ਬਿਉਰੋ ਰਿਪੋਰਟ : ਪੋਸਟਮਾਰਮਟ ਤੋਂ ਬਾਅਦ ਸ਼ੁਭਕਰਨ ਦੀ ਮੌਤ ਨੂੰ ਲੈਕੇ ਵੱਡਾ ਖੁਲਾਸਾ ਹੋਇਆ ਹੈ । ਉਸ ਦੀ ਮੌਤ ਸਿਰਫ਼ ਸਿਰ ਵਿੱਚ ਲੱਗੀ ਇੱਕ ਗੋਲੀ ਕਰਕੇ ਨਹੀਂ ਹੋਈ ਬਲਕਿ ਉਸ ਦੇ ਸਿਰ ਵਿੱਚ ਪੈਲੇਟ ਗੰਨ ਦੇ ਕਈ ਮੈਟਲ ਮਿਲੇ ਹਨ । ਹਿੰਦੂਸਤਾਨ ਟਾਈਮਸ ਦੀ ਰਿਪੋਰਟ ਦੇ ਮੁਤਾਬਿਕ ਸ਼ੁਭਕਰਨ ਦੇ ਸਿਰ ਦਾ ਜਦੋਂ CT ਸਕੈਨ ਹੋਇਆ ਤਾਂ ਉਸ ਦੇ ਸਿਰ ਵਿੱਚ ਕਈ ਪੈਲੇਟ ਮਿਲੇ ਸਨ । ਇਹ ਉਹ ਹੀ ਪੈਲੇਟ ਗੰਨ ਦੇ ਛਰੇ ਸਨ ਜੋ ਕਈ ਕਿਸਾਨਾਂ ਦੇ ਸਰੀਰ ਤੋਂ ਮਿਲੇ ਸਨ,ਜਿਸ ਨਾਲ ਕਈ ਕਿਸਾਨ ਜਖਮੀ ਹੋਏ ਸਨ । ਪੋਸਟਮਾਰਟਮ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਸ਼ੁਭਕਰਨ ਦੀ ਖੋਪੜੀ ਦੇ ਸਭ ਤੋਂ ਪਿਛਲੇ ਹਿੱਸੇ ਵਿੱਚ ਸ਼ੱਟ ਦੇ ਨਿਸ਼ਾਨ ਹਨ,ਜਦਕਿ ਸਰੀਰ ਦੇ ਕਿਸੇ ਹੋਰ ਹਿੱਸੇ ਵਿੱਚ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ । ਡਾਕਟਰਾਂ ਦਾ ਦਾਅਵਾ ਹੈ ਕਿ ਅਸੀਂ ਰਿਪੋਰਟ ਪੁਲਿਸ ਨੂੰ ਸੌਂਪ ਦਿੱਤੀ ਹੈ,ਪਰ ਅਧਿਕਾਰੀ ਹੁਣ ਵੀ ਇਸ ਰਿਪੋਰਟ ਨੂੰ ਲੈਕੇ ਕੁਝ ਵੀ ਜਾਣਕਾਰੀ ਸਾਂਝੀ ਕਰਨ ਤੋਂ ਪਰਹੇਜ਼ ਕਰ ਰਹੇ ਹਨ ।
ਡਾਕਟਰਾਂ ਮੁਤਾਬਿਕ ਸ਼ੁਭਕਰਨ ਦੇ ਸਿਰ ਤੋਂ ਪੈਲੇਟ ਦੇ ਜਿਹੜੇ ਮੈਟਲ ਦੇ ਛਰੇ ਮਿਲੇ ਹਨ ਉਹ ਵੀ ਪੁਲਿਸ ਨੂੰ ਸੌਂਪ ਦਿੱਤੇ ਗਏ ਹਨ । ਜਿਸ ਨੂੰ ਹੁਣ ਬੈਲਸਟਿਕ ਮਾਹਿਰ (Ballistic Experts) ਕੋਲ ਭੇਜਿਆ ਜਾਵੇਗਾ ਤਾਂਕੀ ਉਹ ਇਸ ਚੀਜ਼ ਦਾ ਪਤਾ ਲੱਗਾ ਸਕਣ ਜਿਸ ਹਥਿਆਰ ਤੋਂ ਇਹ ਫਾਇਰ ਕੀਤੇ ਗਏ ਹਨ ।
ਹਿੰਦੂਸਤਾਨ ਟਾਈਮ ਦੀ ਰਿਪੋਟਰ ਦੇ ਮੁਤਾਬਿਕ ਸ਼ੁਭਕਰਨ ਦੇ ਕੇਸ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ ਪੋਸਟਮਾਰਟਮ ਰਿਪੋਰਟ ਨਹੀਂ ਪੜੀ ਹੈ। ਉਧਰ ਹਰਿਆਣਾ ਦੇ ਪਾਸੇ ਗੜੀ ਪੁਲਿਸ ਸਟੇਸ਼ਨ ਦੇ ਅਫਸਰ ਸੁਰੇਮ ਕੁਮਾਰ ਨੇ ਵੀ ਕਿਹਾ ਅਸੀਂ ਪੋਸਟਮਾਰਟਮ ਰਿਪੋਰਟ ਨਹੀਂ ਵੇਖੀ ਹੈ,ਮਿਲਣ ਤੋਂ ਬਾਅਦ ਹੀ ਇਸ ‘ਤੇ ਜਵਾਬ ਦੇਵਾਂਗੇ ।
28 ਤਰੀਕ ਦੇਰ ਰਾਤ ਸ਼ੁਭਕਰਨ ਦੇ ਕਾਤਲਾ ਖਿਲਾਫ ਜ਼ੀਰੋ FIR ਦਰਜ ਕਰਕੇ ਉਸ ਦਾ ਪੋਸਟਮਾਰਟਮ ਕੀਤਾ ਗਿਆ ਸੀ । ਹਾਲਾਂਕਿ ਇਸ ਵਿੱਚ ਕਾਤਲਾਂ ਦਾ ਨਾਂ ਅਣਪਛਾਤੇ ਲਿਖਿਆ ਗਿਆ ਸੀ । ਜਿਸ ਨੂੰ ਲੈਕੇ ਕਿਸਾਨ ਆਗੂ ਅਤੇ ਸਿਆਸਤਦਾਨਾਂ ਨੇ ਵੀ ਕਰੜਾ ਇਤਰਾਜ਼ ਜ਼ਾਹਿਰ ਕੀਤਾ ਸੀ । ਬੀਤੇ ਦਿਨ ਪੰਜਾਬ ਹਰਿਆਣਾ ਹਾਈਕੋਰਟ ਨੇ ਪੈਲੇਟ ਗੰਨ ਨਾਲ ਕਿਸਾਨਾਂ ਨੂੰ ਨਿਸ਼ਾਨਾ ਬਣਾਉਣ ਅਤੇ ਸ਼ੁਭਕਰਨ ਦੇ ਪੋਸਟਮਾਰਟਮ ਵਿੱਚ ਹੋਈ ਦੇਰੀ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਤਗੜੀ ਝਾੜ ਲਗਾਈ ਸੀ ।
ਹਾਈਕੋਰਟ ਦੇ ਚੀਫ ਜਸਟਸਿ ਗੁਰਮੀਤ ਸਿੰਘ ਸੰਧਾਵਾਲੀਆ ਦੀ ਡਬਲ ਬੈਂਚ ਨੇ ਹਰਿਆਣਾ ਨੂੰ ਕਿਹਾ ਤੁਸੀਂ ਸਰਕਾਰ ਹੋ ਨਾ ਕਿ ਅਤਿਵਾਦੀ ਜੋ ਇਸ ਤਰ੍ਹਾਂ ਕਿਸਾਨਾਂ ‘ਤੇ ਗੋਲੀਆਂ ਚੱਲਾਇਆ । ਅਦਾਲਤ ਨੇ ਕਿਹਾ ਸ਼ੁਭਕਰਨ ਦੀ ਮੌਤ ਨੂੰ ਲੈਕੇ ਜਿਹੜੀ ਨਿਆਂਇਕ ਜਾਂਚ ਦੀ ਮੰਗ ਕੀਤੀ ਗਈ ਹੈ ਤੁਸੀਂ ਉਸ ‘ਤੇ ਜਵਾਬ ਦਿਉ । ਇਸ ਦੇ ਨਾਲ ਅਦਾਲਤ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਸ਼ੁਭਕਰਨ ਦੀ ਲਾਸ਼ ਨੂੰ ਇੱਕ ਹਫਤੇ ਤੱਕ ਰੱਖਿਆ ਹੋਇਆ ਸੀ ਤੁਸੀਂ ਜਾਂਚ ਸ਼ੁਰੂ ਕਿਉਂ ਨਹੀਂ ਕੀਤੀ ? ਜੇ ਮੌਤ ਕੁਦਰਤੀ ਨਹੀਂ ਸੀ ਤਾਂ ਪੋਸਟਮਾਰਟਮ ਅਤੇ FIR ਦਰਜ ਕਰਨ ਵਿੱਚ ਇੰਨੀ ਦੇਰੀ ਕਿਉਂ ਹੋਈ ? ਇਸ ‘ਤੇ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਬੀਤੇ ਦਿਨੀਂ FIR ਦਰਜ ਕੀਤੀ ਗਈ,ਪੋਸਟਮਾਰਟਮ ਕੀਤਾ ਗਿਆ ਹੈ। ਅਦਾਲਤ ਨੇ ਮੁੜ ਤੋਂ ਸਖਤੀ ਨਾਲ ਕਿਹਾ ਰਿਪੋਰਟ ਆਉਣ ਤੋਂ ਬਾਅਦ ਅਸੀਂ ਇਸ ਮਾਮਲੇ ਵਿੱਚ ਜ਼ਰੂਰੀ ਹੁਕਮ ਜਾਰੀ ਕਰਾਂਗੇ।