ਇੰਟਰਨੈਸ਼ਨਲ ਬੁੱਕ ਆਫ ਰਿਕਾਰਡਜ਼ ਵਿੱਚ ਹਰਨਵ ਦਾ ਨਾਂ ਦਰਜ
ਬਿਊਰੋ ਰਿਪੋਰਟ : ਕਹਿੰਦੇ ਨੇ ਹੁਨਰ ਦੀ ਕੋਈ ਉਮਰ ਨਹੀਂ ਹੁੰਦੀ ਹੈ ਅਤੇ ਕਾਬਲੀਅਤ ਦਾ ਕੋਈ ਦਾਇਰਾ ਨਹੀਂ ਹੁੰਦਾ।ਬਸ ਜ਼ਰੂਰਤ ਹੁੰਦੀ ਹੈ ਹੁਨਰ ਨੂੰ ਤਲਾਸ਼ ਕੇ ਉਸ ਨੂੰ ਤਰਾਸ਼ਣ ਦੀ। ਗੁਰਦਾਸਪੁਰ ਦਾ 3 ਸਾਲਾਂ ਹਰਨਵ ਸਿੰਘ ਵੀ ਅਜਿਹੇ ਬੱਚਿਆਂ ਵਿੱਚੋਂ ਹੈ,ਜਿਸ ਨੇ 1 ਵਾਰ ਨਹੀਂ ਸਗੋਂ 2 ਵਾਰ ਆਪਣੀ ਕਾਬਲੀਅਤ ਸਾਬਤ ਕੀਤੀ ਹੈ।ਇਸ ਵਿੱਚ ਉਸ ਦੀ ਮਾਂ ਦਾ ਵੱਡਾ ਯੋਗਦਾਨ ਰਿਹਾ ਹੈ।ਪਹਿਲਾਂ ਉਸ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਹੋਇਆ ਸੀ ਪਰ ਹੁਣ ਉਸ ਨੇ ਆਪਣਾ ਨਾਮ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਕਰਵਾਇਆ ਹੈ।
ਹਰਨਵ ਸਿੰਘ ਦਾ ਹੁਨਰ
3 ਸਾਲਾਂ ਹਰਨਵ ਸਿੰਘ ਦੀ ਮਾਂ ਈਸ਼ਾ ਸ਼ਰਮਾ ਮੁਤਾਬਿਕ ਹਰਨਵ ਸਿੰਘ ਨੇ 1 ਮਿੰਟ ਵਿੱਚ 35 ਡਾਇਨਾਸੋਰ ਦੇ ਨਾਂ ਯਾਦ ਕਰਕੇ ਆਪਣਾ ਨਾਂ ਵਿਸ਼ਵ ਪੱਧਰ ‘ਤੇ ਦਰਜ ਕਰਵਾਇਆ ਹੈ।ਨਰਸਰੀ ਜਮਾਤ ਵਿੱਚ ਪੜਨ ਵਾਲੇ ਹਰਨਵ ਨੇ ਪਹਿਲਾਂ 64 ਡਾਇਨਾਸੋਰਾਂ ਦੇ ਨਾਂ ਯਾਦ ਕਰਕੇ ਆਪਣਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾਇਆ ਸੀ।ਮਾਂ ਮੁਤਾਬਿਕ ਹਰਨਵ ਸਿੰਘ ਨੂੰ ਕਾਰਟੂਨ ਅਤੇ ਡਾਇਨਾਸੋਰ ਵਰਗੇ ਜਾਨਵਰਾਂ ‘ਚ ਕਾਫੀ ਦਿਲਚਸਪੀ ਸੀ।
ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਗਿਆ, ਡਾਇਨਾਸੋਰ ਵਰਗੇ ਜਾਨਵਰਾਂ ਬਾਰੇ ਜਾਣਨ ਲਈ ਹੋਰ ਉਤਸ਼ਾਹਿਤ ਹੋਇਆ ਅਤੇ ਵੱਖ-ਵੱਖ ਡਾਇਨਾਸੋਰਾਂ ਦੀ ਪਛਾਣ ਵੀ ਕਰਨ ਲੱਗਾ। ਹਰਨਵ ਨੇ ਕਈ ਡਾਇਨਾਸੋਰਾਂ ਦੇ ਨਾਂ ਯਾਦ ਕਰਨੇ ਵੀ ਸ਼ੁਰੂ ਕਰ ਦਿੱਤੇ। ਮਾਂ ਈਸ਼ਾ ਸ਼ਰਮਾ ਨੇ ਪੁੱਤਰ ਦੀ ਦਿਲਚਸਪੀ ਨੂੰ ਵੇਖਦੇ ਹੋਏ ਉਸ ਦੀ ਮਦਦ ਕੀਤੀ ਤੇ ਤਸਵੀਰਾਂ ਦੇ ਜ਼ਰੀਏ ਡਾਇਨਾਸੋਰਾਂ ਦੇ ਨਾਂ ਯਾਦ ਕਰਵਾਏ।ਕੁਝ ਹੀ ਦਿਨਾਂ ਵਿੱਚ ਉਸ ਨੇ 60 ਤੋਂ ਜਿਆਦਾ ਡਾਇਨਾਸੋਰਾਂ ਦੇ ਨਾਂ ਯਾਦ ਕਰ ਲਏ।ਮਾਂ ਦਾ ਕਹਿਣਾ ਹੈ ਕਿ ਹਰਨਵ ਦਾ ਦਿਮਾਗ ਪੜਾਈ ਵਿੱਚ ਕਾਫੀ ਤੇਜ਼ ਹੈ।