Khaas Lekh Punjab

400 Mohalla Clinics : ਵਿਰੋਧ ‘ਚ ਆਏ ਇਤਿਹਾਸਕ ਪਿੰਡ ਦੇ ਲੋਕ, ਜਾਣੋ ਪੂਰਾ ਮਾਮਲਾ

aam aadmi mohalla clinic , Punjab news, 500 Aam Aadmi Clinic

ਚੰਡੀਗੜ੍ਹ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ(Punjab government) ਦੀ ਤੰਦਰੁਸਤ ਪੰਜਾਬ ਮੁਹਿੰਮ ਤਹਿਤ 400 ਮੁਹੱਲਾ ਕਲੀਨਿਕ(400 new mohalla clinic) ਲੋਕਾਂ ਦੇ ਹਵਾਲੇ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ 15 ਅਗਸਤ 2022 ਨੂੰ 100 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ਸੀ। ਪਰ ਇਸ ਪਿੱਛੇ ਪੰਜਾਬ ਦੇ ਇੱਕ ਹੋਰ ਤਸਵੀਰ ਸਾਹਮਣੇ ਆ ਰਹੀ ਹੈ। ਸੂਬੇ ਵਿੱਚ ਪਹਿਲਾਂ ਤੋਂ ਪਿੰਡਾਂ ਵਿੱਚ ਚੱਲ ਰਹੀਆਂ ਡਿਸਪੈਂਸਰੀਆਂ ਤੋਂ ਇਨ੍ਹਾਂ ਮੁਹੱਲਾ ਕਲੀਨਿਕਾਂ(Mohalla clinic) ਵਿੱਚ ਸਟਾਫ਼ ਸ਼ਿਫ਼ਟ ਕੀਤਾ ਜਾ ਰਿਹਾ ਹੈ। ਜਿਸ ਕਾਰਨ ਥਾਂ-ਥਾਂ ਉੱਤੇ ਪੰਜਾਬ ਸਰਕਾਰ ਦਾ ਵਿਰੋਧ ਹੋ ਰਿਹਾ ਹੈ। ਇਹੀ ਹਾਲ ਦੇਸ਼ ਦੇ ਪਹਿਲੇ ਰੱਖਿਆ ਮੰਤਰੀ (India first defense minister) ਸਰਦਾਰ ਬਲਦੇਵ ਸਿੰਘ ਦੇ ਪਿੰਡ ਦੁੱਮਣਾ(Dumna village) ਨਾਲ ਹੋਇਆ ਹੈ।

ਕਿਸੇ ਵੇਲੇ ਆਧੁਨਿਕ ਡਿਸਪੈਂਸਰੀ ਕਾਰਨ ਪੰਜਾਬ ਵਿੱਚ ਚਰਚਾ ਵਿੱਚ ਰਿਹਾ ਰੂਪਨਗਰ ਜ਼ਿਲ੍ਹੇ ਦਾ ਪਿੰਡ ਦੁੱਮਣਾ ਅੱਜ ਸਿਹਤ ਸਹੂਲਤਾਂ ਖੁੱਸ ਜਾਣ ਕਾਰਨ ਸੁਰਖ਼ੀਆਂ ਵਿੱਚ ਹੈ। ਦਰਅਸਲ ਸਰਕਾਰ ਇਸ ਪਿੰਡ ਤੋਂ ਕੋਹਾਂ ਦੂਰ ਪੀਐੱਚਸੀ ਬੂਰ ਮਾਜਰਾ ਨੂੰ ਮੁਹੱਲਾ ਕਲੀਨਿਕ ਵਿੱਚ ਤਬਦੀਲ ਕਰ ਰਹੀ ਹੈ। ਇਸ ਦੇ ਲਈ ਪਿੰਡ ਦੁੱਮਣਾ ਦੀ ਡਿਸਪੈਂਸਰੀ ਦਾ ਸਟਾਫ਼ ਬੂਰ ਮਾਜਰਾ ਵਿਖੇ ਤਾਇਨਾਤ ਕਰ ਦਿੱਤਾ ਹੈ।

ਪਿੰਡ ਵੱਲੋਂ ਰੱਖੇ ਮੁਲਾਜ਼ਮਾਂ ਦਾ ਭਵਿੱਖ ਧੁੰਦਲਾ

ਇਸ ਡਿਸਪੈਂਸਰੀ ਦੇ ਬੰਦ ਹੋਣ ਨਾਲ ਨਾ ਸਿਰਫ਼ ਪਿੰਡ ਦੇ ਲੋਕ ਲੋਕ ਪਰੇਸ਼ਾਨ ਹਨ ਬਲਕਿ ਪੰਚਾਇਤ ਵੱਲੋਂ ਰੱਖੇ ਮੁਲਾਜ਼ਮਾਂ ਵੀ ਦੁਖੀ ਹਨ। ਪਿਛਲੇ ਦਸ ਸਾਲ ਤੋਂ ਇਸ ਡਿਸਪੈਂਸਰੀ ਵਿੱਚ ਲੈਬ ਤਕਨੀਸ਼ੀਅਨ ਵਜੋਂ ਨੌਕਰੀ ਕਰ ਰਹੀ ਹਰਜੀਤ ਕੌਰ ਪਰੇਸ਼ਾਨ ਹੈ। ਉਸ ਦੀ ਤਨਖ਼ਾਹ ਵੀ ਪਿੰਡ ਵੱਲੋਂ ਅਦਾ ਕੀਤੀ ਜਾਂਦੀ ਹੈ ਪਰ ਡਿਸਪੈਂਸਰੀ ਦੇ ਬੰਦ ਹੋਣ ਨਾਲ ਉਸ ਨੂੰ ਵੀ ਆਪਣਾ ਭਵਿੱਖ ਧੁੰਦਲਾ ਦਿਸਣ ਲੱਗਾ ਹੈ।

ਪੂਰੇ ਪੰਜਾਬ ਵਿੱਚ ਮਸ਼ਹੂਰ, ਲੋਕ ਕਹਿੰਦੇ ਮਿੰਨੀ ਹਸਪਤਾਲ

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਿੰਡ ਦੀ ਇਹ ਡਿਸਪੈਂਸਰੀ ਬਹੁਤ ਹੀ ਖ਼ਾਸ ਹੈ। ਇਲਾਕੇ ਦੇ ਲੋਕ ਇਸ ਨੂੰ ਮਿੰਨੀ ਹਸਪਤਾਲ ਵੀ ਕਹਿੰਦੇ ਹਨ। ਇਹ ਆਪਣੀਆਂ ਸਹੂਲਤਾਂ ਕਾਰਨ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਮਾਤ ਦੇ ਰਹੀ ਹੈ। ਪਿੰਡ ਦੀ ਡਿਸਪੈਂਸਰੀ ਪੰਜਾਬ ਵਿੱਚ ਚਰਚਾ ਵਿੱਚ ਰਹੀ ਹੈ। ਇੱਥੇ ਜਿੱਥੇ ਗ਼ਰੀਬਾਂ ਨੂੰ ਮੁਫ਼ਤ ਵਿੱਚ ਦਵਾਈਆਂ ਮਿਲਦੀਆਂ ਹਨ, ਉੱਥੇ ਹੀ ਲੈਬ ਵਿੱਚ ਬਹੁਤ ਹੀ ਸਸਤੇ ਟੈੱਸਟ ਕੀਤੇ ਜਾਂਦੇ ਹਨ। ਜਿਸ ਕਾਰਨ ਹੋਰਨਾਂ ਸ਼ਹਿਰਾਂ ਤੋਂ ਵੀ ਲੋਕ ਇੱਥੇ ਇਲਾਜ ਕਰਵਾਉਣ ਆਉਂਦੇ ਹਨ।

ਚੰਗੀ ਸਿਹਤ ਸਹੂਲਤਾਂ ਲਈ ਡਾਕਟਰ ਦਾ ਹੋ ਚੁੱਕਾ ਸਨਮਾਨ

ਪਿੰਡ ਦੁੱਮਣਾ ਵਿੱਚ ਚੰਗੀ ਸਿਹਤ ਸਹੂਲਤਾਂ ਕਾਰਨ ਇੱਥੇ ਤਾਇਨਾਤੀ ਦੌਰਾਨ ਡਾਕਟਰ ਵਿਸ਼ਾਲ ਭਾਰਤੀ ਨੂੰ 15 ਅਗਸਤ 2018 ਨੂੰ ਆਜ਼ਾਦੀ ਸਮਾਰੋਹ ਮੌਕੇ ਸਾਬਕਾ ਕੈਬਿਨੇਟ ਮੰਤਰੀ ਬਲਵੀਰ ਸਿੰਘ ਸਿੱਧੂ ਵੱਲੋਂ ਸਨਮਾਨਿਤ ਕੀਤੇ ਜਾ ਚੁੱਕੇ ਹਨ। ਇਸ ਤੋਂ ਬਾਅਦ ਆਏ ਨਵੇਂ ਡਾਕਟਰ ਸੁਖਵੀਰ ਸਿੰਘ ਦੀ ਵੀ ਲੋਕ ਬਹੁਤ ਸਰਾਹੁਣਾ ਕਰਦੇ ਹਨ। ਪਰ ਸਰਕਾਰ ਦੇ ਮੁਹੱਲਾ ਕਲੀਨਿਕ ਮੁਹਿੰਮ ਤਹਿਤ ਇਹ ਡਿਸਪੈਂਸਰੀ ਡਾਕਟਰ ਪੱਖੋਂ ਵਿਹੂਣੀ ਹੋ ਗਈ ਹੈ।

ਐੱਮਐਲਏ ਨੇ ਸਰਕਾਰ ਦੇ ਫ਼ੈਸਲੇ ਦੀ ਪਿੱਠ ਥੱਪ ਥਪਾਈ

ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਅਧੀਨ ਆਉਂਦੇ ਪਿੰਡ ਦੁੱਮਣਾ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਇਸ ਸਬੰਧੀ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਖ਼ਾਲਸ ਟੀਵੀ ਨਾਲ ਗੱਲਬਾਤ ਕਰਦਿਆਂ ਸਰਕਾਰ ਦੇ ਫ਼ੈਸਲੇ ਦਾ ਪ੍ਰਸ਼ੰਸਾ ਹੀ ਕੀਤੀ। ਉਨ੍ਹਾਂ ਨੇ ਕਿਹਾ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਪਿੰਡ ਦੇ ਲੋਕਾਂ ਦੀ ਜੋ ਵੀ ਸਮੱਸਿਆ ਹੈ, ਉਹ ਸਰਕਾਰ ਤੱਕ ਪਹੁੰਚਾ ਦੇਣਗੇ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਬੇਸ਼ੱਕ ਪਿੰਡ ਦੀ ਡਿਸਪੈਂਸਰੀ ਤੋਂ ਸਟਾਫ਼ ਬੂਰ ਮਾਜਰਾ ਮੁਹੱਲਾ ਕਲੀਨਿਕ ਲਈ ਸ਼ਿਫ਼ਟ ਹੋ ਰਿਹਾ ਹੈ ਪਰ ਅਗਲੇ ਪੜਾਅ ਵਿੱਚ ਦੁੱਮਣਾ ਪਿੰਡ ਨੂੰ ਵੀ ਮੁਹੱਲਾ ਕਲੀਨਿਕ ਬਣਾਇਆ ਜਾਵੇਗਾ। ਪਰ ਸਵਾਲ ਇਹ ਹੈ ਕਿ ਪਹਿਲਾਂ ਤੋਂ ਚੰਗੀ ਭਲੀ ਆਧੁਨਿਕ ਸਹੂਲਤਾਂ ਨੂੰ ਚੱਲ ਰਹੀ ਡਿਸਪੈਂਸਰੀ ਨੂੰ ਆਖ਼ਿਰ ਬੰਦ ਕਿਉਂ ਕਰ ਦਿੱਤਾ ਗਿਆ। ਇਸ ਨੂੰ ਹੀ ਮੁਹੱਲਾ ਕਲੀਨਿਕ ਬਣਾਇਆ ਜਾ ਸਕਦਾ ਸੀ।

ਵੱਡੇ ਸੰਘਰਸ਼ ਦੀ ਤਿਆਰੀ

ਸਿਰਫ਼ ਪਿੰਡ ਦੁੱਮਣਾ ਵਿੱਚ ਨਹੀਂ ਬਲਕਿ ਪੰਜਾਬ ਦੇ ਕਈ ਥਾਵਾਂ ਤੋਂ ਡਿਸਪੈਂਸਰੀਆਂ ਤੋਂ ਸਟਾਫ਼ ਮੁਹੱਲਾ ਕਲੀਨਿਕਾਂ ਵਿੱਚ ਸ਼ਿਫ਼ਟ ਕੀਤਾ ਜਾ ਰਿਹਾ ਹੈ। ਸਰਕਾਰ ਦੀ ਕਾਰਵਾਈ ਦਾ ਲੋਕਾਂ ਵੱਲੋਂ ਵਿਰੋਧ ਹੋ ਰਿਹਾ ਹੈ। ਦੁੱਮਣਾ ਪਿੰਡ ਦੇ ਲੋਕ ਗੁਆਂਢੀ ਪਿੰਡਾਂ ਨੂੰ ਨਾਲ ਲੈ ਕੇ ਵੱਡੇ ਸੰਘਰਸ਼ ਦੀ ਤਿਆਰੀ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਕੀਮਤ ਉੱਤੇ ਇਸ ਨੂੰ ਬੰਦ ਨਹੀਂ ਹੋਣ ਦੇਣਗੇ।