Punjab

ਪੰਜਾਬ ਸਰਕਾਰ ਦੇ ਲਾਰਿਆਂ ਨੇ 41 ਸਾਲ ਬਾਅਦ ਓਲੰਪਿਕ ਜੇਤੂ ਹਾਕੀ ਟੀਮ ਦੇ ਤਗਮੇ ਕੀਤੇ ਫਿੱਕੇ,ਵਿਰੋਧੀਆਂ ਦਾ ਸਵਾਲ, ਕਿੱਥੇ ਹੈ ਖੇਡ ਨੀਤੀ ?

ਬਿਊਰੋ ਰਿਪੋਰਟ : ਪਿਛਲੇ ਸਾਲ ਟੋਕੀਓ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ 41 ਸਾਲ ਬਾਅਦ ਕਾਂਸੇ ਦਾ ਤਮਗਾ ਜਿੱਤਿਆ ਸੀ। ਇਸ ਟੀਮ ਵਿੱਚ ਪੰਜਾਬ ਦੇ 11 ਖਿਡਾਰੀ ਸਨ। ਪੰਜਾਬ ਪਹੁੰਚਣ ‘ਤੇ ਟੀਮ ਦਾ ਜ਼ਬਰਦਸਤ ਸੁਆਗਤ ਹੋਇਆ ਸੀ। ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਲੰਪਿਕ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ ਸੀ ਅਤੇ ਖਿਡਾਰੀਆਂ ਨੂੰ ਚੈੱਕ ਦੇ ਨਾਲ ਸਰਕਾਰੀ ਨੌਕਰੀ ਵੀ ਆਫਰ ਵੀ ਕੀਤੀ ਸੀ ਪਰ ਇੱਕ ਸਾਲ ਪੂਰਾ ਹੋਣ ਦੇ ਬਾਵਜੂਦ ਖਿਡਾਰੀਆਂ ਨੂੰ ਹੁਣ ਤੱਕ ਨਿਯੁਕਤੀ ਪੱਤਰ ਨਹੀਂ ਮਿਲੇ ਹਨ। ਖਿਡਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੈਡਲ ਦੀ ਚਮਕ ਵੀ ਹੁਣ ਫਿੱਕੀ ਹੋਣੀ ਸ਼ੁਰੂ ਹੋ ਗਈ ਹੈ।ਓਲੰਪਿਕ ਟੀਮ ਦਾ ਹਿੱਸਾ ਰਹੇ ਹਾਰਦਿਕ ਸਿੰਘ ,ਦਿਲਪ੍ਰੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਕਦੇ ਸੋਚਿਆ ਵੀ ਨਹੀਂ ਸੀ ਕਿ ਓਲੰਪਿਕ ਵਿੱਚ ਦੇਸ਼ ਦਾ ਸਿਰ ਉੱਚਾ ਚੁੱਕਣ ਦੇ ਬਾਅਦ ਸਰਕਾਰ ਆਪਣਾ ਵਾਅਦਾ ਕਰਕੇ ਚਲੀ ਜਾਵੇਗੀ ਅਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਜੰਗਾਲ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ 4 ਖਿਡਾਰੀਆਂ ਨੂੰ PCS ਅਤੇ ਬਾਕੀ ਖਿਡਾਰੀਆਂ ਨੂੰ PPS ਵਿੱਚ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਤੱਕ ਆਫਰ ਲੈਟਰ ਨਹੀਂ ਦਿੱਤੇ ਗਏ ਹਨ। ਉਧਰ ਵਿਰੋਧੀ ਧਿਰ ਕਾਂਗਰਸ ਅਤੇ ਅਕਾਲੀ ਦਲ ਇਸ ‘ਤੇ ਸਰਕਾਰ ਨੂੰ ਘੇਰ ਰਹੇ ਹਨ।

ਅਕਾਲੀ ਦਲ ਦਾ ਬਿਆਨ

ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਟਵੀਟ ਕਰਦੇ ਹੋਏ ਕਿਹਾ ਕਿ ‘ਜਿੰਨਾਂ ਖਿਡਾਰੀਆਂ ਨੇ ਓਲੰਪਿਕ ਅਤੇ ਕਾਮਨਵੈਲਥ ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਉਨ੍ਹਾਂ ਨਾਲ ਨੌਕਰੀ ਦੇਣ ਦਾ ਵਾਅਦਾ ਪੂਰਾ ਨਾ ਕਰਨਾ ਨਿਰਾਸ਼ਾ ਜਨਕ ਹੈ, ਮੁੱਖ ਮੰਤਰੀ ਭਗਵੰਤ ਮਾਨ ਜਲਦ ਨੀਂਦ ਤੋਂ ਜਾਗਣ ਅਤੇ ਖਿਡਾਰੀਆਂ ਨਾਲ ਇਨਸਾਫ਼ ਕਰਨ’।

ਕੈਪਟਨ ਵੀ ਖਿਡਾਰੀਆਂ ਹੱਕ ਵਿੱਚ ਨਿੱਤਰੇ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਿਡਾਰੀਆਂ ਦੇ ਹੱਕ ਵਿੱਚ ਟਵੀਟ ਕਰਦੇ ਹੋਏ ਲਿਖਿਆ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਸਾਡੇ ਓਲੰਪਿਕ ਸਿਤਾਰਿਆਂ ਜਿਨ੍ਹਾਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਅਤੇ ਜਿਨ੍ਹਾਂ ਨੂੰ ਮੈਂ ਨਿੱਜੀ ਤੌਰ ‘ਤੇ ਚੈਕ ਅਤੇ ਜੁਆਇਨਿੰਗ ਲੈਟਰ ਸੌਂਪੇ, ਉਨ੍ਹਾਂ ਦਾ ਅਜੇ ਵੀ ਬਣਦਾ ਹੱਕ ਨਹੀਂ ਮਿਲਿਆ। ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਨ੍ਹਾਂ ਦੇ ਕੇਸ ਨੂੰ ਤੇਜ਼ ਕਰਨ ਅਤੇ ਉਨ੍ਹਾਂ ਦੇ ਨਿਯੁਕਤੀ ਪੱਤਰ ਸੌਂਪਣ।

ਸੁਖਪਾਲ ਖਹਿਰਾ ਵੀ ਹਿਮਾਇਤ ਵਿੱਚ ਆਏ

ਸੁਖਪਾਲ ਖਹਿਰਾ ਨੇ ਖੇਡ ਮੰਤਰੀ ਮੀਤ ਹੇਅਰ ਦੀ ਸਪੋਰਟਸ ਪਾਲਿਸੀ ਨੂੰ ਲੈਕੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ‘ਮੈਂ ਭਾਰਤੀ ਟੀਮ ਦੇ ਹਾਕੀ ਖਿਡਾਰੀਆਂ ਦੀ ਸਰਕਾਰੀ ਨੌਕਰੀਆਂ ਦੀ ਮੰਗ ਦਾ ਸਮਰਥਨ ਕਰਦਾ ਹਾਂ, ਖੇਡ ਮੰਤਰੀ ਮੀਤ ਹੇਅਰ ਨੇ ਹਾਲ ਹੀ ਵਿੱਚ ਪਿਛਲੀ ਸਰਕਾਰ ਦੀ ਕੋਈ ਖੇਡ ਨੀਤੀ ਨਾ ਹੋਣ ਲਈ ਨਿੰਦਾ ਕੀਤੀ ਸੀ ਇਸ ਲਈ ਹੁਣ ਉਨ੍ਹਾਂ ਕੋਲ ਬਹੁਤ ਕੁਝ ਸੁਧਾਰ ਕਰਨ ਦਾ ਮੌਕਾ ਹੈ।