Khaas Lekh

1952 ’ਚ ਰਾਜਪਥ ਨੇ ਦੇਖਿਆ ਸੀ ਕਿਸਾਨਾਂ ਦਾ ਜਲੌਅ, ਹੁਣ ਫਿਰ ਦਿੱਲੀ ਬਣੇਗੀ ਟਰੈਕਟਰ ਪਰੇਡ ਦੀ ਗਵਾਹ

ਦ ਖ਼ਾਲਸ ਬਿਊਰੋ:-(ਗੁਰਪ੍ਰੀਤ ਕੌਰ)

ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦੇ ਅੰਦੋਲਨ ਨੂੰ 57 ਦਿਨ ਬੀਤ ਗਏ ਹਨ ਪਰ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨਾਂ ਵਿਚਾਲੇ ਗਤੀਰੋਧ ਬਰਕਰਾਰ ਹੈ। ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਲਗਭਗ ਦੋ ਮਹੀਨਿਆਂ ਤੋਂ ਦਿੱਲੀ ਨਾਲ ਲੱਗਦੀਆਂ ਸਰਹੱਦਾਂ ‘ਤੇ ਅੰਦੋਲਨ ਕਰ ਰਹੇ ਹਨ। ਹੁਣ ਤੱਕ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਪਰ ਕੋਈ ਹੱਲ ਨਹੀਂ ਨਿਕਲਿਆ ਹੈ। ਹੁਣ ਕਿਸਾਨਾਂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਟਰੈਕਟਰ ਪਰੇਡ ਕੱਢਣ ਦੀ ਪੂਰੀ ਤਿਆਰੀ ਕਰ ਲਈ ਹੈ, ਪੁਲਿਸ ਵੱਲੋਂ ਕਿਸਾਨਾਂ ਨੂੰ ਹਰੀ ਝੰਡੀ ਮਿਲ ਗਈ ਹੈ। ਪਰੇਡ ਨੂੰ ਸ਼ਾਂਤੀਮਈ ਬਣਾਈ ਰੱਖਣਾ ਲਈ ਕਿਸਾਨਾਂ ਨੇ ਵੀ ਜ਼ਿੰਮੇਵਾਰੀ ਲੈ ਲਈ ਹੈ।

ਪਹਿਲਾਂ ਦਿੱਲੀ ਦੇ ਬਾਹਰ ਰਿੰਗ ਰੋਡ ’ਤੇ ਇੱਕੋ ਹੀ ਪਰੇਡ ਕਰਨ ਦੀ ਯੋਜਨਾ ਬਣਾਈ ਗਈ ਸੀ। ਪਰ ਹੁਣ 5 ਤਰ੍ਹਾਂ ਦੇ ਵੱਖ-ਵੱਖ ਰਿੰਗ ਬਣਾਏ ਗਏ ਹਨ, ਜਿਸ ਵੀ ਰਿੰਗ ਤੋਂ ਪਰੇਡ ਸ਼ੁਰੂ ਹੋਏਗੀ, ਦਿੱਲੀ ’ਚੋਂ ਹੋਈ ਉਸੇ ਥਾਂ ’ਤੇ ਵਾਪਿਸ ਆ ਕੇ ਖ਼ਤਮ ਹੋਏਗੀ। ਸਿੰਘੂ, ਟਿੱਕਰੀ, ਗਾਜ਼ੀਪੁਰ ਬਾਰਡਰ, ਢਾਸਾ ਅਤੇ ਸ਼ਾਹਜਹਾਂਪੁਰ ਬਾਰਡਰ ਵਿੱਚ ਇਸੇ ਤਰ੍ਹਾਂ ਪਰੇਡ ਕੀਤੀ ਜਾਏਗੀ। ਸ਼ਾਹਜਹਾਂਪੁਰ ਵਾਲੇ ਕਿਸਾਨ ਦਿੱਲੀ ਤਕ ਨਹੀਂ ਆਉਣਗੇ।

ਪੂਰੇ ਵਿਸ਼ਵ ਦੀਆਂ ਨਜ਼ਰਾਂ ਇਸ ਪਰੇਡ ਵੱਲ ਹੋਣਗੀਆਂ। ਪੰਜਾਬ-ਹਰਿਆਣਾ ਦੇ ਪਿੰਡ-ਪਿੰਡ ਅਤੇ ਘਰ-ਘਰ ਵਿੱਚ ਇਸ ਪਰੇਡ ਦੀ ਤਿਆਰੀ ਕੀਤੀ ਜਾ ਰਹੀ ਹੈ। ਪਰ ਬਹੁਤੇ ਲੋਕ ਜਾਣਦੇ ਹਨ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਏਗਾ, ਇਸ ਤੋਂ ਪਹਿਲਾਂ ਵੀ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਕੱਢੀ ਜਾ ਚੁੱਕੀ ਹੈ। ਫ਼ਰਕ ਸਿਰਫ ਇੰਨਾ ਹੈ ਕਿ ਉਸ ਸਮੇਂ ਕਿਸਾਨਾਂ ਨੇ ਬੜੀ ਸ਼ਾਨ ਨਾਲ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਇਤਿਹਾਸਿਕ ਪਰੇਡ ਦੌਰਾਨ ਆਪਣੇ ਟਰੈਕਟਰ ਉਤਾਰੇ ਸਨ, ਜਦਕਿ ਇਸ ਵਾਰ ਕਿਸਾਨ ਮਜਬੂਰ ਹੋ ਕੇ ਸਰਕਾਰ ਦੇ ਨਵੇਂ ਕਾਨੂੰਨਾਂ ਦੇ ਵਿਰੋਧ ਵਿੱਚ ਆਪਣੇ ਸੰਦਾਂ ਨਾਲ ਟਰੈਕਟਰਾਂ ’ਤੇ ਰੋਸ ਮੁਜ਼ਾਹਰਾ ਕਰਦੇ ਹੋਏ ਦਿੱਲੀ ਦੇ ਬਾਹਰ ਗਣਤੰਤਰ ਦਿਵਸ ਮਨਾਉਣਗੇ।  

ਗਣਤੰਤਰ ਦਿਵਸ ਦਾ ਮਹੱਤਵ 

1929 ਨੂੰ ਲਾਹੌਰ ਵਿੱਚ ਕਾਂਗਰਸ ਦਾ ਅਧਿਵੇਸ਼ਨ ਹੋਇਆ ਸੀ, ਜਿੱਥੇ ਪੂਰਨ ਸਵਰਾਜ ਦਾ ਨਾਅਰਾ ਦਿੱਤਾ ਗਿਆ। ਉਸ ਤੋਂ ਬਾਅਦ ਜਦੋਂ 26 ਜਨਵਰੀ, 1930 ਦਾ ਦਿਨ ਆਇਆ ਤਾਂ ਪੂਰੇ ਦੇਸ਼ ਵਿੱਚ ਪੂਰਨ ਸਵਰਾਜ ਦੇ ਨਾਅਰੇ ਤਹਿਤ ਪਹਿਲਾ ਸੁਤੰਤਰਤਾ ਦਿਵਸ ਮਨਾਇਆ ਗਿਆ। ਇਸੇ ਲਈ ਜਦੋਂ ਨਵੰਬਰ 1949 ਨੂੰ ਦੇਸ਼ ਦਾ ਸੰਵਿਧਾਨ ਪੂਰਾ ਤਿਆਰ ਹੋ ਗਿਆ, ਤਾਂ ਵੀ 26 ਜਨਵਰੀ ਦਾ ਇੰਤਜ਼ਾਰ ਕੀਤਾ ਗਿਆ। ਇਸ ਤੋਂ ਪਹਿਲਾਂ 24 ਜਨਵਰੀ ਨੂੰ ਸੰਵਿਧਾਨ ’ਤੇ ਹਸਤਾਖ਼ਰ ਕੀਤੇ ਗਏ। 

ਇਸ ਤਰ੍ਹਾਂ 26 ਜਨਵਰੀ ਨੂੰ ਆਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਆਜ਼ਾਦੀ ਤੋਂ ਬਾਅਦ ਹਰ ਸਾਲ ਦਿੱਲੀ ਦੇ ਲਾਲ ਕਿਲ੍ਹੇ ’ਤੇ 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਇਤਿਹਾਸਿਕ ਪਰੇਡ ਕੀਤੀ ਜਾਂਦੀ ਹੈ। ਇਹ ਪਰੇਡ ਬਹੁਤ ਖਾਸ ਹੁੰਦੀ ਹੈ। ਰਾਜਪਥ ’ਤੇ ਹੋਣ ਵਾਲੀ ਇਸ ਪਰੇਡ ਵਿੱਚ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਵਿਦੇਸ਼ੀ ਮਹਿਮਾਨਾਂ ਸਮੇਤ ਦੇਸ਼ ਦੇ ਹਜ਼ਾਰਾਂ ਨਾਗਰਿਕ ਸ਼ਾਮਲ ਹੁੰਦੇ ਹਨ। ਪਰੇਡ ਵਿੱਚ, ਭਾਰਤੀ ਫੌਜ ਦੀ ਬਹਾਦਰੀ ਅਤੇ ਭਾਰਤੀ ਸੰਸਕ੍ਰਿਤੀ ਦੀਆਂ ਝਾਕੀਆਂ ਕੱਢੀਆਂ ਜਾਂਦੀਆਂ ਹਨ। 

ਹਾਲਾਂਕਿ, ਇਸ ਵਾਰ ਦੇ ਗਣਤੰਤਰ ਦਿਵਸ ਮੌਕੇ ਕੋਈ ਵੀ ਵਿਦੇਸ਼ੀ ਮਹਿਮਾਨ ਹਿੱਸਾ ਨਹੀਂ ਲੈ ਰਿਹਾ। ਭਾਰਤ ਸਰਕਾਰ ਵੱਲੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਸੱਦਾ ਭੇਜਿਆ ਗਿਆ ਸੀ, ਪਰ ਉਨ੍ਹਾਂ ਨੇ ਆਉਣ ਤੋਂ ਮਨ੍ਹਾ ਕਰ ਦਿੱਤਾ। ਭਾਰਤ ਸਰਕਾਰ ਵੱਲੋਂ ਕੋਰੋਨਾ ਕਾਲ ਚੱਲਦਿਆਂ ਬੋਰਿਸ ਜੌਨਸਨ ਦੇ ਭਾਰਤ ਨਾ ਆਉਣ ਦਾ ਕਾਰਨ ਦੱਸਿਆ ਗਿਆ ਹੈ। ਇਸ ਤੋਂ ਪਹਿਲਾਂ ਹਰ ਸਾਲ ਕਿਸੇ ਨਾ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਤੌਰ ਮੁੱਖ ਮਹਿਮਾਨ ਭਾਰਤ ਵਿੱਚ ਸੱਦਿਆ ਜਾਂਦਾ ਹੈ। 

ਕਦੋਂ-ਕਦੋਂ ਗਣਤੰਤਰ ਦਿਵਸ ਮੌਕੇ ਨਹੀਂ ਬੁਲਾਏ ਗਏ ਮੁੱਖ ਮਹਿਮਾਨ 

ਦੱਸ ਦੇਈਏ ਇਸ ਤੋਂ ਪਹਿਲਾਂ ਸਿਰਫ ਕੁਝ ਖ਼ਾਸ ਮੌਕਿਆਂ ’ਤੇ ਹੀ ਅਜਿਹਾ ਹੋਇਆ ਸੀ, ਜਦ ਗਣਤੰਤਰ ਦਿਵਸ ਮੌਕੇ ਕਿਸੇ ਵਿਦੇਸ਼ੀ ਮੁੱਖ ਮਹਿਮਾਨ ਨੂੰ ਨਹੀਂ ਸੱਦਿਆ ਗਿਆ ਸੀ। ਆਖ਼ਰੀ ਵਾਰ 1966 ਵਿੱਚ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਨਹੀਂ ਬੁਲਾਇਆ ਗਿਆ। ਇਸ ਸਮੇਂ 11 ਜਨਵਰੀ ਨੂੰ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਦਿਹਾਂਤ ਤੋਂ ਬਾਅਦ 24 ਜਨਵਰੀ ਨੂੰ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਤੋਂ ਪਹਿਲਾਂ ਦੋ ਦਫ਼ਾ 1952 ਅਤੇ 1953 ਨੂੰ ਵੀ ਕਿਸੇ ਖ਼ਾਸ ਕਾਰਨਾਂ ਦੇ ਚੱਲਦਿਆਂ ਮੁੱਖ ਮਹਿਮਾਨ ਤੋਂ ਬਗੈਰ ਗਣਤੰਤਰ ਦਿਵਸ ਮਨਾਇਆ ਗਿਆ। 

ਯਾਦ ਰਹੇ ਜਦ ਪੂਰਾ ਵਿਸ਼ਵ ਪਲੇਗ ਦੀ ਮਹਾਂਮਾਰੀ ਨਾਲ ਜੂਝ ਰਿਹਾ ਸੀ ਤਾਂ ਵੀ ਭਾਰਤ ਵਿੱਚ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਨੂੰ ਸੱਦਾ ਭੇਜਿਆ ਗਿਆ ਸੀ ਅਤੇ ਵਿਦੇਸ਼ੀ ਮੁਖੀਆ ਨੇ ਬਤੌਰ ਮੁੱਖ ਮਹਿਮਾਨ ਗਣਤੰਤਰ ਦਿਵਸ ਮੌਕੇ ਸ਼ਿਰਕਤ ਵੀ ਕੀਤੀ ਸੀ। ਪਰ ਹੁਣ ਜਦ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਟੀਕਾ ਵੀ ਖੋਜ ਲਿਆ ਗਿਆ ਹੈ ਤਾਂ ਵੀ ਮੁੱਖ ਮਹਿਮਾਨ ਨਹੀਂ ਪਹੁੰਚ ਰਹੇ। ਕੁਝ ਸਿਆਸੀ ਮਾਹਰ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਦੀ ਗੌਰ ਮੌਜੂਦਗੀ ਨੂੰ ਕਿਸਾਨ ਅੰਦੋਲਨ ਨਾਲ ਵੀ ਜੋੜ ਕੇ ਦੇਖ ਰਹੇ ਹਨ। 

1955 ਵਿੱਚ ਪਹਿਲੀ ਵਾਰ ਰਾਜਪਥਤੇ ਕੀਤੀ ਗਈ ਪਰੇਡ 

ਦਿੱਲੀ ਵਿੱਚ 26 ਜਨਵਰੀ, 1950 ਨੂੰ ਪਹਿਲੀ ਗਣਤੰਤਰ ਦਿਵਸ ਪਰੇਡ ਰਾਜਪਥ ‘ਤੇ ਨਾ ਹੋ ਕੇ ਇਰਵਿਨ ਸਟੇਡੀਅਮ (ਅੱਜ ਦਾ ਨੈਸ਼ਨਲ ਸਟੇਡੀਅਮ) ਵਿਖੇ ਹੋਈ ਸੀ। ਉਦੋਂ ਦੇ ਇਰਵਿਨ ਸਟੇਡੀਅਮ ਦੇ ਚਾਰੇ ਪਾਸੇ ਚਾਰਦੀਵਾਰੀ ਨਾ ਹੋਣ ਕਰਕੇ ਉਸ ਦੇ ਪਿੱਛੇ ਪੁਰਾਣਾ ਕਿਲ੍ਹਾ ਸਾਫ਼ ਨਜ਼ਰ ਆਉਂਦਾ ਸੀ। ਸਾਲ 1950-1954 ਦੇ ਵਿਚਾਲੇ ਦਿੱਲੀ ਵਿੱਚ ਗਣਤੰਤਰ ਦਿਵਸ ਦਾ ਪ੍ਰੋਗਰਾਮ, ਕਦੀ ਇਰਵਿਨ ਸਟੇਡੀਅਮ, ਕਿੰਗਸਵੇ ਕੈਂਪ, ਲਾਲ ਕਿਲ੍ਹਾ ਤਾਂ ਕਦੀ ਰਾਮਲੀਲਾ ਮੈਦਾਨ ਵਿੱਚ ਕਰਾਇਆ ਜਾਂਦਾ ਰਿਹਾ। ਰਾਜਪਥ ’ਤੇ ਸਾਲ 1955 ਵਿੱਚ ਪਹਿਲੀ ਵਾਰ ਗਣਤੰਤਰ ਦਿਵਸ ਪਰੇਡ ਸ਼ੁਰੂ ਕੀਤੀ ਗਈ ਸੀ। 

1952 ਦੀ ਟਰੈਕਟਰ ਝਾਕੀ

ਸਾਲ 1952 ਤੋਂ ਬੀਟਿੰਗ ਰਿਟਰੀਟ ਦਾ ਪ੍ਰੋਗਰਾਮ ਸ਼ੁਰੂ ਹੋਇਆ ਸੀ। ਇਸ ਦਾ ਇੱਕ ਪ੍ਰੋਗਰਾਮ ਰੀਗਲ ਸਿਨੇਮਾ ਦੇ ਸਾਹਮਣੇ ਮੈਦਾਨ ਵਿੱਚ ਅਤੇ ਦੂਜਾ ਲਾਲ ਕਿਲ੍ਹੇ ਵਿੱਚ ਹੋਇਆ ਸੀ। ਫੌਜ ਦੇ ਬੈਂਡ ਨੇ ਪਹਿਲੀ ਵਾਰ ਮਹਾਤਮਾ ਗਾਂਧੀ ਦੇ ਮਨਪਸੰਦ ਗੀਤ ‘ਅਬਾਈਡ ਵਿਦ ਮੀ’ ਦੀ ਧੁਨ ਵਜਾਈ ਸੀ ਅਤੇ ਉਦੋਂ ਤੋਂ ਹਰ ਸਾਲ ਉਹੀ ਧੁਨ ਵਜਾਈ ਜਾਂਦੀ ਹੈ। 

ਇਸੇ ਪਰੇਡ ਵਿੱਚ ਕਿਸਾਨਾਂ ਦੇ ਟਰੈਕਟਰ ਵੀ ਸ਼ਾਮਲ ਕੀਤੇ ਗਏ ਸਨ। ਇਨ੍ਹਾਂ ਟਰੈਕਟਰਾਂ ਵਿੱਚ ਭਾਰਤੀ ਸੱਭਿਆਚਾਰ ਦੀ ਝਲਕ ਦਿਖਾਈ ਗਈ ਸੀ। ਉਸ ਵੇਲੇ ਟਰੈਕਟਰ ਰਾਇਸੀਨਾ ਹਿਲ ਤੋਂ ਲੈ ਕੇ ਰਾਜਪਥ ਅਤੇ ਜਨਪਥ ਤਕ ਉੱਤਰੇ ਸਨ। ਪੰਜਾਬ ਸਣੇ ਚਾਰ ਸੂਬਿਆਂ ਦੀਆਂ ਝਾਕੀਆਂ ਟਰੈਕਟਰਾਂ ਰਾਹੀਂ ਕੱਢੀਆਂ ਗਈਆਂ ਸਨ। ਉਨ੍ਹਾਂ ਟਰੈਕਟਰਾਂ ਨੂੰ ਵਿਸ਼ੇਸ਼ ਤੌਰ ’ਤੇ ਪੇਂਡੂ ਇਲਾਕਿਆਂ ਤੋਂ ਮੰਗਵਾਇਆ ਗਿਆ ਸੀ।

ਇਸ ਵਿੱਚ ਮਸ਼ੀਨ ਦਾ ਚਿੰਨ੍ਹ ਵੀ ਸ਼ਾਮਲ ਕੀਤਾ ਗਿਆ ਸੀ ਜੋ ਉਦਯੋਗਿਕ ਵਿਕਾਸ ਦਾ ਪ੍ਰਤੀਕ ਸੀ। ਇਸ ਤੋਂ ਇਲਾਵਾ ਟਰੈਕਟਰ ਝਾਕੀ ਵਿੱਚ ਸਫੈਦ ਕਬੂਤਰ ਨੂੰ ਵੀ ਦਰਸਾਇਆ ਗਿਆ ਸੀ। ਇਸ ਦਾ ਮਤਲਬ ਸੀ ਕਿ ਭਾਰਤ ਇੱਕ ਸ਼ਾਂਤੀ ਪਸੰਦ ਮੁਲਕ ਹੈ। 

ਕਿਸਾਨ ਇੰਝ ਕਰ ਰਹੇ ਹਨ 2021 ਦੀ ਗਣਤੰਤਰ ਪਰੇਡ ਦੀਆਂ ਤਿਆਰੀਆਂ 

ਸੋਸ਼ਲ ਮੀਡੀਆ ’ਤੇ ਖ਼ਾਸਕਰ ਪੰਜਾਬ ਤੇ ਹਰਿਆਣਾ ਤੋਂ 26 ਜਵਨਰੀ ਦੀ ਪਰੇਡ ਦੀ ਤਿਆਰੀ ਦੀਆਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਕਈ ਕਿਸਾਨ ਡੀਜ਼ਲ ਦਾ ਖ਼ਰਚਾ ਬਚਾਉਣ ਲਈ ਅਤੇ ਜ਼ਿਆਦਾ ਤੋੋਂ ਜ਼ਿਆਦਾ ਟਰੈਕਟਰ ਦਿੱਲੀ ਪਹੁੰਚਾਉਣ ਲਈ ਇੱਕ ਟਰਾਲੀ ਵਿੱਚ 2-2 ਟਰੈਕਟਰ ਲੱਦ ਕੇ ਦਿੱਲੀ ਲਿਜਾ ਰਹੇ ਹਨ। ਇਨ੍ਹਾਂ ਵਿੱਚ ਵੱਡੇ-ਵੱਡੇ ਟੀਨ ਡੀਜ਼ਲ ਨਾਲ ਭਰ ਕੇ ਨਾਲ ਲਿਆਂਦੇ ਗਏ ਹਨ ਤਾਂ ਜੋ ਡੀਜ਼ਲ ਭਰਵਾਉਣ ਦੀ ਸਮੱਸਿਆ ਨਾ ਆ ਸਕੇ। 

ਪਿੰਡ ਵਜੀਦਪੁਰ ਦੇ ਕਿਸਾਨ ਕਰਮਜੀਤ ਸਿੰਘ ਨੇ ਆਪਣੀ ਟਰਾਲੀ ‘ਤੇ ਦੋ ਲੱਖ ਰੁਪਏ ਖਰਚ ਕੇ ਉਸਨੂੰ ਬੱਸ ਦਾ ਰੂਪ ਦੇ ਦਿੱਤਾ ਹੈ ਤਾਂ ਜੋ ਹੱਡ-ਚੀਰਵੇਂ ਮੌਸਮ ਵਿੱਚ ਠੰਡ ਤੋਂ ਬਚਿਆ ਜਾਵੇ ਅਤੇ ਕੇਂਦਰ ਸਰਕਾਰ ਅੱਗੇ ਆਪਣੇ ਰੋਹ ਦਾ ਪ੍ਰਦਰਸ਼ਨ ਵੀ ਕੀਤਾ ਜਾ ਸਕੇ।

ਟਰਾਲੀ ਦੀ ਬਣਾਈ ਬੱਸ ਅਤੇ ਉਸ ਉੱਪਰ ਕਿਸਾਨੀ ਅਤੇ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਚਿੱਤਰ ਸਭ ਨੂੰ ਆਕਰਸ਼ਿਤ ਕਰ ਰਹੇ ਸਨ। ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਪੁਰਾਣੀ ਬੱਸ ਦਾ ਕੈਬਿਨ ਖਰੀਦਿਆ ਅਤੇ ਉਸ ਦੀ ਮੁਰੰਮਤ ਕਰਕੇ ਟਰਾਲੀ ਦੀ ਹੁੱਕ ਬਣਾ ਕੇ ਟਰੈਕਟਰ ਪਿੱਛੇ ਪਾ ਲਈ। 

ਕਿਸਾਨਾਂ ਨੇ ਪੁਲਿਸ ਦੇ ਤਸ਼ੱਦਦ ਤੋਂ ਬਚਣ ਲਈ ਬੈਰੀਕੇਡ ਦੇ ਟਾਕਰੇ ਲਈ ਵਿਸ਼ੇਸ਼ ਗਰਿੱਲ ਲਾ ਕੇ ਟਰੈਕਟਰ ਦੇ ਅੱਗੇ ਜੁਗਾੜ ਕੀਤਾ ਹੋਇਆ ਹੈ। ਅੱਥਰੂ ਗੈਸ ਦੇ ਗੋਲ਼ਿਆਂ ਤੋਂ ਬਚਣ ਲਈ ਵੀ ਪ੍ਰਬੰਧ ਕੀਤੇ ਗਏ ਹਨ। 

ਕਈ ਕਿਸਾਨ ਆਪਣੇ ਟਰੈਕਟਰਾਂ ਦੇ ਅੱਗੇ ਹੱਲ ਲਗਾ ਕੇ ਲਿਆਏ ਹਨ।

ਕਿਸਾਨਾਂ ਨੇ ਸਾਬਕਾ ਜਵਾਨਾਂ ਨਾਲ ਮਿਲ ਕੇ ਬਣਾਇਆ ਰੋਡਮੈਪ 

ਕੋਲਕਾਤਾ ਵਿੱਚ ਮੌਜੂਦ ਆਲ ਇੰਡੀਆ ਕਿਸਾਨ ਸੰਘਰਸ਼ ਅਤੇ ਤਾਲਮੇਲ ਕਮੇਟੀ ਦੇ ਮੈਂਬਰ ਯੋਗੇਂਦਰ ਯਾਦਵ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਾਬਕਾ ਸੈਨਿਕਾਂ ਨਾਲ ਮਿਲ ਕੇ ਉਨ੍ਹਾਂ ਨੇ ਇੱਕ ਰੋਡਮੈਪ ਤਿਆਰ ਕੀਤਾ ਹੈ, ਜਿਸ ਦੇ ਅਧਾਰ ’ਤੇ ਕੁਝ ਟਰੈਕਟਰ ਵਿਸ਼ੇਸ਼ ਤੌਰ ’ਤੇ ਪਰੇਡ ਲਈ ਤਿਆਰ ਕੀਤੇ ਜਾਣਗੇ। ਕੋਸ਼ਿਸ਼ ਇਹ ਹੈ ਕਿ ਜਿਸ ਤਰ੍ਹਾਂ ਰਾਜਪਥ ‘ਤੇ ਵੱਖ-ਵੱਖ ਸੂਬਿਆਂ ਦੀ ਝਾਕੀ ਸਾਹਮਣੇ ਆਉਂਦੀ ਹੈ, ਉਸੇ ਤਰ੍ਹਾਂ ਕਿਸਾਨਾਂ ਦੀ ਟਰੈਕਟਰ ਪਰੇਡ ਵਿੱਚ ਦੇਸ਼ ਦੇ ਹਰ ਸੂਬੇ ਦੀ ਘੱਟੋ-ਘੱਟ ਇੱਕ ਝਾਕੀ ਹੋਣੀ ਚਾਹੀਦੀ ਹੈ, ਜਿਸ ਵਿੱਚ ਉਹ ਉੱਥੋਂ ਦੇ ਕਿਸਾਨਾਂ ਦੀ ਸਥਿਤੀ ਉਜਾਗਰ ਕਰਨਗੇ।

ਕਿਸਾਨ ਆਗੂਆਂ ਮੁਤਾਬਕ ਜਿਸ ਤਰ੍ਹਾਂ ਲੋਕ ਗਣਤੰਤਰ ਦਿਵਸ ਦੀ ਪਰੇਡ ਵਿੱਚ ਝਾਕੀ ਦੇ ਨਾਲ ਚੱਲਦੇ ਹਨ, ਉਸੇ ਤਰ੍ਹਾਂ ਕਿਸਾਨਾਂ ਦੀ ਟਰੈਕਟਰ ਪਰੇਡ ਵਿੱਚ ਵੀ ਹਰ ਝਾਕੀ ਦੇ ਨਾਲ ਉਨ੍ਹਾਂ ਸੂਬਿਆਂ ਦੇ ਕਿਸਾਨ ਆਪੋ-ਆਪਣੇ ਪਹਿਰਾਵੇ ਵਿੱਚ ਟਰੈਕਟਰਾਂ ਦੇ ਨਾਲ ਚੱਲਣਗੇ। ਹਰ ਟਰੈਕਟਰ ‘ਤੇ ਤਿਰੰਗਾ ਝੰਡਾ ਅਤੇ ਕਿਸਾਨ ਜੱਥੇਬੰਦੀਆਂ ਦੇ ਝੰਡੇ ਲਗਾਏ ਜਾਣਗੇ। ਇਸ ਦੇ ਨਾਲ ਦੇਸ਼ ਭਗਤੀ ਦੇ ਗੀਤ ਵੀ ਚਲਾਏ ਜਾਣਗੇ। 

ਟਰੈਕਟਰ ਪਰੇਡ ਵਿੱਚ ਸਾਬਕਾ ਸੈਨਿਕਾਂ, ਤਗਮਾ ਜੇਤੂਆਂ, ਖਿਡਾਰੀਆਂ ਅਤੇ ਮਹਿਲਾਵਾਂ ਤੋਂ ਇਲਾਵਾ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਸ਼ਾਮਲ ਕਰਨ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ, ਪੂਰੀ ਦਿੱਲੀ ਦੇ ਲੋਕਾਂ ਨੂੰ ਇੱਕ ਖੁੱਲ੍ਹਾ ਸੱਦਾ ਦਿੱਤਾ ਜਾਵੇਗਾ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਆ ਕੇ ਸੜਕਾਂ ’ਤੇ ਆਉਣ ਅਤੇ ਟਰੈਕਟਰ ਪਰੇਡ ਤੇ ਕਿਸਾਨਾਂ ਦੀਆਂ ਝਾਕੀਆਂ ਵੇਖਣ। ਇਸ ਦੇ ਲਈ ਉਨ੍ਹਾਂ ਨੂੰ ਕੋਈ ਵੀਆਈਪੀ ਸੱਦਾ ਜਾਂ ਟਿਕਟ ਵੀ ਨਹੀਂ ਲੈਣੀ ਪਏਗੀ।

ਕਿਸਾਨ ਆਗੂਆਂ ਵੱਲੋਂ ਗਣਤੰਤਰ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਲਈ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਅਪੀਲ ਕੀਤੀ ਗਈ ਹੈ। 

ਟਰੈਕਟਰ ਪਰੇਡ ਦੇ ਰੂਟ 

ਕਿਸਾਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਕਿਸਾਨ ਏਕਤਾ ਮੋਰਚਾ ਤੋਂ ਇੱਕ ਨਕਸ਼ਾ ਸਾਂਝਾ ਕੀਤਾ ਗਿਆ ਹੈ। ਇਸ ਵਿੱਚ ਸਾਰੇ ਰੂਟਾਂ ਦੀ ਜਾਣਕਾਰੀ ਦਿੱਤੀ ਗਈ ਹੈ।

ਇਕ ਰੂਟ ਸਿੰਘੂ ਬਾਰਡਰ ਤੋਂ ਨਰੇਲਾ ਹੁੰਦਿਆਂ ਹੋਇਆਂ ਬਵਾਨਾ ਔਚੰਦੀ ਬਾਰਡਰ ਤਕ ਦੂਜਾ ਰੂਟ ਯੂਪੀ ਗੇਟ ਤੋਂ ਆਨੰਦ ਵਿਹਾਰ। ਤੀਜਾ ਰੂਟ ਡਾਸਨਾ ਹੁੰਦਿਆਂ ਹੋਇਆਂ ਕੁੰਡਲੀ-ਮਾਨੇਸਰ-ਪਲਵਲ ਯਾਨੀ ਕੇਐਮਪੀ ਐਕਸਪ੍ਰੈਸ ਵੇਅ ਤਕ ਚੌਥਾ ਰੂਟ ਚਿੱਲਾ ਬਾਰਡਰ ਤੋਂ ਗਾਜ਼ੀਪੁਰ ਬਾਰਡਰ ਹੁੰਦਿਆਂ ਹੋਇਆਂ ਪਲਵਲ ਤੱਕ। ਪੰਜਵਾਂ ਰੂਟ ਜੈ ਸਿੰਘ ਪੁਰ ਖੇੜਾ ਤੋਂ ਮਾਨੇਸਰ ਹੁੰਦਿਆਂ ਟਿੱਕਰੀ ਬਾਰਡਰ ਤਕ ਜਾਵੇਗਾ।

ਕਿਸਾਨ ਪਰੇਡ ਲਈ ਯੂਪੀ ਪੁਲਿਸ ਦਾ ਫ਼ੁਰਮਾਨ

ਗਣਤੰਤਰ ਦਿਵਸ ਵਾਲੇ ਦਿਨ ਕਿਸਾਨ ਰੈਲੀ ਲਈ ਯੂਪੀ ਪੁਲਿਸ ਦੀ ਇੱਕ ਫੁਰਮਾਨ ਕਰਕੇ ਕਾਫੀ ਫਜ਼ੀਹਤ ਹੋ ਰਹੀ ਹੈ। ਦਰਅਸਲ ਸੋਸ਼ਲ ਮੀਡੀਆ ’ਤੇ ਇੱਕ ਪੈਟਰੋਲ ਪੰਪ ਦੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੰਪ ’ਤੇ ਇੱਕ ਨੋਟ ਲਿਖਿਆ ਹੈ ਕਿ ਟਰੈਕਟਰ ਅਤੇ ਬੋਤਲ ਵਿੱਚ ਤੇਲ ਨਹੀਂ ਦਿੱਤਾ ਜਾਵੇਗਾ। ਯੂਪੀ ਪੁਲਿਸ ਦੇ ਹੁਕਮਾਂ ਮੁਤਾਬਕ ਇਹ ਨੋਟ ਲਾਏ ਗਏ ਹਨ। ਕਿਸਾਨਾਂ ਨੇ ਇਸ ਸਬੰਧੀ ਨੋਟਿਸ ਵੀ ਭੇਜਿਆ ਹੈ ਕਿ ਅਜਿਹਾ ਫ਼ਿਰਮਾਨ ਕਿਸ ਕਾਨੂੰਨ ਦੇ ਤਹਿਤ ਜਾਰੀ ਕੀਤਾ ਗਿਆ ਹੈ। 

ਪਰ ਯੂਪੀ ਪੁਲਿਸ ਦੇ ਇਸ ਫੁਰਮਾਨ ਤੋਂ ਬਾਅਦ ਵੀ ਕਿਸਾਨਾਂ ਦਾ ਹੌਂਸਲਾ ਨਹੀਂ ਟੁੱਟਾ। ਯੂਪੀ ਤੋਂ ਬਹੁਤ ਸਾਰੇ ਕਿਸਾਨ ਪੈਦਲ ਹੀ ਦਿੱਲੀ ਦੇ ਬਾਰਡਰਾਂ ’ਤੇ ਪਹੁੰਚ ਰਹੇ ਹਨ।  

ਨਾਸਿਕ ਤੋਂ ਉੱਠਿਆ ਕਿਸਾਨਾਂ ਦਾ ਹੜ੍ਹ 

ਐਤਵਾਰ ਨੂੰ ਆਲ ਇੰਡੀਆ ਕਿਸਾਨ ਸਭਾ ਦੇ ਬੈਨਰ ਹੇਠ ਨਾਸਿਕ ਤੋਂ ਹਜ਼ਾਰਾਂ ਕਿਸਾਨਾਂ ਨੇ ਪੈਦਲ ਚੱਲ ਕੇ ਮੁੰਬਈ ਵੱਲ ਕੂਚ ਕੀਤਾ। ਇਹ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਮਾਰਚ ਕਰ ਰਹੇ ਹਨ। ਇਹ ਕਿਸਾਨ 24 ਦੀ ਰਾਤ ਨੂੰ ਆਜ਼ਾਦ ਮੈਦਾਨ ਵਿੱਚ ਰੁਕਣਗੇ ਅਤੇ ਕੱਲ੍ਹ 25 ਜਨਵਰੀ ਨੂੰ ਦੁਪਹਿਰ ਰਾਜਪਾਲ ਭਵਨ ਦਾ ਘਿਰਾਓ ਕੀਤਾ ਜਾਵੇਗਾ।

ਇਸ ਮਾਰਚ ਦੀ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੈ ਅਤੇ ਲੋਕ ਇਸ ਨੂੰ ਖੂਬ ਸ਼ੇਅਰ ਕਰ ਰਹੇ ਹਨ। ਆਜ਼ਾਦ ਮੈਦਾਨ ਵਿੱਚ ਸ਼ਾਮ ਵੇਲੇ ਇਨ੍ਹਾਂ ਕਿਸਾਨਾਂ ਵੱਲੋਂ ਆਪਣੇ ਸੱਭਿਆਚਾਰ ਦੀ ਤਸਵੀਰ ਵੀ ਪੇਸ਼ ਕੀਤੀ ਗਈ।