਚ ਸਵੇਰੇ 10:12 ਮਿੰਟ ਉੱਪਰ ਹੋਈ ਅਤੇ ਇਹ 11:49 ਵਜੇ ਤੋਂ ਦਿਖਣਾ ਸ਼ੁਰੂ ਹੋਇਆ ਅਤੇ 11:50 ਵਜੇ ਖ਼ਤਮ ਹੋ ਗਿਆ। ਇਸ ਤੋਂ ਇਲਾਵਾ ਰਾਜਸਥਾਨ ਦੇ ਸੂਰਤਗੜ੍ਹ ਅਤੇ ਅਨੂਪਗੜ੍ਹ, ਹਰਿਆਣਾ ਦੇ ਸਿਰਸਾ, ਰਤੀਆ ਅਤੇ ਕੁਰਕਸ਼ੇਤਰ, ਉੱਤਰਾਖੰਡ ਦੇ ਦੇਹਰਾਦੂਨ, ਚੰਬਾ, ਚਮੇਲੀ ਅਤੇ ਜੋਸ਼ੀ ਮੱਠ ਵਰਗੀਆਂ ਥਾਵਾਂ ‘ਤੇ ਇਹ ਅੱਗ ਦਾ ਛੱਲਾ (ਸੂਰਜ ਗ੍ਰਹਿਣ) ਇੱਕ ਮਿੰਟ ਤੱਕ ਦੇਖਿਆ ਗਿਆ। ਪੰਜਾਬ ਦੇ ਲੋਕਾਂ ਨੇ ਵੀ ਇਸ ਸੂਰਜ ਗ੍ਰਹਿਣ ਨੂੰ ਦੇਖਿਆ।

ਦੁਨੀਆਂ ਵਿੱਚ ਸਭ ਤੋਂ ਪਹਿਲਾਂ ਅਫ਼ਰੀਕਾ ਮਹਾਂਦੀਪ ਵਿੱਚ ਕੌਂਗੋ ਦੇ ਲੋਕਾਂ ਨੇ ‘ਅੱਗ ਦੇ ਛੱਲੇ’ ਸੂਰਜ ਗ੍ਰਹਿਣ ਨੂੰ ਦੇਖਿਆ। ਇਹ ਭਾਰਤ ਦੇ ਰਾਜਸਥਾਨ ਪਹੁੰਚਣ ਤੋਂ ਪਹਿਲਾਂ ਦੱਖਣੀ ਸੂਡਾਨ, ਇਥੋਪੀਆ, ਯਮਨ, ਓਮਾਨ, ਸਾਊਦੀ ਅਰਬ, ਹਿੰਦ ਮਹਾਂਸਾਗਰ ਅਤੇ ਪਾਕਿਸਤਾਨ ਤੋਂ ਹੋ ਕੇ ਗ਼ੁਜ਼ਰੇਗਾ।

ਭਾਰਤ ਤੋਂ ਬਾਅਦ ਤਿੱਬਤ, ਚੀਨ ਅਤੇ ਤਾਇਵਾਨ ਦੇ ਲੋਕ ਵੀ ਇਸ ਨੂੰ ਦੇਖ ਸਕਣਗੇ। ਪ੍ਰਸ਼ਾਂਤ ਮਹਾਸਾਗਰ ਦੇ ਵਿਚਕਾਰ ਪਹੁੰਚ ਕੇ ਸਮਾਪਤ ਹੋ ਜਾਵੇਗਾ।

ਵਿਗਿਆਨੀਆਂ ਵੱਲੋਂ ਇਸ ਸੂਰਜ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਨਾ ਦੇਖਣ ਦੀ ਸਲਾਹ ਦਿੱਤੀ ਗਈ ਹੈ।