Punjab

ਆਸ਼ੂ ਤੋਂ ਬਾਅਦ ਮਨਪ੍ਰੀਤ ਬਾਦਲ ਵੀ ਘੁਟਾਲੇ ਦੇ ਘੇਰੇ ‘ਚ ! ਵਿਜੀਲੈਂਸ ਕੋਲ ਪਹੁੰਚੀ ਸ਼ਿਕਾਇਤ

ਬਿਊਰੋ ਰਿਪੋਰਟ : ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਕਾਂਗਰਸ ਦੇ ਇੱਕ ਹੋਰ ਸਾਬਕਾ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਖਿਲਾਫ਼ ਅਨਾਜ ਘੁਟਾਲੇ ਦੀ ਸ਼ਿਕਾਇਤ ਵਿਜੀਲੈਂਸ ਕੋਲ ਪਹੁੰਚੀ ਹੈ। ਇਹ ਸ਼ਿਕਾਇਤ ਬੀਜੇਪੀ ਦੇ ਆਗੂ ਅਤੇ ਬਠਿੰਡਾ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵਿਜੀਲੈਂਸ ਨੂੰ ਦਿੱਤੀ ਹੈ। ਸਿੰਗਲਾ ਨੇ ਇਲਜ਼ਾਮ ਲਗਾਇਆ ਹੈ ਕਿ ਮਨਪ੍ਰੀਤ ਬਾਦਲ ਨੇ ਆਪਣੇ ਨਜ਼ਦੀਕੀਆਂ ਨਾਲ ਮਿਲ ਕੇ ਪਹਿਲਾਂ ਜਾਅਲੀ ਕੰਪਨੀ ਬਣਾਈ , ਫਿਰ ਅਨਾਜ ਦੀ ਢੁਆਈ ਕਰਵਾਈ। ਇਲਜ਼ਾਮ ਲਗਾਇਆ ਗਿਆ ਹੈ ਕਿ ਮਨਪ੍ਰੀਤ ਬਾਦਲ ਨੇ ਆਪਣੇ ਡਰਾਈਵਰ ਅਤੇ ਗੰਨ ਮੈਨ ਦੇ ਨਾਂ ‘ਤੇ ਕੰਪਨੀ ਬਣਾਈ ਸੀ।

ਵਿਜੀਲੈਂਸ ਨੂੰ ਲਿਖੀ ਚਿੱਠੀ ਵਿੱਚ ਗੰਭੀਰ ਇਲਜ਼ਾਮ

ਸਾਬਕਾ ਵਿਧਾਇਕ ਸਰੂਪ ਸਿੰਗਲਾ ਨੇ ਚਿੱਠੀ ਵਿੱਚ ਲਿਖਿਆ ਹੈ ਕਿ 2017 ਤੋਂ ਲੈ ਕੇ 2022 ਦੇ ਵਿੱਚ ਅਨਾਜ ਦੀ ਢੁਆਈ ਦੇ ਲਈ ਮਨਪ੍ਰੀਤ ਬਾਦਲ ਵੱਲੋਂ ਜੇ.ਬੀ ਕੰਨਟਰੈਕਟਰ ਜਿਸ ਦਾ ਸੇਲ ਟੈਕਸ ਨੰਬਰ ਵੀ ਲਿਆ ਹੋਇਆ ਸੀ, ਇਸ ਦੇ ਜ਼ਰੀਏ ਘੁਟਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਦੇ ਸਾਲੇ ਜੈ ਜੀਤ ਸਿੰਘ ਜੋਹਲ ਦਾ ਪਰਸਨਲ ਡਰਾਇਵਰ ਜਗਜੀਤ ਸਿੰਘ ਬਰਾੜ ਅਤੇ ਮਨਪ੍ਰੀਤ ਬਾਦਲ ਦੇ ਪੁੱਤਰ ਅਰਜੁਨ ਬਾਦਲ ਦੇ ਗੰਨਮੈਨ ਗੁਰਤੇਜ ਸਿੰਘ ਦੇ ਜ਼ਰੀਏ ਸਰਕਾਰੀ ਨਿਯਮਾਂ ਅਤੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਫੂਡ ਸਪਲਾਈ ਦੇ ਅਧਿਕਾਰੀਆਂ ਦੀ ਮਦਦ ਨਾਲ ਗਰੀਬ ਟਰੱਕ ਓਪਰੇਟਰਾਂ ਦਾ ਹੱਕ ਮਾਰਿਆ ਗਿਆ ਹੈ। ਇਸ ਤੋਂ ਇਲਾਵਾ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਢੋਆ ਢੁਆਈ ਦੀ ਫਰਜ਼ੀ ਬਿਲਿੰਗ ਨਾਲ ਫਰਜ਼ੀ ਟਰੱਕਾਂ ਦੇ ਨੰਬਰ ਲਿਖ ਕੇ ਫੂਡ ਸਪਲਾਈ ਮਹਿਕਮੇ ਤੋਂ ਮੋਟੀ ਰਕਮ ਵਸੂਲੀ ਗਈ ਹੈ। ਇਹ ਘੁਟਾਲਾ ਵੀ ਭਾਰਤ ਭੂਸ਼ਣ ਆਸ਼ੂ ਵੱਲੋਂ ਕੀਤੇ ਗਏ ਘੁਟਾਲੇ ਵਾਂਗ ਹੀ ਹੈ, ਸੋ ਇਸ ਦੀ ਜਾਂਚ ਕੀਤੀ ਜਾਵੇ ਅਤੇ ਮੁਲਜ਼ਮਾਂ ਖਿਲਾਫ ਪਰਚਾ ਦਰਜ ਕੀਤਾ ਜਾਵੇ।

ਆਸ਼ੂ ‘ਤੇ ਲੱਗੇ ਸਨ ਇਹ ਇਲਜ਼ਾਮ

22 ਅਗਸਤ ਨੂੰ ਵਿਜੀਲੈਂਸ ਨੇ ਭਾਰਤ ਭੂਸ਼ਣ ਆਸ਼ੂ ਨੂੰ ਫੂਡ ਐਂਡ ਸਿਵਲ ਸਪਲਾਈ ਦੇ ਟੈਂਡਰਾਂ ਵਿੱਚ ਹੋਏ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ਼ 18 ਸ਼ਿਕਾਇਤਾਂ ਵਿਜੀਲੈਂਸ ਕੋਲ ਪਹੁੰਚੀਆਂ ਸਨ। ਉਨ੍ਹਾਂ ਖਿਲਾਫ਼ 2 ਹਜ਼ਾਰ ਕਰੋੜ ਦੇ ਟੈਂਡਰ ਘੁਟਾਲੇ ਦਾ ਇਲਜ਼ਾਮ ਲਗਾਇਆ ਗਿਆ ਸੀ। ਠੇਕੇਦਾਰਾਂ ਨੇ ਇਲਜ਼ਾਮ ਲਗਾਇਆ ਸੀ ਕਿ ਪੰਜਾਬ ਦੀਆਂ ਮੰਡੀਆਂ ਵਿੱਚੋਂ ਲੇਬਰ ਅਤੇ ਟਰਾਂਸਪੋਟੇਸ਼ਨ ਦੇ ਟੈਂਡਰਾਂ ਵਿੱਚ ਘੁਟਾਲਾ ਕੀਤਾ ਗਿਆ ਹੈ ਅਤੇ 20-25 ਲੋਕਾਂ ਨੂੰ ਫਾਇਦਾ ਪਹੁੰਚਾਇਆ ਗਿਆ ਸੀ।