International

ਅਮਰੀਕਾ ਦੇ ਅਲਬਾਮਾ ‘ਚ ਸਿੱਖ ਰਾਗੀ ਦਾ ਗੁਰਦੁਆਰੇ ਦੇ ਬਾਹਰ ਅਣਪਛਾਤਿਆਂ ਨੇ ਕੀਤਾ ਇਹ ਹਾਲ…

Murder of Sikh Ragi in Alabama, USA, attackers shot outside the Gurdwara

ਅਮਰੀਕਾ ਵਿੱਚ ਭਾਰਤੀਆਂ ਦੀਆਂ ਮੌਤਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ।  ਇਸੇ ਦੌਰਾਨ ਅਮਰੀਕਾ ਵਿਚ ਇਕ ਰਾਗੀ ਸਿੰਘ ਦਾ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 29 ਸਾਲਾ ਰਾਜ ਸਿੰਘ ਵਜੋਂ ਹੋਈ ਹੈ। ਰਾਜ ਸਿੰਘ ਯੂ ਪੀ ਦੇ ਬਿਜਨੌਰ ਦਾ ਰਹਿਣ ਵਾਲਾ ਸੀ ਤੇ ਪਿਛਲੇ ਡੇਢ ਸਾਲ ਤੋਂ  ਅਮਰੀਕਾ ਵਿਚ ਕੀਰਤਨੀ ਜੱਥੇ ਨਾਲ ਜੁੜਿਆ ਹੋਇਆ ਹੈ। ਮ੍ਰਿਤਕ ਦੇ ਪਰਿਵਾਰ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਇਹ ਘਟਨਾ ਨਫਰਤ ਭਰੇ ਅਪਰਾਧ ਦਾ ਹਿੱਸਾ ਹੋ ਸਕਦੀ ਹੈ।

ਜਾਣਕਾਰੀ ਮੁਤਾਬਕ ਸ਼ਨੀਵਾਰ (24 ਫਰਵਰੀ) ਨੂੰ ਅਮਰੀਕਾ ਦੇ ਅਲਬਾਮਾ ਰਾਜ ਦੇ ਸੇਲਮਾ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਾਜ ਸਿੰਘ ਉਰਫ਼ ਗੋਲਡੀ, ਜੋ ਯੂਪੀ ਦੇ ਬਿਜਨੌਰ ਜ਼ਿਲ੍ਹੇ ਦੇ ਪਿੰਡ ਟਾਂਡਾ ਸਾਹੂਵਾਲਾ ਦਾ ਰਹਿਣ ਵਾਲਾ ਹੈ, ਇੱਕ ਰਾਗੀ (ਸੰਗੀਤਕਾਰ) ਸੀ ਜੋ ਡੇਢ ਸਾਲ ਤੋਂ ਆਪਣੇ ਸੰਗੀਤਕ ਗਰੁੱਪ ਨਾਲ ਅਮਰੀਕਾ ਵਿੱਚ ਸੀ।
ਗੋਲਡੀ ਗੁਰਦੁਆਰੇ ਦੇ ਬਾਹਰ ਖੜ੍ਹਾ ਸੀ ਜਦੋਂ ਅਣਪਛਾਤੇ ਹਮਲਾਵਰਾਂ ਨੇ ਉਸ ਦੇ ਪੇਟ ਵਿੱਚ ਗੋਲੀ ਮਾਰ ਦਿੱਤੀ। ਉਸ ਦੇ ਪਰਿਵਾਰ ਨੂੰ ਐਤਵਾਰ ਨੂੰ ਉਸ ਦੀ ਮੌਤ ਦੀ ਖ਼ਬਰ ਮਿਲੀ।

ਮ੍ਰਿਤਕ ਦੇ ਜੀਜਾ ਗੁਰਦੀਪ ਸਿੰਘ ਨੇ ਟਾਈਮਜ਼ ਆਫ਼ ਇੰਡੀਆ ਦੇ ਹਵਾਲੇ ਨਾਲ ਕਿਹਾ “ਸਾਨੂੰ ਰਿਸ਼ਤੇਦਾਰਾਂ ਦੁਆਰਾ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ। ਪੰਜ ਦਿਨ ਹੋ ਗਏ ਹਨ, ਅਤੇ ਉਸਦਾ ਪੋਸਟਮਾਰਟਮ ਹੋਣਾ ਬਾਕੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਨਫ਼ਰਤੀ ਅਪਰਾਧ ਦਾ ਮਾਮਲਾ ਹੋ ਸਕਦਾ ਹੈ। ਰਾਜ ਸਿੰਘ ਡੇਢ ਸਾਲ ਪਹਿਲਾਂ ਹੀ ਅਮਰੀਕਾ ਗਏ। ਉਹ ਇੱਕ ਸੰਗੀਤਕਾਰ ਸਨ ਅਤੇ ਆਪਣੇ ਮਿਊਜ਼ਿਕਲ ਗਰੁੱਪ ਨਾਲ ਰਹਿ ਰਹੇ ਸਨ। ਉਨ੍ਹਾਂ ਦਾ ਪਰਿਵਾਰ ਭਾਰਤ ਸਰਕਾਰ ਤੋਂ ਲਾਸ਼ ਨੂੰ ਉੱਤਰ ਪ੍ਰਦੇਸ਼ ਲਿਆਉਣ ਲਈ ਮਦਦ ਦੀ ਮੰਗ ਕਰ ਰਿਹਾ ਹੈ।

ਫਰਵਰੀ ਵਿੱਚ ਕਿਸੇ ਭਾਰਤੀ ਦੀ ਮੌਤ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ 15 ਫਰਵਰੀ ਨੂੰ ਅਲਬਾਮਾ ਵਿੱਚ ਹੀ ਇੱਕ ਗਾਹਕ ਨੇ ਭਾਰਤੀ ਮੂਲ ਦੇ ਹੋਟਲ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਕ ਕਮਰੇ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਸੀ।